ਬੀਜਿੰਗ – ਚੀਨ ਦੀ ਸਰਕਾਰ ਅਲੀਬਾਬਾ ਅਤੇ ਐਂਟ ਗਰੁੱਪ ਦੇ ਬਾਅਦ ਦੇਸ਼ ਦੀਆਂ ਦੂਸਰੀਆਂ ਟੈਕ ਕੰਪਨੀਆਂ ਤੇ ਵੀ ਸਖਤ ਕਾਰਵਾਈ ਕਰ ਸਕਦੀ ਹੈ। ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਪਲੇਟਫਾਰਮ ਕੰਪਨੀਆਂ (ਆਨਲਾਈਨ ਕੰਪਨੀਆਂ) ਦੇ ਖਿਲਾਫ਼ ਸਖਤ ਕਾਰਵਾਈ ਕਰ ਸਕਦੀ ਹੈ, ਜਿੰਨ੍ਹਾਂ ਨੇ ਡੇਟਾ ਅਤੇ ਮਾਰਕਿਟ ਪਾਵਰ ਤੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਦੇ ਇੰਟਰਨੈਟ ਸੈਕਟਰ ਤੇ ਚਲ ਰਹੀ ਕਾਰਵਾਈ ਤਾਂ ਬਸ ਇੱਕ ਸ਼ੁਰੂਆਤ ਹੀ ਹੈ।
ਰਾਸ਼ਟਰਪਤੀ ਜਿਨਪਿੰਗ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਉਚ ਵਿੱਤੀ ਸਲਾਹਕਾਰਾਂ ਦੇ ਨਾਲ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਰਾਸ਼ਟਰਪਤੀ ਨੇ ਉਚ ਅਧਿਕਾਰੀਆਂ ਨੂੰ ਇੰਟਰਨੈਟ ਕੰਪਨੀਆਂ ਦੀ ਨਿਗਰਾਨੀ ਕਰਨ ਅਤੇ ਮੋਨਾਪਲੀ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਅਨੁਸਾਰ ਮਾਰਕਿਟ ਵਿੱਚ ਪਾਵਰਫੁਲ ਉਦਯੋਗ ਨੂੰ ਵਧਾਇਆ ਜਾਵੇ ਅਤੇ ਬੇਕਾਰ ਪੰੂਜੀ ਵਿਸਤਾਰ ਤੇ ਰੋਕ ਲਗਾਈ ਜਾਵੇ। ਜੋ ਕੰਪਨੀਆਂ ਕੈਬ ਸਰਵਿਸ ਤੋਂ ਲੈ ਕੇ ਫੂਡ ਡਲਿਵਰੀ, ਈ-ਕਾਮਰਸ ਅਤੇ ਡਿਜ਼ੀਟਲ ਲੈਣਦੇਣ ਪਲੇਟਫਾਰਮ ਦੀ ਪੇਸ਼ਕਸ਼ ਕਰਦੀਆਂ ਹਨ, ਉਨ੍ਹਾਂ ਨੂੰ ਪਲੇਟਫਾਰਮ ਕੰਪਨੀਆਂ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।
ਇਨ੍ਹਾਂ ਕੰਪਨੀਆਂ ਦੇ ਗਾਹਕਾਂ ਦੀ ਸੰਖਿਆ ਕਰੋੜਾਂ ਵਿੱਚ ਹੈ ਅਤੇ ਇਨ੍ਹਾਂ ਦੁਆਰਾ ਅਰਬਾਂ ਡਾਲਰ ਦਾ ਵਪਾਰ ਜਨਰੇਟ ਹੁੰਦਾ ਹੈ, ਜਿਸ ਨੂੰ ਪਲੇਟਫਾਰਮ ਇਕਾਨਮੀ ਕਿਹਾ ਜਾ ਰਿਹਾ ਹੈ।