ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਭਾਰਤ ਵਰਸ਼ ਵਿੱਚ ਦੋ ਮੁੱਖ ਧਰਮ ਪ੍ਰਚਲਿਤ ਸਨ- ਇੱਕ ਸਨਾਤਨ ਮੱਤ ਭਾਵ ਹਿੰਦੂ ਮੱਤ ਤੇ ਦੂਜਾ ਇਸਲਾਮ। ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤ ਤੇ ਨਜ਼ਰ ਮਾਰੀਏ ਤਾ ਪਤਾ ਲਗਦਾ ਹੈ ਕਿ- ਦੋਹਾਂ ਮੱਤਾਂ ਵਿੱਚ ਔਰਤ ਨੂੰ ਇੱਕ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ। ਹਿੰਦੂ ਧਰਮ ਦੇ ਰਾਮਾਇਣ ਵਰਗੇ ਪਵਿੱਤਰ ਗ੍ਰੰਥ ਵਿੱਚ ਤੁਲਸੀਦਾਸ ਨੇ ਤਾਂ ਇਥੋਂ ਤੱਕ ਕਹਿ ਦਿੱਤਾ- ‘ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਪਾਂਚਹਿ ਤਾੜਨ ਕੇ ਅਧਿਕਾਰੀ!’ ਇਸ ਤੋਂ ਬਿਨਾ ਔਰਤਾਂ ਨੂੰ, ਪੂਜਾ ਪਾਠ ਕਰਨ ਜਾਂ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ। ਬਿਨਾ ਸ਼ੱਕ- ਹਿੰਦੁਸਤਾਨ ਦੇ ਕਈ ਵੱਡੇ ਮੰਦਰਾਂ ਵਿੱਚ ਤਾਂ ਅੱਜ ਤੱਕ ਵੀ ਔਰਤਾਂ ਦੇ ਜਾਣ ਦੀ ਮਨਾਹੀ- ਉਸੇ ਤਰ੍ਹਾਂ ਕਾਇਮ ਹੈ। ਔਰਤ ਨੂੰ ਪਰਦੇ ਵਿੱਚ ਰੱਖਣ ਖਾਤਿਰ, ਮਰਦਾਂ ਤੋਂ ਘੁੰਡ ਕੱਢਣ ਦਾ ਰਿਵਾਜ ਪੈਦਾ ਹੋਇਆ।
ਇਸਲਾਮ ਮੱਤ ਵਿੱਚ ਵੀ, ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ। ਅਜੇ ਤੱਕ ਵੀ ਕਿਸੇ ਮਸਜਿਦ ਵਿੱਚ ਔਰਤਾਂ ਆਦਮੀਆਂ ਦੇ ਸਾਹਮਣੇ ਬੈਠ ਕੇ ਧਾਰਮਿਕ ਪ੍ਰਵਚਨ ਨਹੀਂ ਸੁਣ ਸਕਦੀਆਂ- ਸਗੋਂ ਉਹਨਾਂ ਨੂੰ ਕਮਰੇ ਅੰਦਰ ਪਰਦਾ ਕਰਕੇ ਬਿਠਾਇਆ ਜਾਂਦਾ ਹੈ। ਦੋਹਾਂ ਧਰਮਾਂ ਦੇ ਲੋਕ, ਔਰਤ ਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਸਨ। ਦੋਹਾਂ ਧਰਮਾਂ ਵਿੱਚ ਔਰਤ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਸਰ ਕਰਦੀ ਰਹੀ। ਕਿਸੇ ਮਰਦ ਦਾ ਇੱਕ ਔਰਤ ਤੋਂ ਮਨ ਭਰ ਜਾਂਦਾ ਤਾਂ ਉਹ ਜਦ ਮਰਜ਼ੀ ਦੂਸਰੀ ਨਾਲ ਵਿਆਹ ਕਰ ਲੈਂਦਾ। ਪਰ ਇਸ ਦੇ ਉਲਟ ਕਿਸੇ ਔਰਤ ਨੂੰ, ਪਤੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਦੀ ਆਗਿਆ ਨਹੀਂ ਸੀ- ਸਗੋਂ ਉਸ ਨੂੰ ਜਿਉਂਦੇ ਜੀਅ ਪਤੀ ਦੇ ਨਾਲ ਸਤੀ ਕਰ ਦਿੱਤਾ ਜਾਂਦਾ। ਔਰਤ ਨੂੰ ਮਰਦ ਦੀ ਦਾਸੀ ਜਾਂ ਇੱਕ ਭੋਗ-ਵਿਲਾਸ ਦੀ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ। ਭਗਤ ਛੱਜੂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ-‘ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤਾਂ ਉਸ ਤੋਂ ਦੂਰ ਹੀ ਰਹੋ’। ਪਤੀ ਕਿੰਨਾ ਵੀ ਦੁਰਾਚਾਰੀ ਹੋਵੇ, ਨਸ਼ਈ ਹੋਵੇ- ਉਹ ਉਸ ਦਾ ਮਾਲਕ ਹੈ ਤੇ ਪਤਨੀ ਨੇ ਉਸ ਦੀ ਸੇਵਾ ਹੀ ਕਰਨੀ ਹੈ। ਔਰਤ ਦੇ ਦੈਵੀ ਗੁਣਾਂ- ਸੰਜਮ, ਸੇਵਾ, ਪਿਆਰ, ਪਰਉਪਕਾਰ, ਸਹਿਨਸ਼ੀਲਤਾ, ਮਮਤਾ, ਮਿਹਨਤੀ ਸੁਭਾਅ ਆਦਿ ਵੱਲ ਕਿਸੇ ਦਾ ਕਦੇ ਧਿਆਨ ਹੀ ਨਹੀਂ ਸੀ ਗਿਆ।
ਅਜੇਹੇ ਭਿਆਨਕ ਸਮੇਂ, ਪੰਦਰਵੀਂ ਸਦੀ ਦੇ ਅੱਧ ਤੋਂ ਬਾਅਦ, ਮਨੁੱਖਤਾ ਦੇ ਰਹਿਬਰ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ- ਤਾਂ ਉਹ ਔਰਤ ਜ਼ਾਤ ਲਈ ਇੱਕ ਮਸੀਹਾ ਬਣ ਕੇ ਆਏ। ਉਹਨਾਂ ਔਰਤ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਹੋਇਆਂ, ਔਰਤ ਮਰਦ ਦੀ ਬਰਾਬਰਤਾ ਤੇ, ਸਿੱਖ ਧਰਮ ਦੀ ਨੀਂਹ ਰੱਖੀ। ਉਹ ਆਪਣੇ ਮਾਤਾ ਤ੍ਰਿਪਤਾ ਜੀ ਦਾ ਵੀ ਪੂਰਾ ਆਦਰ ਸਨਮਾਨ ਕਰਦੇ। ਜਦ ਅੱਠ ਕੁ ਸਾਲ ਦੀ ਉਮਰ ਵਿੱਚ, ਹਿੰਦੂ ਮੱਤ ਅਨੁਸਾਰ ਉਹਨਾਂ ਦੇ ਜਨੇਊ ਪਾਉਣ ਦੀ ਰਸਮ ਲਈ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਤਾਂ ਉਹਨਾਂ ਸੁਆਲ ਕੀਤਾ ਕਿ- ‘ਮੇਰੀ ਵੱਡੀ ਭੈਣ ਬੇਬੇ ਨਾਨਕੀ ਦੇ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ?’ ਉਹਨਾਂ ਦਾ ਇਹ ਪ੍ਰਸ਼ਨ ਅਸਲ ਵਿੱਚ ਔਰਤ ਦੀ ਬਰਾਬਰਤਾ ਲਈ ਚੁੱਕਿਆ ਪਹਿਲਾ ਕਦਮ ਸੀ। ਬੇਬੇ ਨਾਨਕੀ ਦਾ ਸਤਿਕਾਰ ਆਪਣੇ ਪੇਕੇ ਘਰ ਹੀ ਨਹੀਂ ਸਗੋਂ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਸੀ। ਉਹਨਾਂ ਦੇ ਪਤੀ ਜੈ ਰਾਮ ਜੀ ਵੀ ਉਸ ਤੋਂ ਪੁੱਛੇ ਬਿਨਾ ਕੋਈ ਕੰਮ ਨਾ ਕਰਦੇ। ਬਾਬਾ ਨਾਨਕ ਵੀ ਭੈਣ ਦੀ ਕਹੀ ਗੱਲ ਮੋੜ ਨਾ ਸਕਦੇ। ਜਦ ਬੇਬੇ ਨਾਨਕੀ ਨੇ ਸੁਲਤਾਨਪੁਰ ਜਾਣ ਣਈ ਕਿਹਾ- ਤਾਂ ਉਹ ਨਾਂਹ ਨਹੀਂ ਕਰ ਸਕੇ। ਭੈਣ ਦੇ ਕਹਿਣ ਤੇ ਮੋਦੀਖਾਨੇ ਵਿੱਚ ਨੌਕਰੀ ਵੀ ਕੀਤੀ। ਉਸ ਤੋਂ ਪਿੱਛੋਂ ਜਦੋਂ ਗੁਰੂ ਸਾਹਿਬ ਉਦਾਸੀਆਂ ਤੇ ਜਾਂਦੇ, ਤਾਂ ਆਪਣੀ ਭੈਣ ਨਾਨਕੀ ਨੂੰ ਮਾਤਾ ਸੁਲੱਖਣੀ ਅਤੇ ਆਪਣੇ ਬੱਚਿਆਂ ਦੀ ਸੇਵਾ ਸੰਭਾਲ ਵੀ ਜ਼ਿੰਮੇਵਾਰੀ ਵੀ ਸੌਂਪ ਕੇ ਜਾਂਦੇ। ਇਹ ਸਭ ਗੁਰੂ ਘਰ ਵਿੱਚ ਔਰਤ ਦੇ ਸਤਿਕਾਰ ਦੀਆਂ ਹੀ ਮਿਸਾਲਾਂ ਹਨ।
ਦਸ ਜਾਮਿਆਂ ਵਿੱਚ, ਉਹਨਾਂ ਦੁਆਰਾ ਉਚਾਰੀ ਗਈ ਬਾਣੀ ਵਿੱਚ ਵੀ, ਮਰਦ ਤੇ ਔਰਤ ਨੂੰ ਇੱਕ ਸਮਾਨ ਸਮਝ ਕੇ, ਕੇਵਲ ਦੋਹਾਂ ਦੀ ਆਤਮਾ ਨੂੰ ਜੀਵ-ਆਤਮਾ ਨਾਲ ਸੰਬੋਧਨ ਕੀਤਾ ਗਿਆ ਹੈ- ਜੋ ਪ੍ਰਭੂ ਪਤੀ ਦੇ ਮਿਲਾਪ ਲਈ ਤੜਪਦੀ ਹੈ- ਤੇ ਜਿਸ ਨੇ ਉਸੇ ਵਿੱਚ ਸਮਾ ਜਾਣਾ ਹੈ। ਗੁਰਬਾਣੀ ਅਨੁਸਾਰ- ਸਾਰੇ ਜਗਤ ਦਾ ਪਤੀ ਪ੍ਰਮੇਸ਼ਰ ਹੈ ਤੇ ਸਾਰੇ ਮਰਦ- ਔਰਤਾਂ, ਉਸੇ ਦੀਆਂ ਇਸਤਰੀਆਂ ਹਨ। ਇਸ ਤਰ੍ਹਾਂ, ਗੁਰੂ ਸਾਹਿਬਾਂ ਨੇ ਬਾਣੀ ਵਿੱਚ ਸ਼ਿੰਗਾਰ ਰਸ ਭਰ ਕੇ, ਅਧਿਆਤਮਕ ਪ੍ਰੇਮ ਨੂੰ, ਲੋਕਾਂ ਦੇ ਦਿਲਾਂ ਤੱਕ ਸਰਲਤਾ ਨਾਲ ਪੁਚਾ ਦਿੱਤਾ। ਨਾਲ ਹੀ ਗੁਰੂ ਸਾਹਿਬਾਂ ਨੇ, ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਸ਼ੁਰੂ ਕਰਕੇ ਵੀ, ਹਰ ਮਾਈ ਭਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ। ਉਹਨਾਂ ਉਸ ਸਮੇਂ ਦੇ- ਮੁੱਲਾਂ, ਮੁਲਾਣਿਆਂ, ਕਾਜੀਆਂ ਹਾਜੀਆਂ, ਪੰਡਤਾਂ, ਵਿਦਵਾਨਾਂ, ਨਾਥਾਂ, ਜੋਗੀਆਂ ਤੇ ਧਾਰਮਿਕ ਜਾਂ ਰਾਜਸੀ ਆਗੂਆਂ ਦੀ, ਔਰਤ ਪ੍ਰਤੀ ਨੀਵੀਂ ਸੋਚ ਦੀ ਖੁਲ੍ਹ ਕੇ ਨਿੰਦਾ ਕੀਤੀ ਤੇ ਇਨਸਾਨੀਅਤ ਦਾ ਸੱਚਾ- ਸੁੱਚਾ ਮਾਰਗ ਦਰਸਾਇਆ। ਉਹ ਆਪਣੇ ਸਮੇਂ ਦੇ ਪਹਿਲੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਸਨ ਜਿਹਨਾਂ ਧਾਰਮਿਕ ਆਗੂਆਂ ਦੀਆਂ ਅੱਖਾਂ ਖੋਲ੍ਹਦੇ ਹੋਏ, ਨਗਾਰੇ ਦੀ ਚੋਟ ਤੇ ਕਿਹਾ ਕਿ- ਜਿਸ ਔਰਤ ਨੂੰ ਭੰਡਦੇ ਹੋ- ਉਸੇ ਤੋਂ ਜਨਮ ਲੈਂਦੇ ਹੋ- ਉਸੇ ਨਾਲ ਮੰਗਣੀ ਵਿਆਹ ਹੁੰਦਾ ਹੈ- ਉਸੇ ਕਾਰਨ ਸ੍ਰਿਸ਼ਟੀ ਚਲਦੀ ਹੈ- ਜੋ ਰਾਜਿਆਂ ਦੀ ਭੀ ਜਨਮ ਦਾਤੀ ਹੈ। ਸੋ ਉਸ ਦੀ ਨਿਰਾਦਰੀ ਕਰਨਾ ਜਾਂ ਭੰਡਣਾ- ਕਿਥੋਂ ਦੀ ਸਿਆਣਪ ਹੈ?-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ 473)
ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ- ਉਥੇ ਮਰਦ ਤੇ ਔਰਤਾਂ ਨੂੰ ਇੱਕੱਠੇ ਬਿਠਾ, ਇੱਕੋ ਜਿਹਾ ਉਪਦੇਸ਼ ਦਿੰਦੇ। ਵੈਸੇ ਵੀ ਸਿੱਖ ਧਰਮ ਦਾ ਸਿਧਾਂਤ- ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਇੰਨਾ ਸਰਲ ਸੀ ਕਿ- ਹਰੇਕ ਮੱਤ ਦੇ ਲਿਤਾੜੇ ਹੋਏ, ਮਰਦ ਔਰਤਾਂ ਵੱਡੀ ਗਿਣਤੀ ਵਿੱਚ, ਇਸ ਮੱਤ ਦੇ ਧਾਰਨੀ ਹੋ ਗਏ।
ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤਾਂ, ਆਪਣੇ ਮਹਿਲ ਮਾਤਾ ਖੀਵੀ ਜੀ ਨੂੰ, ਖਡੂਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਦੇ ਇੰਚਾਰਜ ਥਾਪ ਦਿੱਤਾ। ਜਿਸ ਕਾਰਨ ਉਹ, ਸੰਗਤ ਵਿੱਚ ਜਿਸ ਮਾਣ ਸਤਿਕਾਰ ਦੇ ਪਾਤਰ ਬਣੇ- ਇਹ ਆਪਣੇ ਆਪ ਵਿੱਚ ਔਰਤ ਦੇ ਸਨਮਾਨ ਦੀ ਅਦੁੱਤੀ ਮਿਸਾਲ ਹੈ। ਮਾਤਾ ਖੀਵੀ ਜੀ, ਨਾਮ ਸਿਮਰਨ ਵਿੱਚ ਰੰਗੀ ਹੋਈ ਐਸੀ ਰੱਬੀ ਰੂਹ ਸਨ ਕਿ- ਉਹ ਦੂਰੋਂ ਨੇੜਿਉਂ ਆਈ ਸੰਗਤ ਦੀ ਆਓ ਭਗਤ ਵਿੱਚ ਕੋਈ ਕਸਰ ਨਾ ਛੱਡਦੇ। ਉਹਨਾਂ ਦੀ ਆਪਣੇ ਹੱਥੀਂ ਬਣਾਈ ਖੀਰ ਦੀ ਮਿਠਾਸ ਤਾਂ ਦੂਰ ਦੂਰ ਤੱਕ ਪਹੁੰਚ ਜਾਂਦੀ-
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਅੰਗ 966)
ਆਪ ਜੀ ਦੀ ਜਾਣਕਾਰੀ ਹਿੱਤ ਇਹ ਵੀ ਦੱਸ ਦਿਆਂ ਕਿ- ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਜੋ ਕਰਨਾਟਕਾ ਤੋਂ ਹਨ- ਨੇ ਮਾਤਾ ਖੀਵੀ ਦੇ ਜੀਵਨ ਤੋਂ ਪ੍ਰਭਾਵਤ ਹੋ ਕੇ, ਆਪਣੀ ਬੇਟੀ ਦਾ ਨਾਮ ਵੀ ‘ਖੀਵੀ’ ਰੱਖਿਆ ਹੈ, ਅਤੇ ਉਹ ਉਸਦੇ ਜਨਮ ਦਿਨ ਤੇ ਖੀਰ ਦਾ ਲੰਗਰ ਵੀ ਲਾਉਂਦੇ ਹਨ। ਕਾਸ਼! ਅਸੀਂ ਵੀ ਇਹਨਾਂ ਸਨਮਾਨਯੋਗ ਸਿੱਖ ਔਰਤਾਂ ਨੂੰ ਆਪਣੀਆਂ ਬੱਚੀਆਂ ਦੇ ਰੋਲ ਮਾਡਲ ਬਣਾ ਸਕੀਏ!
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਦਮ ਚਿੰਨ੍ਹਾਂ ਤੇ ਚਲਦੇ ਹੋਏ, ਤੀਸਰੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਨੇ ਵੀ, ਔਰਤ ਦੀ ਸਥਿਤੀ ਸੁਧਾਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਹਨਾਂ ਔਰਤ ਜ਼ਾਤ ਦੇ ਮੱਥੇ ਦਾ ਕਲੰਕ ਬਣ ਚੁੱਕੀ, ਸਤੀ ਦੀ ਪ੍ਰਥਾ ਦਾ ਵਿਰੋਧ ਕਰਦਿਆਂ ਹੋਇਆਂ ਫੁਰਮਾਇਆ-
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ (ਅੰਗ 787)
ਉਹਨਾਂ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ, ਸਤੀ ਪ੍ਰਥਾ ਬੰਦ ਕਰਵਾਉਣ ਲਈ ਕਨੂੰਨ ਬਣਵਾਇਆ। ਗੁਰੂ ਸਾਹਿਬਾਂ ਨੇ ਇਹ ਵੀ ਕਿਹਾ ਕਿ- ਜੇ ਮਰਦ ਦੂਜਾ ਵਿਆਹ ਕਰਾ ਸਕਦਾ ਹੈ ਤਾ ਔਰਤ ਕਿਉਂ ਨਹੀਂ? ਸੋ ਉਹਨਾਂ ਵਿਧਵਾ ਵਿਆਹ ਦੀ ਰੀਤ ਵੀ ਸ਼ੁਰੂ ਕੀਤੀ। ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀ ਹਿਦਾਇਤ ਸਦਕਾ- ਬੀਬੀਆਂ ਸੰਗਤ ਵਿੱਚ ਵੀ ਘੁੰਡ ਕੱਢ ਕੇ ਆਉਂਦੀਆਂ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ- ਕੋਈ ਵੀ ਔਰਤ ਸੰਗਤ ਵਿੱਚ ਪਰਦਾ ਕਰਕੇ ਨਾ ਆਵੇ। ਸੋ ਇਸ ਤਰ੍ਹਾਂ ਔਰਤਾਂ ਨੂੰ ਘੁੰਡ ਤੋਂ ਛੁਟਕਾਰਾ ਮਿਲ ਗਿਆ। ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ, ਜਿੱਥੇ ਬਾਈ ਮੰਜੀਆਂ ਥਾਪੀਆਂ- ਭਾਵ ਬਾਈ ਸਿੱਖਾਂ ਨੂੰ ਵੱਖ ਵੱਖ ਥਾਵਾਂ ਤੇ ਪ੍ਰਚਾਰਕ ਨਿਯੁਕਤ ਕੀਤਾ- ਉਥੇ 52 ਪੀੜ੍ਹੇ ਬੀਬੀਆਂ ਨੂੰ ਦਿੱਤੇ। ਉਹਨਾਂ ਦੀ ਪੁੱਤਰੀ ਬੀਬੀ ਭਾਨੀ ਜੀ- ਜੋ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦੇ ਮਹਿਲ, ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਸਨ- ਦਾ ਨਾਮ ਵੀ ਸਿੱਖ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।
ਛੇਵੇਂ ਪਾਤਸ਼ਾਹ ਨੇ ਵੀ, ਗੁਜਰਾਤ ਵਿੱਚ ਫਕੀਰ ਸ਼ਾਹਦੌਲਾ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ‘ਔਰਤ ਈਮਾਨ’ ਕਹਿ- ਔਰਤ ਨੂੰ ਵਡਿਆਇਆ। ਉਹਨਾਂ ਦੇ ਇਹ ਵੀ ਬਚਨ ਸਨ ਕਿ- ਹਰ ਮਾਂ ਕੋਲ ਇੱਕ ਬੇਟੀ ਜਰੂਰ ਹੋਣੀ ਚਾਹੀਦੀ ਹੈ-
ਸੀਲ ਖਾਨ ਕੰਨਿਆ ਇਕ ਹੋਵੈ।
ਨਹੀਂ ਤੋ ਮਾ ਗ੍ਰਹਿਸਤ ਵਿਗੋਵੈ। (ਗੁਰਬਿਲਾਸ ਪਾਤਸ਼ਾਹੀ ਛੇਵੀਂ)
ਸਿੱਖ ਧਰਮ ਵਿੱਚ ਗ੍ਰਹਿਸਤ ਆਸ਼ਰਮ ਨੂੰ ਵਡਿਆਇਆ ਗਿਆ ਹੈ। ਕਿਤੇ ਵੀ ਔਰਤ ਜਾਂ ਗ੍ਰਹਿਸਤ ਨੂੰ ਤਿਆਗ ਕੇ ਭਗਤੀ ਕਰਨ ਦੀ ਗੱਲ ਨਹੀਂ ਕੀਤੀ ਗਈ।
ਗੁਰਮਤਿ ਵਿੱਚ- ਔਰਤ ਨੂੰ ਮਰਦ ਦੀ ਕਮਜ਼ੋਰੀ ਨਹੀਂ, ਸਗੋਂ ਤਾਕਤ ਦਰਸਾਇਆ ਗਿਆ ਹੈ। ਇਹੀ ਕਾਰਨ ਹੈ ਕਿ ਸਿੱਖ ਇਤਿਹਾਸ ਵਿੱਚ- ਬੇਬੇ ਨਾਬਕੀ, ਬੀਬੀ ਅਮਰੋ, ਬੀਬੀ ਭਾਨੀ, ਮਾਤਾ ਗੁਜਰੀ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਤੋਂ ਬਿਨਾ ਮਾਈ ਭਾਗੋ, ਮਹਾਂਰਾਣੀ ਸਦਾ ਕੌਰ ਤੇ ਰਾਣੀ ਜਿੰਦਾਂ ਵਰਗੀਆਂ ਅਨੇਕ ਸੂਰਬੀਰ ਔਰਤਾਂ ਦੀ ਮਹਾਨਤਾ ਕਿਸੇ ਤੋਂ ਲੁਕੀ ਛਿਪੀ ਨਹੀਂ। ਮਾਈ ਭਾਗੋ ਵਰਗੀਆਂ ਇੱਕ ਦਿਨ ‘ਚ ਨਹੀਂ ਮੈਦਾਨੇ ਜੰਗ ਵਿੱਚ, ਚਾਲ਼ੀ ਸਿੰਘਾਂ ਦੀ ਅਗਵਾਈ ਕਰਨ ਦੇ ਯੋਗ ਹੋ ਗਈਆਂ। ਉਹਨਾਂ ਨੂੰ ਬਚਪਨ ਵਿੱਚ ਹੀ ਘੋੜ ਸਵਾਰੀ ਤੇ ਤਲਵਾਰ ਦੇ ਜੌਹਰ ਸਿੱਖਣ ਦੇ ਅਵਸਰ ਪ੍ਰਦਾਨ ਹੋਏ ਸਨ। ਇਸ ਤੋਂ ਜ਼ਾਹਿਰ ਹੈ ਕਿ- ਸਿੱਖ ਪਰਿਵਾਰਾਂ ਵਿੱਚ ਬੱਚੀਆਂ ਨੂੰ, ਮਰਦਾਂ ਦੇ ਬਰਾਬਰ ਹੀ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਸਿੱਖਣ ਦੀ ਖੁਲ੍ਹ ਸੀ। ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ, ਗੁਰੂ ਸਾਹਿਬ ਤੋਂ ਬਾਅਦ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ, ਕੌਮ ਦੀ ਅਗਵਾਈ ਕਰਦੀਆਂ ਰਹੀਆਂ। ਦਸ਼ਮੇਸ਼ ਪਿਤਾ ਵਲੋਂ, ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਦੇਣਾ- ਔਰਤ ਦੇ ਸਨਮਾਨ ਦੀ ਸਿਖਰ ਹੈ।
ਇਥੇ ਹੀ ਬੱਸ ਨਹੀਂ- ਸਿੱਖ ਧਰਮ ਵਿੱਚ ਤਾਂ, ਔਰਤ ਆਪਣੇ ਪਰਿਵਾਰ ਦੀ ਮੈਂਬਰ ਹੋਵੇ ਜਾਂ ਪਰਾਈ- ਸਭ ਦਾ ਹੀ ਬਰਾਬਰ ਸਤਿਕਾਰ ਕਰਨ ਦੀ ਹਿਦਾਇਤ ਹੈ। ਭਾਈ ਗੁਰਦਾਸ ਜੀ ਅਨੁਸਾਰ-
ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।
ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਖਾਲਸਾ ਪੰਥ ਦੀ ਸਾਜਨਾ ਕਰਕੇ, ਮਨੁੱਖਤਾ ਨੂੰ ਇੱਕ ਉੱਚੇ ਸੁੱਚੇ ਕਿਰਦਾਰ ਵਾਲਾ, ਸੰਪੂਰਨ ਖ਼ਾਲਸ ਇਨਸਾਨ, ਦੇਣ ਦਾ ਮਹਾਨ ਕਾਰਜ ਕੀਤਾ। ਇਹੀ ਕਾਰਨ ਸੀ ਕਿ- ਪਿਤਾ ਦਸ਼ਮੇਸ਼ ਦਾ ਹੁਕਮ ਮੰਨ ਕੇ ਸਾਹਿਬਜ਼ਾਦਾ ਅਜੀਤ ਸਿੰਘ 14 ਸਾਲ ਦੀ ਛੋਟੀ ਜਿਹੀ ਉਮਰੇ, ਪੰਡਤ ਦੇਵ ਦਾਸ ਦੀ ਬ੍ਰਾਹਮਣੀ ਨੂੰ ਮੁਗਲਾਂ ਹੱਥੋਂ ਛੁਡਾ ਲਿਆਉਂਦਾ ਹੈ। ਇਤਿਹਾਸ ਗਵਾਹ ਹੈ ਕਿ- ਖਾਲਸੇ ਨੇ ਦੁਸ਼ਮਣਾਂ ਦੀਆਂ ਔਰਤਾਂ ਨਾਲ ਵੀ ਕਦੇ ਦੁਰਵਿਹਾਰ ਨਹੀਂ ਕੀਤਾ। ਜਦੋਂ ਅਬਦਾਲੀ ਵਰਗੇ ਹਿੰਦੁਸਤਾਨ ਤੇ ਹਮਲੇ ਕਰਦੇ- ਤਾਂ ਉਹ ਲੁੱਟ ਦੇ ਮਾਲ ਦੇ ਨਾਲ ਨਾਲ ਹਿੰਦੂ ਔਰਤਾਂ ਨੂੰ ਵੀ ਬੰਦੀ ਬਣਾ ਕੇ ਲੈ ਜਾਂਦੇ। ਪਰ ਉਸ ਵੇਲੇ ਹਿੰਦੂ ਕੌਮ ਤਾਂ ਇੰਨੀ ਨਿਤਾਣੀ ਹੋ ਚੁੱਕੀ ਸੀ ਕਿ- ਉਹ ਆਪਣੀਆਂ ਔਰਤਾਂ ਨੂੰ ਛੁਡਾਉਣ ਦੀ ਜੁਰਅਤ ਨਹੀਂ ਸੀ ਕਰ ਸਕਦੀ। ਪਰ ਅੱਧੀ ਰਾਤ ਵੇਲੇ, ਜਦੋਂ ਧਾੜਵੀ ਨਸ਼ਿਆਂ ਵਿੱਚ ਧੁੱਤ ਹੋ ਕੇ ਸੌਂ ਜਾਂਦੇ- ਤਾਂ ਅਜੇਹੇ ਸਮੇਂ ਇਹ ਖਾਲਸਾ ਹੀ ਸੀ, ਜੋ ਰਾਤ ਦੇ ਬਾਰਾਂ ਵਜੇ ਮੈਦਾਨ ‘ਚ ਨਿੱਤਰਦਾ- ਤੇ ਉਹਨਾਂ ਲਾਚਾਰ ਔਰਤਾਂ ਨੂੰ ਛੁਡਾ, ਘਰੋ ਘਰੀ ਪੁਚਾ ਕੇ ਆਉਂਦਾ।
ਸਾਰੀ ਗੁਰਬਾਣੀ ਵਿੱਚ ਵੀ, ਪਤੀ-ਪਤਨੀ ਦੇ ਆਪਸੀ ਪ੍ਰੇਮ, ਇੱਕਰੂਪਤਾ, ਵਿਸ਼ਵਾਸ ਤੇ ਬਰਾਬਰਤਾ ਦੀ ਗੱਲ ਕੀਤੀ ਗਈ ਹੈ ਜਿਵੇਂ-
ਧਨ ਪਿਰ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੋਇ ਮੂਰਤੀ ਧਨ ਪਿਰ ਕਹੀਐ ਸੋਇ॥ (ਅੰਗ 788)
ਅੱਜ ਅਸੀਂ ਉਦੋਂ ਭਰੂਣ ਹੱਤਿਆ ਦੀ ਦੁਹਾਈ ਦੇਣ ਲੱਗੇ ਹਾਂ- ਜਦ ਕੁੜੀਆਂ ਦਾ ਅਨੁਪਾਤ ਮੁੰਡਿਆਂ ਦੇ ਮੁਕਾਬਲੇ ਹਜ਼ਾਰ ਪਿੱਛੇ ਸੱਤ ਸੌ ਰਹਿ ਗਿਆ- ਪਰ ਗੁਰਮਤਿ ਵਿੱਚ ਤਾਂ ਅੱਜ ਤੋਂ ਪੰਜ ਸਦੀਆਂ ਪਹਿਲਾਂ ਹੀ, ਕੰਨਿਆਂ ਨੂੰ ਮਾਰਨਾ ਮਹਾਂ ਪਾਪ ਗਿਣਿਆਂ ਗਿਆ ਹੈ-
ਬ੍ਰਾਹਮਣ ਕੈਲੀ ਘਾਤੁ ਕੰਜਕਾ ਅਣਚਾਰੀ ਕਾ ਧਾਨੁ॥
ਫਿਟਕੁ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥ (ਅੰਗ 1413)
ਗੁਰਮਤਿ ਵਿੱਚ ਕੁੜੀਮਾਰ ਨਾਲ ਰੋਟੀ ਬੇਟੀ ਦੀ ਸਾਂਝ ਰੱਖਣ ਤੋਂ ਮਨਾਹੀ ਕੀਤੀ ਗਈ ਹੈ। ਰਹਿਤ ਨਾਮੇ ਅਨੁਸਾਰ-
ਕੁੜੀ ਮਾਰ ਆਦਿਕ ਹੈ ਜੇਤੇ।
ਮਨ ਤੇ ਦੂਰ ਤਿਆਗੋ ਤੇਤੇ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਭਰੂਣ ਹੱਤਿਆ ਤੇ ਪਾਬੰਦੀ ਲਈ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ। ਭਾਵੇਂ ਇਸ ਸਬੰਧ ਵਿੱਚ ਕਨੂੰਨ ਵੀ ਬਣੇ ਹੋਏ ਹਨ- ਪਰ ਸਾਡੇ ਲੋਕ ਚੋਰ ਮੋਰੀਆਂ ਰਾਹੀਂ, ਅਜੇ ਵੀ ਇਹ ਪਾਪ ਕਰੀ ਜਾ ਰਹੇ ਹਨ। ਸਾਥੀਓ- ਜੇ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਆਪ ਹੀ ਦੱਸੋ ਕਿ- ਕਿੰਨੇ ਕੁ ਪੁੱਤਰ ਮਾਪਿਆਂ ਦੀ ਸੇਵਾ ਕਰਦੇ ਹਨ ਭਲਾ? ਮੈਂ ਵਿਦੇਸ਼ ‘ਚ ਦੇਖਦੀ ਹਾਂ ਕਿ ਬਹੁਤੇ ਮਾਪੇ, ਧੀਆਂ ਨੇ ਹੀ ਮੰਗਵਾਏ ਹਨ ਤੇ ਧੀਆਂ ਪਾਸ ਹੀ ਰਹਿ ਰਹੇ ਹਨ- ਭਾਵੇਂ ਕਿ ਉਸੇ ਸ਼ਹਿਰ ਵਿੱਚ ਪੁੱਤਰ ਵੀ ਰੰਗੀਂ ਵੱਸਦਾ ਹੋਵੇ। ਹਾਂ- ਜਦੋਂ ਬੱਚੇ ਸਾਂਭਣ ਲਈ ਲੋੜ ਹੁੰਦੀ ਹੈ ਤਾਂ ਉਦੋਂ ਜਰੂਰ ਪੁੱਤ ਆਪਣਾ ਹੱਕ ਜਤਾ ਦਿੰਦੇ ਹਨ। ਪਤਾ ਨਹੀਂ ਫਿਰ ਵੀ, ਕਿਉਂ ਸਾਡੇ ਲੋਕਾਂ ਅੰਦਰੋਂ ਪੁੱਤਰ ਦੀ ਲਾਲਸਾ ਜਾਂਦੀ ਨਹੀਂ?
ਮੁੱਕਦੀ ਗੱਲ ਤਾਂ ਇਹ ਹੈ ਕਿ- ਅਸੀਂ ਅੱਜ ਔਰਤ ਦੀ ਬਰਾਬਰਤਾ ਦੀ ਗੱਲ ਸ਼ੁਰੂ ਕੀਤੀ ਹੈ, ਪਰ ਸਿੱਖ ਧਰਮ ਦੀ ਤਾਂ ਨੀਂਹ ਹੀ ਔਰਤ ਮਰਦ ਦੀ ਬਰਾਬਰਤਾ ਤੇ ਰੱਖੀ ਗਈ ਹੈ। ਜੋ ਆਦਰ ਸਨਮਾਨ ਔਰਤ ਨੂੰ ਸਿੱਖ ਧਰਮ ਨੇ ਦਿੱਤਾ ਹੈ, ਉਹ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲਦਾ। ਫੇਰ ਇਹ ਗੁਰਮਤਿ ਦਾ ਗਿਆਨ ਤਾਂ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ। ਜੇ ਇਸ ਤੇ ਅਮਲ ਕੀਤਾ ਜਾਵੇ ਤਾਂ- ਭਰੂਣ ਹੱਤਿਆ, ਬਲਾਤਕਾਰ ਤੇ ਘਰੇਲੂ ਹਿੰਸਾ ਵਰਗੀਆਂ ਘਟਨਾਵਾਂ- ਜੋ ਸਖਤ ਕਨੂੰਨਾਂ ਦੇ ਬਾਵਜੂਦ ਵੀ ਨਹੀਂ ਰੁਕ ਰਹੀਆਂ- ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ। ਦੇਖਣ ਵਿੱਚ ਆਇਆ ਹੈ ਕਿ- ਅੱਜ ਮੁੰਡਿਆਂ ਦੇ ਮੁਕਾਬਲੇ, ਕੁੜੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਸੋ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ- ਔਰਤ ਦੇ ਅੰਦਰ ਪ੍ਰਮਾਤਮਾ ਨੇ ਕਿੰਨੀ ਅਥਾਹ ਸ਼ਕਤੀ ਭਰੀ ਹੋਈ ਹੈ। ਜੇ ਉਸ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ- ਤਾਂ ਉਹ ਕੀ ਨਹੀਂ ਕਰ ਸਕਦੀ? ਫਿਰ ਵੀ ਉਸ ਦਾ ਨਿਰਾਦਰ ਕਿਉਂ?
ਸਾਥੀਓ- ਇਹ ਔਰਤ ਦਿਵਸ ਮਨਾਉਣ ਦਾ ਮਕਸਦ ਤਾਂ ਹੀ ਪੂਰਾ ਹੋਏਗਾ- ਜੇ ਅਸੀਂ ਇਸ ਦਿਨ ਤੋਂ, ਆਪਣੇ ਬੱਚੇ ਬੱਚੀਆਂ ਨੂੰ, ਗੁਰਮਤਿ ਦੇ ਪ੍ਰਸੰਗ ਦੁਆਰਾ, ਔਰਤ ਮਰਦ ਦੀ ਬਰਾਬਰਤਾ ਦਾ ਅਹਿਸਾਸ ਕਰਵਾ ਕੇ- ਇੱਕ ਦੂਜੇ ਦਾ ਸਨਮਾਨ ਕਰਨਾ ਸਿਖਾ ਦੇਈਏ- ਤੇ ਮੈਨੂੰ ਲਗਦਾ ਕਿ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ!