ਚੰਡੀਗੜ੍ਹ – ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 26 ਤੋਂ 2 ਫ਼ਰਵਰੀ ਤੱਕ ਪੰਜ ਰੋਜ਼ਾ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਕਰਵਾਈ ਜਾ ਰਹੀ ਹੈ। ਪੰਜ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ’ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 1000 ਤੋਂ ਵੱਧ ਖਿਡਾਰੀ ਸ਼ਮੂਲੀਅਤ ਕਰਨਗੇ। ਅੱਜ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਗਮ ਦੌਰਾਨ ਪੰਜਾਬ ਦੇ ਖੇਡਾਂ, ਯੂਵਕ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਇਸ ਮੌਕੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰੈਜੀਡੈਂਟ ਭੁਪਿੰਦਰ ਸਿੰਘ ਬਾਜਵਾ, ਅਰਜੁਨ ਐਵਾਰਡੀ ਅਤੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਵਾਈਸ ਪ੍ਰੈਜੀਡੈਂਟ ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ) ਅਤੇ ਆਈ.ਟੀ.ਬੀ ਦੇ ਆਈ.ਜੀ ਪੀ.ਐਸ ਪਾਪਤਾ (ਆਈ.ਪੀ.ਐਸ) ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ।
ਇਸ ਦੌਰਾਨ ਅਰਜੁਨ ਐਵਾਰਡੀ ਪੂਜਾ ਕਾਦੀਆਂ, ਬਿਮੋਲਜੀਤ ਸਿੰਘ ਅਤੇ ਸੰਧਿਆ ਰਾਣੀ ਦੇਵੀ ਅਤੇ ਦਰੋਣਾਚਾਰੀਆ ਐਵਾਰਡੀ ਅਤੇ ਭਾਰਤੀ ਵੁਸ਼ੂ ਟੀਮ ਦੇ ਕੋਚ ਕੁਲਦੀਪ ਹਾਂਡੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।
ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਸੀ.ਈ.ਓ ਸੋਹਿਲ ਅਹਿਮਦ ਨੇ ਦੱਸਿਆ ਕਿ ਪੰਜ ਦਿਨ ਚੱਲਣ ਵਾਲੀ 29ਵੀਂ ਰਾਸ਼ਟਰੀ ਪੁਰਸ਼ ਅਤੇ ਮਹਿਲਾ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਦੇਸ਼ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 32 ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਨੂੰ ਤਾਲੂ ਅਤੇ ਸਾਂਡਾ ਸ਼੍ਰੇਣੀਆਂ ਤਹਿਤ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੁਸ਼ੂ ਦੇ ਸਾਂਡਾ ਮੁਕਾਬਲਿਆਂ ਤਹਿਤ ਲੜਕਿਆਂ ਦੀਆਂ ਟੀਮਾਂ 11 ਵੱਖ-ਵੱਖ ਭਾਰ ਵਰਗਾਂ ਅਧੀਨ ਖੇਡਣਗੀਆਂ ਜਦਕਿ ਲੜਕੀਆਂ 8 ਵੱਖ-ਵੱਖ ਭਾਰ ਵਰਗ ਅਧੀਨ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਸ਼੍ਰੀ ਸੋਹਿਲ ਨੇ ਦੱਸਿਆ ਕਿ ਤਾਲੂ ਮੁਕਾਬਲਿਆਂ ਤਹਿਤ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ 23 ਵੱਖ-ਵੱਖ ਈਵੰਟ ਅਧੀਨ ਖੇਡੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੌਰਾਨ ਆਈ.ਟੀ.ਬੀ.ਪੀ, ਬੀ.ਐਸ.ਐਫ਼, ਆਲ ਇੰਡੀਆ ਪੁਲਿਸ ਸਰਵਿਸਿਜ਼ ਅਤੇ ਐਸ.ਐਸ.ਬੀ ਦੀਆਂ ਟੀਮਾਂ ਵੀ ਸ਼ਿਰਕਤ ਕਰਨਗੀਆਂ।
ਇਸ ਸਬੰਧੀ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕਿਹਾ ਕਿ ਪੰਜ ਰੋਜ਼ਾ ਮੁਕਾਬਲਿਆਂ ਲਈ ’ਵਰਸਿਟੀ ਵੱਲੋਂ ਖਿਡਾਰੀਆਂ ਦੇ ਰਹਿਣ-ਸਹਿਣ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲੋੜੀਂਦੇ ਮੈਡੀਕਲ ਪ੍ਰਬੰਧ ਵੀ ਯਕੀਨੀ ਬਣਾਏ ਗਏ ਹਨ।