ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਅਤੇ ਪਾਰਟੀ ਵਰਕਿੰਗ ਕਮੇਟੀ ਮੈਂਬਰ ਸ: ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੀਆਂ ਚੋਣਾਂ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰਨ ਪ੍ਰਤੀ ਕੀਤਾ ਗਿਆ ਤਰਲਾ ਸਾਬਤ ਕਰਦਾ ਹੈ ਕਿ ਕਾਂਗਰਸ ਸਰਕਾਰ ਕੀਤੇ ਵਾਅਦੇ ਪੂਰੇ ਕਰਨ ’ਚ ਹੀ ਨਹੀਂ ਸਗੋਂ ਹਰ ਫ਼ਰੰਟ ’ਤੇ ਬਹੁਤ ਬੁਰੀ ਤਰਾਂ ਫੈਲ ਹੋ ਚੁੱਕੀ ਹੈ। ਸ: ਗਿੱਲ ਅੱਜ ਅਕਾਲੀ ਦਲ ਦੇ ਸਰਗਰਮ ਆਗੂ ਸ: ਹਰਜਿੰਦਰ ਸਿੰਘ ਮੱਤੇਵਾਲ ਵੱਲੋਂ ਸ਼੍ਰੋਮਣੀ ਰੁਮਾਲਾ ਸੈਂਟਰ, ਜੀ ਟੀ ਰੋਡ ਵਿਖੇ ਆਯੋਜਿਤ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਪਵਿੱਤਰ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਸਹੁੰ ਚੁੱਕ ਕੇ ਵੀ ਵਾਅਦਾ ਖ਼ਿਲਾਫ਼ੀ ਕਰਨ ਨਾਲ ਪੰਜਾਬ ਵਾਸੀਆਂ ਭਾਵਨਾਵਾਂ ਆਹਤ ਹੋਈਆਂ ਹਨ। ਇਸ ਲਈ ਆਉਣ ਵਾਲੀਆਂ ਚੋਣਾਂ ’ਚ ਪੰਜਾਬ ਦੇ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਰਾਜ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ, ਨਸ਼ੇ ਦੀ ਬੁਰਾਈ ਅੱਜ ਸਿਤਮ ’ਤੇ ਹੈ ਅਤੇ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ‘ਚ ਫ਼ੇਲ੍ਹ ਹੋਈ ਹੈ। ਬਿਜਲੀ ਦਰਾਂ ‘ਚ ਵਾਧੇ ਨੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ।
ਸਮੂਹ ਕਿਸਾਨ ਭਾਈਚਾਰਾ ਸਮਝ ਚੁੱਕਿਆ ਹੈ ਕਿ ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫ਼ੀ ਯੋਜਨਾ ਦਿਖਾਵਾ ਤੋਂ ਸਿਵਾ ਕੁਝ ਨਹੀਂ। ਕਾਂਗਰਸ ਦੇ ਚਾਰ ਸਾਲਾਂ ਦੇ ਰਾਜ ਕਾਲ ਦੌਰਾਨ ਭ੍ਰਿਸ਼ਟਾਚਾਰ, ਕੁਸ਼ਾਸਨ ਤੇ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਕੇ ਰਹਿ ਜਾਣ ਕਾਰਨ ਲੋਕ ਅਕਾਲੀ ਦਲ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵੱਲੋਂ ਕਰਾਏ ਗਏ ਵਿਕਾਸ ਅਤੇ ਸੁਪ੍ਰਸ਼ਾਸਨ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਰਾਜ ਦਾ ਫਿਰ ਤੋਂ ਵਿਕਾਸ ਕੀਤਾ ਜਾਵੇਗਾ, ਗ਼ਰੀਬ ਵਰਗ ਦੇ ਲੋਕਾਂ ਨੂੰ ਮੁੜ ਤੋਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਕਿਸਾਨੀ ਅਤੇ ਕਾਰੋਬਾਰੀਆਂ ਨੂੰ ਮੁੜ ਪੈਰਾਂ ਸਿਰ ਕਰਨ ਦੀਆਂ ਪਹਿਲ ਕਦਮੀਆਂ ਹੋਣਗੀਆਂ। ਇਸ ਮੌਕੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਚੁਣੇ ਜਾਣ ’ਤੇ : ਤਲਬੀਰ ਸਿੰਘ ਗਿੱਲ ਨੂੰ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ: ਹਰਜਿੰਦਰ ਸਿੰਘ ਮੱਤੇਵਾਲ, ਸ: ਅਵਤਾਰ ਸਿੰਘ ਟਰੱਕਾਂ ਵਾਲਾ ਅਤੇ ਪ੍ਰੋ:ਸਰਚਾਂਦ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਵਰਕਰਾਂ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਮੈਨੇਜਰ ਸ: ਬਲਬੀਰ ਸਿੰਘ, ਸਾਬਕਾ ਮੈਨੇਜਰ ਸ: ਮੰਗਲ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਮੱਤੇਵਾਲ, ਸੁਰਿੰਦਰ ਸਿੰਘ ਛਿੰਦਾ, ਗੁਰਸ਼ਰਨ ਸਿੰਘ, ਅਰਜਿੰਦਰ ਸਿੰਘ,ਗੁਰਵਿੰਦਰ ਸਿੰਘ ਸਮੇਤ ਅਨੇਕਾਂ ਵਰਕਰ ਮੌਜੂਦ ਸਨ।