ਨਵੀਂ ਦਿੱਲੀ : 26 ਜਨਵਰੀ ਨੂੰ ਟਰੈਕਟਰ ਪਰੇਡ ਤੋਂ ਬਾਅਦ ਦਿੱਲੀ ‘ਚ ਕਥਿਤ ਤੌਰ ‘ਤੇ ਫਿਰਕੂ ਤਨਾਅ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਇਨ੍ਹਾਂ ਨੂੰ ਨੱਪਣ ‘ਚ ਨਾਕਾਮ ਰਹੇ ਪੁਲਿਸ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਖਿਲਾਫ਼ ਹੁਣ ਕਰੜੀ ਕਾਰਵਾਈ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਇਸ ਬਾਬਤ ਦਾਅਵਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਬਾਰੇ ਦਿੱਲੀ ਸਰਕਾਰ ਦੇ ਮੁਖ ਸਕੱਤਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਆਦੇਸ਼ ਜਾਰੀ ਕਰਨ ਦੀ ਜਾਣਕਾਰੀ ਦਿੱਤੀ ਹੈ।
ਜੀਕੇ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ 30 ਜਨਵਰੀ 2021 ਨੂੰ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਦਿੱਲੀ ਵਿੱਖੇ 26 ਜਨਵਰੀ ਤੋਂ 29 ਜਨਵਰੀ ਤਕ ਫਿਰਕੂ ਤਣਾਅ ਪੈਦਾ ਕਰਨ ਦਾ ਕਾਰਨ ਬਣੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੱਤਰ ਲਿਖਿਆ ਗਿਆ ਸੀ। ਜਿਸ ‘ਚ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਕਸਾਵਾ ਭਰਪੂਰ ਨਾਹਰੇਬਾਜ਼ੀ ਕਰਦੇ ਹੋਏ ਕੱਢਿਆ ਗਿਆ ਮਾਰਚ, ਗੁਰੂ ਤੇਗ ਬਹਾਦਰ ਯਾਦਗਾਰ ਦੇ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨਤੋੜ, ਸਿੰਘੂ ਬਾਰਡਰ ਵਿੱਖੇ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਨਾਲ ਦਿੱਲੀ ਪੁਲਿਸ ਦੇ 8-10 ਜਵਾਨਾਂ ਵੱਲੋਂ ਬੁਰੀ ਤਰ੍ਹਾਂ ਨਾਲ ਕੀਤੀ ਗਈ ਕੁੱਟ-ਮਾਰ, ਬੁਰਾੜੀ ਮੈਦਾਨ ‘ਚ ਕਿਸਾਨਾਂ ਨੂੰ ਮਨਜੂਰੀ ਦੇਣ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਦੇ ਤੰਬੂ ਪੁੱਟਣ ਦੇ ਆਦੇਸ਼ ਦੇਣ ਉਪਰੰਤ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉਪਰ ਕੀਤਾ ਗਿਆ ਲਾਠੀਚਾਰਜ਼ ਸਣੇ ਦਿੱਲੀ ਸਰਕਾਰ ਦੇ ਡੀ.ਐਮ. ਅਤੇ ਐਸ.ਡੀ.ਐਮ. ਵੱਲੋਂ ਕਿਸਾਨਾਂ ਦੇ ਉਪਰ ਪੱਥਰਾਵ ਕਰਨ ਵਾਲੇ ਲੋਕਾਂ ਖਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਹਵਾਲਾ ਦਰਜ਼ ਸੀ।
ਜੀਕੇ ਨੇ ਦੱਸਿਆ ਕਿ ਮੇਰੇ ਪੱਤਰ ‘ਤੇ ਕਾਰਵਾਈ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁਖ ਸਕੱਤਰ ਅਤੇ ਪੁਲਿਸ ਕਮਿਸ਼ਨਰ ਨੂੰ ਮੇਰੇ ਵੱਲੋਂ ਦਿੱਤੀ ਗਈ ਸ਼ਿਕਾਇਤ ਉਪਰ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਸ਼ਿਕਾਇਤ ਉਪਰ ਚੁੱਕੇ ਜਾ ਰਹੇ ਕਦਮਾਂ ਬਾਰੇ ਸ਼ਿਕਾਇਤਕਰਤਾ ਨੂੰ ਸਿੱਧੇ ਤੌਰ ‘ਤੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਹੈ। ਜੀਕੇ ਨੇ ਕਿਹਾ ਕਿ ਮੇਰੇ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਨਾਲ ਅਸੀਂ ਤਿੰਨ ਵੀਡੀਓ ਵੀ ਨਾਲ ਨੱਥੀਂ ਕੀਤੀਆਂ ਸਨ। ਜਿਸ ‘ਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਨਿਕਲੇ ਮਾਰਚ, ਨਿਜ਼ੀ ਟੀਵੀ ਚੈਨਲ ਵੱਲੋਂ ਕਿਸਾਨਾਂ ‘ਤੇ ਸਿੰਘੂ ਬਾਰਡਰ ਵਿੱਖੇ ਹੋਏ ਪਥਰਾਵ ਦੌਰਾਨ ਤਮਾਸ਼ਬੀਨ ਬਣਕੇ ਖੜ੍ਹੀ ਦਿੱਲੀ ਪੁਲਿਸ ਦੀ ਚਲਾਈ ਗਈ ਖ਼ਬਰ ਅਤੇ ਰਣਜੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ‘ਚ ਲੈਣ ਦੌਰਾਨ ਕੇਸ਼ਾਂ ਅਤੇ ਦਸਤਾਰ ਦੀ ਕੀਤੀ ਗਈ ਬੇਅਦਬੀ ਦੀਆਂ ਵੀਡੀਓ ਸ਼ਾਮਲ ਸਨ। ਜੀਕੇ ਨੇ ਲਲਕਾਰਦੇ ਹੋਏ ਕਿਹਾ ਕਿ ਸਿੱਖਾਂ ਨਾਲ ਪੰਗਾਂ ਲੈਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਉਸਦੀ ਕੀਤੀ ਗਈ ਕਰਨੀ ਦਾ ਫ਼ਲ ਦਿਵਾਉਣ ਲਈ ਜਾਗੋ ਪਾਰਟੀ ਵੱਚਨਬੱਧ ਹੈ। ਇਸ ਲਈ ਗੰਭੀਰ ਮੁੱਦਿਆਂ ‘ਤੇ ਗੰਭੀਰਤਾ ਦੇ ਨਾਲ ਨਜਿੱਠਣਾ ਸਾਡੀ ਪਹਿਲ ਰਹੇਗੀ। ਉਸਦੇ ਲਈ ਜੋ ਵੀ ਹੀਲਾ ਵਰਤਣਾ ਪਿਆ, ਅਸੀਂ ਸੰਕੋਚ ਨਹੀਂ ਕਰਾਂਗੇ।