ਫ਼ਤਹਿਗੜ੍ਹ ਸਾਹਿਬ – “ਸਾਨੂੰ ਆਪਣੇ ਪਾਰਟੀ ਦੇ ਅਤਿ ਭਰੋਸੇਯੋਗ ਵਸੀਲਿਆ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸੈਂਟਰ ਦੀ ਮੋਦੀ ਹਕੂਮਤ ਨੇ ਨੈਂਸਨਲ ਸਕਿਊਰਟੀ ਗਾਰਡ ਦੇ ਡਾਈਰੈਕਟਰ ਸ੍ਰੀ ਐਸ.ਐਸ. ਦੇਸ਼ਵਾਲ ਦੀ ਅਗਵਾਈ ਹੇਠ, ਦਿਸ਼ਾ ਨਿਰਦੇਸ਼ ਰਾਹੀ ਦਿੱਲੀ ਵਿਖੇ ਕਿਸਾਨੀ ਮੰਗਾਂ ਦੀ ਪੂਰਤੀ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਚੱਲ ਰਹੇ ਅਨੁਸ਼ਾਸ਼ਿਤ ਅਮਨਮਈ ਪ੍ਰੋਗਰਾਮ ਵਿਚ ਵਿਘਨ ਪਾ ਕੇ ਬਦਨਾਮ ਕਰਨ ਲਈ ਇਕ ਬਹੁਤ ਹੀ ਖ਼ਤਰਨਾਕ ਆਪ੍ਰੇਸ਼ਨ ਕਰਨ ਦੇ ਮਨਸੂਬੇ ਬਣਾਏ ਹਨ । ਜਿਸ ਵਿਚ ਸਿੰਘੂ ਬਾਰਡਰ ਇਲਾਕਿਆ ਦੇ ਪਿੰਡਾਂ ਨਾਲ ਸੰਬੰਧਤ ਲੋਕਲ ਆਪਣੇ ਪੱਖੀ ਗਰੁੱਪਾਂ ਦੀ ਸਹਾਇਤਾ ਲਈ ਜਾਵੇਗੀ । ਇਸ ਆਪ੍ਰੇਸ਼ਨ ਵਿਚ ਆਮ ਕਿਸਾਨਾਂ ਦੇ ਨਾਲ-ਨਾਲ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾਂ ਬਣਾਇਆ ਜਾਵੇਗਾ ਤਾਂ ਕਿ ਕਸ਼ਮੀਰੀਆਂ ਦੀ ਤਰ੍ਹਾਂ ਸਿੱਖ ਕੌਮ ਨੂੰ ਦਬਾਕੇ ਆਪਣੇ ਮੰਦਭਾਵਨਾ ਭਰੇ ਮਨੁੱਖਤਾ ਵਿਰੋਧੀ ਮਨਸੂਬਿਆਂ ਨੂੰ ਹੁਕਮਰਾਨ ਪੂਰਾ ਕਰ ਸਕਣ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਸਮੁੱਚੇ ਕਿਸਾਨਾਂ-ਮਜ਼ਦੂਰਾਂ, ਪੰਜਾਬੀਆਂ, ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਦੀਆਂ ਜਮਹੂਰੀਅਤ ਪਸ਼ੰਦ ਹਕੂਮਤਾਂ ਤੇ ਮਨੁੱਖੀ ਅਧਿਕਾਰਾਂ ਨੂੰ ਇਸ ਅਤਿ ਗੰਭੀਰ ਤੇ ਖ਼ਤਰਨਾਕ ਕੀਤੇ ਜਾਣ ਵਾਲੇ ਆਪ੍ਰੇਸ਼ਨ ਸੰਬੰਧੀ ਵੇਰਵੇ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਇਸ ਵਿਸ਼ੇ ਤੇ ਹਰ ਪੱਖੋ ਸੁਚੇਤ ਰਹਿਣ ਅਤੇ ਹੁਕਮਰਾਨਾਂ ਦੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਸਮੂਹਿਕ ਤੌਰ ਤੇ ਤਿਆਰ ਰਹਿਣ ਅਤੇ ਜਮਹੂਰੀਅਤ ਢੰਗ ਨਾਲ ਜੁਆਬ ਦੇਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸਾਨ ਆਗੂਆਂ ਨੂੰ ਇਸ ਆਪ੍ਰੇਸ਼ਨ ਵਿਚ ਨਿਸ਼ਾਨਾਂ ਨਹੀਂ ਬਣਾਇਆ ਜਾਵੇਗਾ, ਬਲਕਿ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ, ਤਾਂ ਕਿ ਇਸ ਸਾਜ਼ਿਸ ਨੂੰ ਸਫ਼ਲ ਕਰਨ ਉਪਰੰਤ ਮੁਲਕੀ ਅਤੇ ਕੌਮਾਂਤਰੀ ਪੱਧਰ ਤੇ ਇਨ੍ਹਾਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਇਸ ਕੀਤੇ ਜਾਣ ਵਾਲੇ ਆਪ੍ਰੇਸ਼ਨ ਨੂੰ ਸਹੀ ਕਰਾਰ ਦਿੱਤਾ ਜਾ ਸਕੇ ਅਤੇ ਕਿਸਾਨ ਮੋਰਚੇ ਸੰਬੰਧੀ ਭੰਬਲਭੂਸਾ ਪਾ ਕੇ ਕੰਮਜੋਰ ਕੀਤਾ ਜਾ ਸਕੇ ।
ਸ. ਮਾਨ ਨੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਗੱਲ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਇਸੇ ਕਿਸਾਨ ਮੋਰਚੇ ਨਾਲ ਨਜਿੱਠਣ ਦੇ ਨਾਮ ਹੇਠ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾਂ ਬਣਾਕੇ ਜ਼ਬਰ ਜੁਲਮ ਢਾਹੁਣ ਦਾ ਜਿਥੇ ਹਕੂਮਤੀ ਮਕਸਦ ਰੱਖਿਆ ਗਿਆ ਹੈ, ਉਥੇ ਜਿਵੇਂ ਕਸ਼ਮੀਰ ਵਿਚ ਫੋਰਸਾਂ, ਫੌLਜ, ਅਰਧ ਸੈਨਿਕ ਬਲ ਅਤੇ ਕਾਲੇ ਕਾਨੂੰਨ ਥੋਪਕੇ ਕਸ਼ਮੀਰ ਦੀ ਜਮਹੂਰੀਅਤ ਅਤੇ ਵਿਧਾਨਿਕ ਵਿਲੱਖਣਤਾ ਨੂੰ ਖ਼ਤਮ ਕਰਕੇ ਯੂ.ਟੀ. ਐਲਾਨਿਆ ਗਿਆ ਹੈ, ਉਸੇ ਤਰ੍ਹਾਂ ਦਾ ਆਪ੍ਰੇਸ਼ਨ ਅਤੇ ਮੰਦਭਾਵਨਾ ਪੰਜਾਬ ਸੂਬੇ ਨੂੰ ਵੀ ਯੂ.ਟੀ. ਬਣਾਉਣ ਦੀ ਹੈ । ਜੇਕਰ ਹੁਕਮਰਾਨਾਂ ਨੇ ਅਜਿਹੀ ਖ਼ਤਰਨਾਕ ਖੇਡ ਪੰਜਾਬ ਵਿਚ ਖੇਂਡਣ ਦੀ ਗੁਸਤਾਖੀ ਕੀਤੀ ਤਾਂ ਇਸਦੇ ਨਿਕਲਣ ਵਾਲੇ ਭੈੜੇ ਨਤੀਜਿਆ ਲਈ ਇਹ ਗੈਰ-ਜਮਹੂਰੀਅਤ ਅਤੇ ਗੈਰ-ਸਮਾਜਿਕ ਅਮਲ ਕਰਨ ਵਾਲੇ ਮੌਜੂਦਾ ਸੈਂਟਰ ਦੇ ਹੁਕਮਰਾਨ, ਬੀਜੇਪੀ-ਆਰ.ਐਸ.ਐਸ. ਵਰਗੀਆਂ ਜਮਾਤਾਂ ਸਿੱਧੇ ਤੌਰ ਤੇ ਹੋਣਗੀਆ ਅਤੇ ਅਜਿਹੇ ਅਮਲਾਂ ਨੂੰ ਪੰਜਾਬੀ ਤੇ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰਨਗੇ । ਅਜਿਹਾ ਅਮਲ ਕਰਦੇ ਹੋਏ ਸਭ ਸੰਚਾਰ ਸਾਧਨ, ਇੰਟਰਨੈਟ ਸੇਵਾਵਾਂ ਅਤੇ ਹੋਰ ਸੰਦੇਸ਼ ਸਾਧਨਾਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਗਈ ਹੈ ਤਾਂ ਕਿ ਇਸ ਜ਼ਬਰ-ਜੁਲਮ ਦੀ ਕੋਈ ਖ਼ਬਰ ਮੁਲਕ ਵਿਚ ਅਤੇ ਵਿਦੇਸ਼ਾਂ ਵਿਚ ਨਾ ਫੈਲ ਸਕੇ । ਇਸ ਕੰਮ ਲਈ ਐਨ.ਐਸ.ਜੀ. ਨੂੰ ਹਰਿਆਣਾ ਤੇ ਦਿੱਲੀ ਪੁਲਿਸ ਮਦਦ ਕਰਨਗੇ । ਇਸ ਆੜ ਹੇਠ ਸਿੱਖ ਨੌਜ਼ਵਾਨੀ ਉਤੇ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ ਦੇ ਨਿਰਆਧਾਰ ਦੋਸ਼ ਲਗਾਕੇ ਵੱਡੇ ਪੱਧਰ ਤੇ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰੀਆਂ ਵੀ ਕੀਤੀਆ ਜਾਣਗੀਆ । ਸਿੱਖਾਂ ਨੂੰ ਹਥਿਆਰ ਰਹਿਤ ਕਰਨ ਲਈ ਇਸੇ ਲੜੀ ਵਿਚ ਆਪ੍ਰੇਸ਼ਨ ਜਾਰੀ ਰਹੇਗਾ ।
ਸ. ਮਾਨ ਨੇ ਕੌਮਾਂਤਰੀ ਸਮੁੱਚੇ ਮੁਲਕਾਂ ਦੀ ਜਥੇਬੰਦੀ ਯੂ.ਐਨ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਅਤੇ ਵੱਖ-ਵੱਖ ਜਮਹੂਰੀਅਤ ਪਸ਼ੰਦ ਵੱਡੇ ਮੁਲਕਾਂ ਅਤੇ ਇਨ੍ਹਾਂ ਮੁਲਕਾਂ ਵਿਚ ਮਨੁੱਖੀ ਅਧਿਕਾਰਾਂ ਅਤੇ ਅਮਨ-ਚੈਨ ਦੀ ਕਾਇਮੀ ਲਈ ਕੰਮ ਕਰਨ ਵਾਲੀਆ ਕੌਮਾਂਤਰੀ ਸਖਸ਼ੀਅਤਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਇੰਡੀਆਂ ਦੀ ਮੋਦੀ ਫਿਰਕੂ ਹਕੂਮਤ ਪਹਿਲੋ ਹੀ ਮੁਲਕ ਦੇ ਕਿਸਾਨ-ਮਜ਼ਦੂਰਾਂ ਅਤੇ ਘੱਟ ਗਿਣਤੀ ਕੌਮਾਂ ਨਾਲ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਜ਼ਬਰ-ਜੁਲਮ ਕਰਦੀ ਆ ਰਹੀ ਹੈ । ਹੁਣ ਇਸ ਜ਼ਬਰ ਨੂੰ ਤਾਨਾਸ਼ਾਹੀ ਸੋਚ ਅਧੀਨ ਅੱਗੇ ਵਧਾਉਣ ਲਈ ਜੋ ਖ਼ਤਰਨਾਕ ਗੰਭੀਰ ਨਤੀਜੇ ਨਿਕਲਣ ਵਾਲਾ ਆਪ੍ਰੇਸ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਅਧੀਨ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾਂ ਬਣਾਉਣ ਦੇ ਮਨਸੂਬੇ ਹਨ, ਉਸ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਅਤੇ ਇਨਸਾਨੀ ਜ਼ਿੰਦਗਾਨੀਆ ਦੀ ਰੱਖਿਆ ਲਈ ਉਪਰੋਕਤ ਸਭ ਸੰਗਠਨ ਅਤੇ ਸਖਸ਼ੀਅਤਾਂ ਕੌਮਾਂਤਰੀ ਪੱਧਰ ਤੇ ਸੈਂਟਰ ਦੀ ਮੋਦੀ ਹਕੂਮਤ ਦੇ ਅਣਮਨੁੱਖੀ ਕੀਤੇ ਜਾਣ ਵਾਲੇ ਅਮਲਾਂ ਵਿਰੁੱਧ ਆਵਾਜ਼ ਉਠਾਉਣ ਅਤੇ ਇਸ ਘੜੀ ਗਈ ਸਾਜ਼ਿਸ ਦਾ ਅਮਲ ਹੋਣ ਤੋਂ ਸੰਜ਼ੀਦਗੀ ਨਾਲ ਰੋਕਣ ਤਾਂ ਕਿ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਿਸਾਨਾਂ-ਮਜ਼ਦੂਰਾਂ, ਆੜਤੀਆ, ਵਪਾਰੀਆ, ਕਾਰੋਬਾਰੀ, ਟਰਾਸਪੋਰਟਰਾਂ ਅਤੇ ਨੌਜ਼ਵਾਨੀ ਦੇ ਹੱਕ-ਹਕੂਕਾਂ ਅਤੇ ਉਨ੍ਹਾਂ ਦੀਆਂ ਜਿੰਦਗਾਨੀਆਂ ਦੀ ਸੁਰੱਖਿਆ ਹੋ ਸਕੇ ।