ਫ਼ਤਹਿਗੜ੍ਹ ਸਾਹਿਬ – “ਜਦੋਂ ਸਮੁੱਚੇ ਮੁਲਕ ਦੇ ਕਿਸਾਨਾਂ-ਮਜ਼ਦੂਰਾਂ, ਟਰਾਸਪੋਰਟਰਾਂ, ਆੜਤੀਆਂ, ਵਪਾਰੀਆਂ, ਕਾਰੋਬਾਰੀਆਂ ਆਦਿ ਦੇ ਜੀਵਨ ਨਾਲ ਸੰਬੰਧਤ ਇਸ ਮੁਲਕ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਦੋਂ ਫ਼ਸਲਾਂ-ਨਸ਼ਲਾਂ, ਸਿੱਖੀ ਵਿਰਸੇ-ਵਿਰਾਸਤ ਅਤੇ ਸਿੱਖ ਕੌਮ ਦੀ ਹੋਂਦ ਦਾ ਗੰਭੀਰ ਮਸਲਾਂ ਉਤਪੰਨ ਹੋ ਚੁੱਕਾ ਹੈ, ਤਾਂ ਹੁਣ ਸਮੁੱਚੇ ਮੁਲਕ ਦੇ ਕਿਸਾਨਾਂ, ਨੌਜ਼ਵਾਨਾਂ, ਮਜ਼ਦੂਰਾਂ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੂੰ ਛੋਟੇ-ਮੋਟੇ ਆਪਣੇ ਵਿਚਾਰਿਕ ਵੱਖਰੇਵਿਆ ਤੋਂ ਉਪਰ ਉੱਠਕੇ ਕੇਵਲ ਤੇ ਕੇਵਲ ਚੱਲ ਰਹੇ ਕਿਸਾਨ ਮੋਰਚੇ ਦੀ ਮੰਜ਼ਿਲ ਨੂੰ ਹਰ ਕੀਮਤ ਤੇ ਪ੍ਰਾਪਤ ਕਰਨ ਲਈ ਸਮੂਹਿਕ ਤੌਰ ਤੇ ਸਾਂਝੇ ਉਦਮ ਕਰਨੇ ਬਣਦੇ ਹਨ । ਤਾਂ ਕਿ ਹੁਕਮਰਾਨ ਅਤੇ ਫਿਰਕੂ ਲੋਕ ਸੰਘਰਸ਼ੀਲ ਧਿਰਾਂ ਵਿਚ ਵਖਰੇਵੇ ਪੈਦਾ ਕਰਕੇ ਸਾਡੀ ਵੱਡੀ ਸ਼ਕਤੀ ਨੂੰ ਕਿਸੇ ਤਰ੍ਹਾਂ ਢਾਹ ਲਗਾਉਣ ਵਿਚ ਕਾਮਯਾਬ ਨਾ ਹੋ ਸਕਣ ਅਤੇ ਅਸੀਂ ਆਪਣੀ ਮੰਜ਼ਿਲ-ਏ-ਮਕਸੂਦ ਨੂੰ ਘੱਟ ਤੋਂ ਘੱਟ ਨੁਕਸਾਨ ਅਤੇ ਵੱਡੀ ਤੋਂ ਵੱਡੀ ਪ੍ਰਾਪਤੀ ਕਰਨ ਵਿਚ ਕਾਮਯਾਬ ਹੋ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਉਤਰਾਅ-ਚੜ੍ਹਾਅ ਅਤੇ ਪੰਜਾਬ ਵਿਚ ਤੇਜ਼ੀ ਨਾਲ ਨੌਜ਼ਵਾਨੀ ਵਿਚ ਆਪਣੀ ਹੋਂਦ, ਵਿਰਸੇ-ਵਿਰਾਸਤ ਨੂੰ ਲੈਕੇ ਪਾਈ ਜਾ ਰਹੀ ਸੰਜ਼ੀਦਗੀ ਸੰਬੰਧੀ ਸਮੁੱਚੀਆਂ ਅੰਦੋਲਨ ਵਿਚ ਹਿੱਸਾ ਪਾਉਣ ਵਾਲੀਆ ਧਿਰਾਂ ਨੂੰ ਤੁਰੰਤ ਇਕ-ਦੂਸਰੇ ਵਿਰੁੱਧ ਛੋਟੇ-ਮੋਟੇ ਵੱਖਰੇਵਿਆ ਸੰਬੰਧੀ ਬਿਆਨਬਾਜ਼ੀ ਬੰਦ ਕਰਕੇ ਆਪਣੇ ਨਿਸ਼ਾਨੇ ਉਤੇ ਦ੍ਰਿੜਤਾ ਪੂਰਵਕ ਕੇਦਰਿਤ ਹੋਣ ਅਤੇ ਦੂਰਅੰਦੇਸ਼ੀ ਨਾਲ ਆਪਣੀ ਮੰਜਿਲ ਵੱਲ ਵੱਧਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਕਿਸਾਨ ਅੰਦੋਲਨ ਮੋਦੀ ਹਕੂਮਤ ਅਤੇ ਕਾਰਪੋਰੇਟ ਘਰਾਣਿਆ ਦੀ ਇਕ ਵੱਡੀ ਸਾਜ਼ਿਸ ਦੇ ਸਾਹਮਣੇ ਆਉਣ ਦੀ ਬਦੌਲਤ ਹੁਕਮਰਾਨਾਂ ਵੱਲੋਂ ਬਣਾਏ ਗਏ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਖ਼ਤਮ ਕਰਵਾਉਣ, ਐਮ.ਐਸ.ਪੀ. ਸੰਬੰਧੀ ਕਾਨੂੰਨ ਨੂੰ ਹੋਂਦ ਵਿਚ ਲਿਆਉਣ ਲਈ ਸੁਰੂ ਹੋਇਆ ਸੀ । ਪਰ ਜਿਸ ਸੰਜ਼ੀਦਗੀ ਅਤੇ ਦੂਰਅੰਦੇਸ਼ੀ ਨਾਲ ਨੌਜ਼ਵਾਨੀ ਵਿਚ ਆਪਣੀ ਹੋਂਦ, ਪੰਜਾਬੀ ਅਤੇ ਕੌਮੀ ਵਿਰਸੇ ਅਤੇ ਵਿਰਾਸਤ ਨੂੰ ਕਾਇਮ ਰੱਖਣ ਦਾ ਵਰਤਾਰਾ ਸਾਹਮਣੇ ਆਇਆ ਹੈ, ਉਸ ਨੂੰ ਮੁੱਖ ਰੱਖਕੇ ਸਭ ਅੰਦੋਲਨ ਵਿਚ ਹਿੱਸਾ ਪਾਉਣ ਵਾਲੀਆ ਧਿਰਾਂ ਨੂੰ ਆਪਣੀ ਵੱਡੀ ਸੋਚ ਉਤੇ ਪਹਿਰਾ ਦਿੰਦਿਆ ਇਕ ਤਾਕਤ ਹੋ ਕੇ ਇਸ ਅੰਦੋਲਨ ਨੂੰ ਮੰਜਿਲ ਉਤੇ ਪਹੁੰਚਾਉਣ ਵਿਚ ਅੱਜ ਇਕ ਜ਼ਰੂਰੀ ਇਖਲਾਕੀ ਫਰਜ ਬਣ ਗਿਆ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਧਿਰਾਂ ਭਾਵੇ ਕਿਸੇ ਦਾ ਵੱਧ ਯੋਗਦਾਨ ਹੈ, ਭਾਵੇ ਥੋੜਾ ਪਰ ਅਜਿਹੇ ਅੰਦੋਲਨ ਸਮੁੱਚੀਆਂ ਧਿਰਾਂ ਤੇ ਜਨਤਾ ਦੇ ਸਹਿਯੋਗ ਤੋਂ ਬਿਨ੍ਹਾਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ । ਇਸ ਲਈ ਉਨ੍ਹਾਂ ਇਹ ਆਸ ਪ੍ਰਗਟਾਈ ਕਿ ਸਮੇਂ ਦੀ ਨਿਜਾਕਤ ਨੂੰ ਪਹਿਚਾਣਦੇ ਹੋਏ ਸਭ ਆਗੂ, ਨੌਜ਼ਵਾਨ, ਬੀਬੀਆਂ ਆਦਿ ਇਕ ਤਾਕਤ ਹੋ ਕੇ ਆਪਣੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਵੱਧਣਗੇ ।
ਉਨ੍ਹਾਂ ਇਕ ਵੱਖਰੇ ਗੰਭੀਰ ਮੁੱਦੇ ਉਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਇੰਡੀਆ ਦੇ ਵਜ਼ੀਰ-ਏ-ਆਜ਼ਮ ਕੇਵਲ ਆਪਣੇ ਦਾਗੀ ਨਾਮ ਨੂੰ ਬਣਾਉਟੀ ਢੰਗਾਂ ਨਾਲ ਰੋਸਨਾਉਣ ਲਈ ਅਜਿਹੇ ਅਮਲ ਕਰ ਰਹੇ ਹਨ ਜਿਸ ਉਤੇ ਉਨ੍ਹਾਂ ਨੇ ਆਪਣੀ ਸਥਿਤੀ ਨੂੰ ਖੁਦ ਹੀ ਹਾਸੋਹੀਣੀ ਬਣਾ ਲਿਆ ਹੈ । ਭਾਵੇਕਿ ਬੀਤੇ ਸਮੇਂ ਦੇ ਸ੍ਰੀ ਪਟੇਲ ਨਾਮ ਦੇ ਮੁਤੱਸਵੀ ਆਗੂ ਜਿਸਨੇ ਹਕੂਮਤ ਉਤੇ ਬੈਠਦਿਆ ਹੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਲਿਖਤੀ ਰੂਪ ਵਿਚ ਸਰਕਾਰੀ ਫਾਇਲਾਂ ਵਿਚ ‘ਜ਼ਰਾਇਮ ਪੇਸ਼ਾ’ ਕਰਾਰ ਦੇ ਕੇ ਆਪਣੀ ਸੌੜੀ ਤੇ ਫਿਰਕੂ ਸੋਚ ਦਾ ਪ੍ਰਗਟਾਵਾ ਕਰ ਦਿੱਤਾ ਸੀ ਅਤੇ ਸਿੱਖ ਕੌਮ ਤੇ ਪੰਜਾਬੀਆਂ ਦੇ ਮਨ ਵਿਚ ਉਸ ਲਈ ਕੋਈ ਥਾਂ ਨਹੀਂ ਹੈ । ਪਰ ਫਿਰ ਵੀ ਅਹਿਮਦਾਬਾਦ ਵਿਚ ਸ੍ਰੀ ਪਟੇਲ ਦੇ ਨਾਮ ਤੇ ਬਣੇ ਕ੍ਰਿਕਟ ਸਟੇਡੀਅਮ ਦਾ ਨਾਮ ਬਦਲਕੇ ਜੋ ਸ੍ਰੀ ਮੋਦੀ ਨੇ ਖੁਦ ਮੋਦੀ ਸਟੇਡੀਅਮ ਰਖਵਾਇਆ ਹੈ, ਉਨ੍ਹਾਂ ਨੇ ਅਜਿਹਾ ਅਮਲ ਕਰਕੇ ਆਪਣੇ-ਆਪ ਨੂੰ ਅਸਫਲ ਆਗੂ ਅਤੇ ਅਸਫਲ ਵਜ਼ੀਰ-ਏ-ਆਜ਼ਮ ਸਾਬਤ ਕਰ ਦਿੱਤਾ ਹੈ । ਕਿਉਂਕਿ ਅਜਿਹੀਆ ਯਾਦਗਰਾਂ ਜਾਂ ਵਿਰਾਸਤਾਂ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਚੁੱਕੇ ਉਨ੍ਹਾਂ ਸਖਸ਼ੀਅਤਾਂ ਦੇ ਨਾਮ ਤੇ ਹੁੰਦੀਆ ਹਨ, ਜਿਨ੍ਹਾਂ ਨੇ ਕਿਸੇ ਖੇਤਰ ਵਿਚ ਬਹੁਤ ਹੀ ਮਹੱਤਵਪੂਰਨ ਵੱਡਾ ਯੋਗਦਾਨ ਪਾਇਆ ਹੋਵੇ । ਜਦੋਂਕਿ ਸ੍ਰੀ ਮੋਦੀ ਤਾਂ ਇਸ ਸਮੇਂ ਇਸ ਦੁਨੀਆਂ ਦੇ ਜ਼ਿੰਦਾ ਵਾਸੀ ਵੀ ਹਨ ਅਤੇ ਉਨ੍ਹਾਂ ਨੇ ਇਥੋਂ ਦੀ ਮਨੁੱਖਤਾ ਅਤੇ ਨਿਵਾਸੀਆ ਲਈ ਅੱਜ ਤੱਕ ਅਜਿਹਾ ਕੋਈ ਵੀ ਮਾਰਕੇ ਵਾਲਾ ਜਾਂ ਯਾਦ ਰੱਖਣ ਵਾਲਾ ਉਦਮ ਹੀ ਨਹੀਂ ਕੀਤਾ ਕਿ ਉਹ ਜਿਊਂਦੇ ਜੀ ਆਪਣੇ ਨਾਮ ਤੇ ਕੋਈ ਵਿਰਾਸਤੀ ਸਿੱਲ੍ਹ ਰੱਖ ਸਕਣ ।