ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਅਫ਼ਰੀਕੀ ਮੁਲਕ ਘਾਨਾ ਦਾ 64ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ’ਵਰਸਿਟੀ ਪ੍ਰਸ਼ਾਸ਼ਨ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਉਲੀਕਿਆ ਗਿਆ। ਇਸ ਮੌਕੇ ਘਾਨਾ ਅਤੇ ਅਫ਼ਰੀਕੀ ਦੇਸ਼ਾਂ ਤੋਂ ਯੂਨੀਵਰਸਿਟੀ ਵਿਖੇ ਪੜ੍ਹਾਈ ਕਰ ਰਹੇ ਬਹੁਗਿਣਤੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਘਾਨਾ ਦੀ ਆਜ਼ਾਦੀ ਸਬੰਧੀ ਇਤਿਹਾਸ ਹਾਜ਼ਰੀਨਾਂ ਨਾਲ ਸਾਂਝਾ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਘਾਨਾ ਦੇ ਪ੍ਰਸਿੱਧ ਲੋਕ ਨਾਚਾਂ ਦੀ ਬਾਕਮਾਲ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਨੇਪਾਲ ਅਤੇ ਅਫ਼ਗਾਨਿਸਤਾਨ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਲੋਕ ਨਾਚ ਪੇਸ਼ ਕਰਦਿਆਂ ਸਭਨਾਂ ਨੂੰ ਖੂਬ ਪ੍ਰਭਾਵਿਤ ਕੀਤਾ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ ਘਾਨਾ ਦੇ ਵਿਦਿਆਰਥੀਆਂ ਵੱਲੋਂ ਐਫ਼ਰੋ ਡਾਂਸ ਪੇਸ਼ ਕਰਦਿਆਂ ਹਾਜ਼ਰੀਨਾਂ ਤੋਂ ਖੂਬ ਵਾਹ-ਵਾਹ ਖੱਟੀ ਜਦਕਿ ਅਫ਼ਰੀਕਨ ਲੇਡੀਜ਼ ਕਿ੍ਰਉ ਵੱਲੋਂ ਦਿੱਤੀ ਡਾਂਸ ਪੇਸ਼ਕਾਰੀ ਨੇ ਸਭਨਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਦੌਰਾਨ ਘਾਨਾ ਤੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫਾਰਮੇਸੀ ਦੇ ਵਿਦਿਆਰਥੀ ਡੇਨੀਅਲ ਨੇ ਵੀਡਿਉ ਪੈ੍ਰਜ਼ੇਟੇਸ਼ਨ ਰਾਹੀਂ ਘਾਨਾ ਦੇ ਇਤਿਹਾਸ, ਸੱਭਿਆਚਾਰ ਬਾਰੇ ਜਾਣੂ ਕਰਵਾਇਆ। ਘਾਨਾ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀ ਫ਼ਾਹਦ ਨੇ ਦੱਸਿਆ ਕਿ ਗੋਲਡ ਕੋਸਟ ਵਜੋਂ ਜਾਣੇ ਜਾਂਦੇ ਘਾਨਾ 6 ਮਾਰਚ 1957 ’ਚ ਬਿ੍ਰਟੇਨ ਤੋਂ ਆਜ਼ਾਦੀ ਪ੍ਰਾਪਤ ਕਰਕੇ ਬਸਤੀਵਾਦੀ ਰਾਜ ਤੋਂ ਵੱਖ ਹੋਣ ਵਾਲਾ ਪਹਿਲਾ ਉਪ-ਸਹਾਰਨ ਦੇਸ਼ ਬਣ ਗਿਆ। 1992 ਵਿੱਚ ਬਹੁ-ਪਾਰਟੀ ਲੋਕੰਤਤਰ ਵਿੱਚ ਤਬਦੀਲੀ ਆਉਣ ਤੋਂ ਬਾਅਦ ਤੋਂ ਘਾਨਾ ਪੱਛਮੀ ਅਫ਼ਰੀਕਾ ਵਿੱਚ ਵਧੇਰੇ ਸਥਿਰ ਦੇਸ਼ ਮੰਨਿਆ ਜਾਂਦਾ ਹੈ। ਵਿਦਿਆਰਥੀ ਨੇ ਦੱਸਿਆ ਕਿ ਘਾਨਾ ਦੇ ਝੰਡੇ ਦੀ ਬਣਤਰ ਦੇਸ਼ ਲਈ ਬਹੁਤ ਮਹੱਤਤਾ ਰੱਖਦੀ ਹੈ, ਇਸ ਵਿਚਲੇ ਰੰਗ ਘਾਨਾ ਦੇ ਇਤਿਹਾਸ, ਸਰੋਤਾਂ ਅਤੇ ਕੁਦਰਤੀ ਸੁੰਦਰਤਾ ਦੇ ਪ੍ਰਤੀਕ ਹਨ।
ਇਸ ਮੌਕੇ ਘਾਨਾ ਦੇ ਵਿਦਿਆਰਥੀਆਂ ਨੂੰ 64ਵੇਂ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਸੱਭਿਆਚਾਰ ਵਭਿੰਨਤਾ ’ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ, ਜਿਸ ਤਹਿਤ ਦੁਨੀਆਂ ਦੇ 40 ਤੋਂ ਵੱਧ ਮੁਲਕਾਂ ਤੋਂ ਬਹੁ-ਗਿਣਤੀ ਵਿਦਿਆਰਥੀ ’ਵਰਸਿਟੀ ਵਿਖੇ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਵਲ ਅਫ਼ਰੀਕਾ ਖੇਤਰ ਵਿਚੋਂ 300 ਤੋਂ ਜ਼ਿਆਦਾ ਵਿਦਿਆਰਥੀ ’ਵਰਸਿਟੀ ’ਚ ਵੱਖ-ਵੱਖ ਕੋਰਸਾਂ ਅਧੀਨ ਪੜ੍ਹ ਰਹੇ ਹਨ, ਜਿਸ ’ਚ ਘਾਨਾ ਤੋਂ ਬਹੁ ਗਿਣਤੀ ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਭਿੰਨਤਾ ਨੂੰ ਵਧੀਆ ਢੰਗ ਨਾਲ ਬਣਾਈ ਰੱਖਣ ਲਈ ਚੰਡੀਗੜ੍ਹ ਯੂਨੀਵਰਸਿਟੀ ਨੂੰ ਕਿਊ.ਐਸ ਆਈ.ਗੇਜ਼ ਵੱਲੋਂ ਡਾਇਮੰਡ ਰੇਟਿੰਗ ਪ੍ਰਾਪਤ ਹੋਈ ਹੈ।