ਬਚਪਨ ਤੋਂ ਹੀ ਇਕ ਕਹਾਣੀ ਸੁਣਦੇ ਚਲੇ ਆ ਰਹੇ ਹਾਂ ਕਿ ਇਕ ਅਧਿਆਪਕ ਨੇ ਆਪਣੀ ਕਲਾਸ ਦੇ ਬਲੈਕ-ਬੋਰਡ ਤੇ ਇਕ ਲਕੀਰ ਖਿੱਚੀ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸਨੂੰ ਛੋਟੀ ਕਰ ਦੇਣ। ਇਕ ਵਿਦਿਆਰਥੀ ਉਠਿਆ, ਉਸਨੇ ਮੇਜ਼ ਤੋਂ ਡਸਟਰ ਚੁਕਿਆ ਤੇ ਲਕੀਰ ਨੂੰ ਥੋੜਾ ਜਿਹਾ ਮਿਟਾ ਦਿਤਾ ਤੇ ਕਿਹਾ ਕਿ ਦੇਖੋ, ਇਹ ਲਕੀਰ ਛੋਟੀ ਹੋ ਗਈ ਹੈ। ਇਸੇਤਰ੍ਹਾਂ ਕੁਝ ਹੋਰ ਵਿਦਿਆਰਥੀ ਉਠੇ ਅਤੇ ਉਨ੍ਹਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ।
ਅਧਿਆਪਕ ਨੇ ਪੁਛਿਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਲਕੀਰ ਛੋਟੀ ਹੋ ਗਈ ਹੈ? ਵਿਦਿਆਰਥੀਆਂ ਇੱਕ ਅਵਾਜ਼ ਹੋ ਕਿਹਾ ਕਿ ਪਹਿਲਾਂ ਇਹ ਲਕੀਰ ਜਿਤਨੀ ‘ਵੱਡੀ’ ਸੀ, ਹੁਣ ਉਸ ਨਾਲੋਂ ‘ਛੋਟੀ’ ਹੋ ਗਈ ਹੈ।
ਅਧਿਆਪਕ ਨੇ ਕਿਹਾ ਕਿ ਇਹ ਤਾਂ ਕੋਈ ਗਲ ਨਹੀਂ ਬਣੀ। ਜਿਸਨੇ ਤੁਹਾਨੂੰ ਲਕੀਰ ਮਿਟਾਂਦਿਆਂ ਨਹੀਂ ਵੇਖਿਆ, ਉਹ ਕਿਵੇਂ ਮੰਨ ਲਏਗਾ ਕਿ ਇਹ ਲਕੀਰ ਪਹਿਲਾਂ ਵਡੀ ਸੀ ਤੇ ਹੁਣ ਛੋਟੀ ਹੋ ਗਈ ਹੈ?
ਵਿਦਿਆਰਥੀਆਂ ਕੋਲ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ। ਅਧਿਆਪਕ ਨੇ ਫਿਰ ਕਲਾਸ ਨੂੰ ਪੁਛਿਆ ਕਿ ਹੈ ਕੋਈ, ਜੋ ਇਸਨੂੰ ਇਸਤਰ੍ਹਾਂ ਛੋਟਿਆਂ ਕਰ ਸਕਦਾ ਹੋਵੇ, ਜਿਸ ਨਾਲ ਹਰ ਵੇਖਣ ਵਾਲਾ ਇਹ ਮੰਨ ਜਾਏ ਕਿ ਇਹ ਲਕੀਰ ਛੋਟੀ ਹੋ ਗਈ ਹੈ?
ਕਲਾਸ ਦੇ ਕਿਸੇ ਵਿਦਿਆਰਥੀ ਨੂੰ ਇਸ ਸੁਆਲ ਦਾ ਜਵਾਬ ਨਹੀਂ ਸੀ ਸੁਝ ਰਿਹਾ। ਅਚਾਨਕ ਇਕ ਵਿਦਿਆਰਥੀ, ਜੋ ਕਲਾਸ ਵਿਚ ਸਭ ਤੋਂ ਪਿਛੇ ਬੈਠਾ ਸੀ, ਆਪਣੀ ਸੀਟ ਤੋਂ ਉਠਿਆ ਤੇ ਬੜੇ ਵਿਸ਼ਵਾਸ ਨਾਲ ਬਲੈਕ-ਬੋਰਡ ਵਲ ਵਧਿਆ। ਉਸਨੇ ਦੂਸਰੇ ਵਿਦਿਆਰਥੀਆਂ ਵਾਂਗ ਮੇਜ਼ ਤੋਂ ‘ਡਸਟਰ’ ਚੁਕਣ ਦੀ ਬਜਾਏ, ‘ਚਾਕ’ ਚੁਕਿਆ ਤੇ ਅਧਿਆਪਕ ਵਲੋਂ ਖਿੱਚੀ ਹੋਈ ਲਕੀਰ ਦੇ ਨਾਲ, ਇਕ ਹੋਰ ਲਕੀਰ, ਉਸ ਨਾਲੋਂ ਕੁਝ ਵਡੀ ਖਿਚ ਦਿਤੀ ਤੇ ਕਿਹਾ ਕਿ ਲਓ ਜੀ, ਹੁਣ ਤੁਹਾਡੀ ਖਿਚੀ ਲਕੀਰ ਛੋਟੀ ਹੋ ਗਈ ਹੈ।
ਇਹ ਕਹਾਣੀ ਅੱਜ ਵੀ ਹਰ ਕੋਈ ਜਾਣਦਾ ਹੈ, ਫਿਰ ਵੀ ਉਹ ਇਸ ਗਲ ਨੂੰ ਅਪਨਾਣ ਲਈ ਤਿਆਰ ਨਹੀਂ। ਹਰ ਕਿਸੇ ਦੀ ਕੌਸ਼ਿਸ਼ ਇਹੀ ਰਹਿੰਦੀ ਹੈ ਕਿ ਉਹ ਦੂਜੇ ਦੀ ਖਿਚੀ ਲਕੀਰ ਨੂੰ ਹੀ ਮਿਟਾ ਕੇ, ਉਸਨੂੰ ਛੋਟਿਆਂ ਕਰੇ। ਬਿਲਕੁਲ ਇਹੀ ਸਥਿਤੀ ਅੱਜ ਦੇ ਸਿੱਖ ਮੁਖੀਆਂ ਦੀ ਹੀ ਨਹੀਂ, ਸਗੋਂ ਸਿੱਖੀ ਦੇ ਪ੍ਰਚਾਰਕਾਂ ਅਤੇ ਬੁਧੀਜੀਵੀਆਂ ਦੀ ਵੀ ਹੈ।
ਸਿੱਖ ਇਤਿਹਾਸ ਜਾਂ ਧਾਰਮਕ ਮਾਨਤਾਵਾਂ ਦੇ ਸੰਬੰਧ ਵਿੱਚ ਜਦੋਂ ਵੀ ਕੋਈ ਵਿਵਾਦ ਉਠਦਾ ਹੈ, ਤਾਂ ਉਹ ਉਸਦੇ ਸੰਬੰਧ ਵਿਚ ਆਪਾ-ਪੜਚੋਲਣ ਦੀ ਬਜਾਏ, ਦiੂਜਆਂ ਨੂੰ ਦੋਸ਼ੀ ਠਹਿਰਾ, ਆਪਣਾ ਪਲਾ ਝਾੜਨਾ ਸ਼ੁਰੂ ਕਰ ਦਿੰਦੇ ਹਨ। ਇਹੀ ਦੁਖਾਂਤ ਰਾਜਸੀ ਅਕਾਲੀ ਮੁਖੀਆਂ ਦਾ ਅਤੇ ਧਾਰਮਕ ਜਥੇਬੰਦੀਆਂ ਦੇ ਮੁਖੀਆਂ ਦਾ ਵੀ ਹੈ। ਅਜ ਸਿੱਖ ਸੰਸਥਾਵਾਂ ਅਤੇ ਮਾਨਤਾਵਾਂ ਦੇ ਹੋ ਰਹੇ ਘਾਣ ਲਈ ਸਿੱਖੀ-ਵਿਰੋਧੀ ਸ਼ਕਤੀਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜੋ ਇਸੇਤਰ੍ਹਾਂ ਹੈ, ਜਿਵੇਂ ਲੜਕੇ ਅਧਿਆਪਕ ਦੀ ਖਿਚੀ ਲਕੀਰ ਨੂੰ ਮਿਟਾ, ਉਸਨੂੰ ਛੋਟਿਆਂ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਕਦੀ ਕਿਸੇ ਨੇ ਇਸ ਗਲ ਦੀ ਘੋਖ ਕਰਨ ਦੀ ਲੋੜ ਹੀ ਨਹੀਂ ਸਮਝੀ ਕਿ ਉਨ੍ਹਾਂ (ਸਿੱਖ ਜਥੇਬੰਦੀਆਂ) ਵਲੋਂ ਕੀਤੇ ਜਾ ਰਹੇ ਤਿਖੇ ਵਿਰੋਧ ਦੇ ਬਾਵਜੂਦ ਵੀ ਸਿੱਖੀ ਨੂੰ ਢਾਹ ਲਾਣ ਵਾਲੀਆਂ ਸ਼ਕਤੀਆਂ ਦਾ ਫੈਲਾਅ ਕਿਉਂ ਹੁੰਦਾ ਜਾ ਰਿਹਾ ਹੈ? ਅਤੇ ਕਿਉਂ ਉਹ ਲਗਾਤਾਰ ਵੱਧ-ਫੁਲ ਰਹੀਆਂ ਹਨ? ਜ਼ਰਾ ਸੋਚ ਕੇ ਵੇਖੋ, ਇਸਦਾ ਮੁਖ ਕਾਰਣ ਤੁਹਾਨੂੰ ਇਹੀ ਜਾਪੇਗਾ, ਕਿ ਸਿੱਖੀ-ਵਿਰੋਧੀ ਸ਼ਕਤੀਆਂ, ਉਨ੍ਹਾਂ (ਸਿੱਖ ਆਗੂਆਂ) ਦੇ ਵਿਰੋਧ ਦਾ ਕੋਈ ਜਵਾਬ ਦੇਣ ਵਿਚ ਆਪਣੀ ਸ਼ਕਤੀ ਬਰਬਾਦ ਕਰਨ ਦੀ ਬਜਾਏ, ਆਪਣੇ ਮਿਥੇ ਪ੍ਰੋਗਰਾਮ ਨੂੰ ਹੀ ਸਿਰੇ ਚੜ੍ਹਾਉਣ ਵਿਚ ਸ਼ਕਤੀ ਲਾ ਰਹੀਆਂ ਹਨ, ਜਦਕਿ ਰਾਜਸੀ ਸਿੱਖ ਆਗੂਆਂ ਅਤੇ ਧਾਰਮਕ ਸਿੱਖ ਸੰਸਥਾਵਾਂ ਦੇ ਮੁਖੀਆਂ ਵਲੋਂ ਆਪਣੀ ਲਕੀਰ ਖਿੱਚ, ਉਨ੍ਹਾਂ ਦੀ ਖਿੱਚੀ ਲਕੀਰ ਨੂੰ ਛੋਟਿਆਂ ਕਰਨ ਦੀ ਬਜਾਏ, ਉਨ੍ਹਾਂ ਦੀ ਖਿੱਚੀ ਲਕੀਰ ਨੂੰ ਹੀ ਮਿਟਾਣ ਵਿਚ ਆਪਣੀ ਸ਼ਕਤੀ ਬਰਬਾਦ ਕੀਤੀ ਜਾ ਰਹੀ ਹੈ। ਨਤੀਜਾ ਪ੍ਰਤਖ ਹੋ ਸਾਹਮਣੇ ਆ ਰਿਹਾ ਹੈ ਕਿ ਸਿੱਖੀ-ਵਿਰੋਧੀ ਸ਼ਕਤੀਆਂ ਪਨਪ ਰਹੀਆਂ ਹਨ ਅਤੇ ਸਿੱਖੀ ਨੂੰ ਢਾਹ ਲਗਦੀ ਜਾ ਰਹੀ ਹੈ। ਜੇ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇਦਾਰ, ਆਪਣੀ ਸ਼ਕਤੀ, ਵਿਰੋਧੀਆਂ ਨੂੰ ਭੰਡਣ ਵਿੱਚ ਲਾ, ਬਰਬਾਦ ਦੀ ਬਜਾਏ, ਸਿੱਖੀ ਦੇ ਪ੍ਰਚਾਰ ਵਿਚ ਲਾਉਣ ਤਾਂ ਆਪਣੇ-ਆਪ ਹੀ ਸਿੱਖੀ-ਵਿਰੋਧੀਆਂ ਦੀ ਲਕੀਰ ਛੋਟੀ ਹੋ ਜਾਇਗੀ।
ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰ ਸਿੱਖ ਆਗੂਆਂ, ਪ੍ਰਚਾਰਕਾਂ ਅਤੇ ਕਹਿੰਦੇ-ਕਹਾਉਂਦੇ ਬੁਧੀਜੀਵੀਆਂ ਵਲੋਂ ਕਦੀ ਵੀ ਇਸ ਗਲ ਤੇ ਨਿਰਪਖਤਾ ਨਾਲ ਵਿਚਾਰ ਨਹੀਂ ਕੀਤੀ ਗਈ ਕਿ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦਾ ਰਾਜਨੀਤੀ-ਕਰਣ ਹੋ ਜਾਣ ਨਾਲ ਸਿੱਖੀ ਨੂੰ ਕਿਤਨੀ ਭਾਰੀ ਢਾਹ ਲਗ ਰਹੀ ਹੈ? ਉਨ੍ਹਾਂ ਕਦੀ ਇਹ ਵੀ ਨਹੀਂ ਸੋਚਿਆ ਕਿ ਜਿਸਤਰ੍ਹਾਂ ਸ੍ਰੀ ਅਕਾਲ ਤਖਤ, ਜੋ ਕਿ ਧਾਰਮਕ ਮਾਨਤਾਵਾਂ ਦੇ ਰਖਿਅਕ ਵਜੋਂ ਸਤਿਕਾਰਿਆ ਜਾਂਦਾ ਚਲਿਆ ਆ ਰਿਹਾ ਸੀ, ਦਾ ਵੀ ਅਜਿਹਾ ਰਾਜਨੀਤੀ-ਕਰਣ ਕਰ ਦਿਤਾ ਗਿਆ ਹੈ, ਕਿ ਉਸਦੀ ਨਿਰਪਖਤਾ, ਸਰਵੁਚਤਾ ਅਤੇ ਮਾਨਤਾਵਾਂ ਪੁਰ ਵੀ ਸੁਆਲੀਆ ਨਿਸ਼ਾਨ ਲਾਇਆ ਜਾਣ ਲਗਾ ਹੈ।
ਸਿੱਖ ਅਤੇ ਸਿੱਖੀ ਵਿਰੋਧੀ ਸ਼ਕਤੀਆਂ ਤਾਂ ਕੁਝ ਹੀ ਵਰਿ੍ਹਆਂ ਤੋਂ ਸਿੱਖਾਂ ਵਿਚ ਘੁਸ-ਪੈਠ ਕਰ, ਸਿੱਖੀ ਨੂੰ ਢਾਹ ਲਾਉਣ ਲਈ ਸਰਗਰਮ ਹੋਈਆਂ ਹਨ, ਜਦਕਿ ਸਿੱਖ ਨੌਜਵਾਨ ਕਈ ਵਰਿ੍ਹਆਂ ਤੋਂ ਲਗਾਤਾਰ ਸਿੱਖੀ ਵਿਰਸੇ ਨਾਲੋਂ ਟੁੱਟ, ਸਿੱਖੀ ਸਰੂਪ ਨੂੰ ਤਿਲਾਂਜਲੀ ਦਿੰਦੇ ਚਲੇ ਆ ਰਹੇ ਹਨ। ਜੇ ਇਹ ਕਿਹਾ ਜਾਏ ਕਿ ਸਾਰੀਆਂ ਹੀ ਸਿੱਖੀ-ਵਿਰੋਧੀ ਸ਼ਕਤੀਆਂ, ਸਿੱਖ ਆਗੂਆਂ, ਪ੍ਰਚਾਰਕਾਂ ’ਤੇ ਬੁਧੀਜੀਵੀਆਂ ਦੀਆਂ ਗ਼ਲਤੀਆਂ, ਅਣਗਹਿਲੀ ’ਤੇ ਸੁਆਰਥੀ ਸੋਚ ਦਾ ਲਾਭ ਉਠਾਣ ਲਈ ਹੀ ਸਰਗਰਮ ਹੋਈਆਂ ਹਨ, ਤਾਂ ਗਲਤ ਨਹੀਂ ਹੋਵੇਗਾ।
ਜੇ ਇਹ ਮੰਨ ਵੀ ਲਿਆ ਜਾਏ ਕਿ ਸਿੱਖੀ ਵਿਰੋਧੀ ਸ਼ਕਤੀਆਂ ਵਲੋਂ ਅਜਿਹਾ ਸਿੱਖੀ-ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸਦੇ ਫਲਸਰੂਪ ਸਿੱਖ ਨੌਜਵਾਨ ਸਿੱਖੀ-ਵਿਰਸੇ ਨਾਲੋਂ ਟੁਟ, ਪਤਿਤ ਹੁੰਦੇ ਜਾ ਰਹੇ ਹਨ, ਤਾਂ ਫਿਰ ਸੁਆਲ ਉਠਦਾ ਹੈ ਕਿ ਉਹ ਸਿੱਖ-ਸੰਸਥਾਵਾਂ ਕੀ ਕਰ ਰਹੀਆਂ ਹਨ, ਜੋ ਇਹ ਕਹਿੰਦਿਆਂ ਨਹੀਂ ਥਕਦੀਆਂ ਕਿ ਉਨ੍ਹਾਂ ਵਲੋਂ ਹਰ ਸਾਲ ਕਰੋੜਾਂ ਰੁਪਏ ਸਿੱੱਖੀ ਪ੍ਰਚਾਰ ਲਈ ਖਰਚ ਕੀਤੇ ਜਾ ਰਹੇ ਹਨ? ਕੀ ਇਸ ਤੋਂ ਇਹ ਨਹੀਂ ਜਾਪਦਾ ਕਿ ਸਿੱਖ ਸੰਸਥਾਵਾਂ ਵਲੋਂ ਸਿਖੀ ਦੇ ਪ੍ਰਚਾਰ ਦੇ ਨਾਂ ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਬਿਨਾਂ ਕਿਸੇ ਸਾਰਥਕ ਉਦੇਸ਼ ਦੀ ਪ੍ਰਾਪਤੀ ਨੂੰ ਮੁਖ ਰਖ ਕੇ ਖਰਚ ਕਰ ਲੁਟਾਏ ਜਾ ਰਹੇ ਹਨ, ਜਦਕਿ ਸਿੱਖੀ-ਵਿਰੋਧੀ ਸ਼ਕਤੀਆਂ ਵਲੋਂ ਬੜੇ ਹੀ ਯੋਜਨਾਬਧ ਤਰੀਕੇ ਨਾਲ, ਉਨ੍ਹਾਂ ਨਾਲੋਂ ਕਿਤੇ ਬਹੁਤ ਹੀ ਘਟ ਖਰਚ ਕਰ, ਸਿੱਖੀ ਨੂੰ ਢਾਹ ਲਾਉਣ ਦੇ ਆਪਣੇ ਉਦੇਸ਼ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਰਹੀ ਹੈ।
ਕੋਈ ਸਮਾਂ ਸੀ, ਜਦੋਂ ਸਿੱਖ ਸਟੂਡੈਂਟਸ ਫੈਡਰੇਸਨ ਸਿੱਖੀ ਦੀ ਪਨੀਰੀ ਨੂੰ ਸੰਭਾਲਣ ਦੀ ਜ਼ਿਮੇਂਦਾਰੀ ਨਿਭਾ ਰਹੀ ਸੀ, ਪਰ ਅਕਾਲੀ ਲੀਡਰਾਂ ਨੇ ਨਿਜੀ ਰਾਜਸੀ ਸੁਆਰਥ ਅਧੀਨ ਉਸਦਾ ਵੀ ਅਜਿਹਾ ਰਾਜਨੀਤੀ-ਕਰਣ ਕਰ ਦਿਤਾ ਕਿ ਉਸ ਦੀਆਂ ਵੀ ਅਕਾਲੀ ਦਲਾਂ ਵਾਂਗ ਵਖ-ਵਖ ਨਾਵਾਂ ਦੇ ਨਾਲ ਕਈ ਪ੍ਰਾਈਵੇਟ ਲਿ. ਕੰਪਨੀਆਂ ਬਣ ਗਈਆਂ ਹਨ। ਅਜ ਉਹ ਵਿਅਕਤੀ ਇਨ੍ਹਾਂ ਫੈਡਰੇਸ਼ਨਾਂ ਦੇ ਮੁਖੀ ਬਣੇ ਹੋਏ ਹਨ, ਜਿਨ੍ਹਾਂ ਦਾ ਨਾ ਕੇਵਲ ਵਿਦਿਆਰਥੀ ਜੀਵਨ ਨਾਲੋਂ ਨਾਤਾ ਟੁਟਿਆਂ ਵਰ੍ਹੇ ਬੀਤ ਗਏ ਹਨ, ਸਗੋਂ ਜਿਨ੍ਹਾਂ ਦੀਆਂ ਦਾੜ੍ਹੀਆਂ ਵੀ ਬਗੀਆਂ ਹੋ ਗਈਆਂ ਹੋਈਆਂ ਹਨ। ਅਜ ਸਿੱਖ ਵਿਦਿਆਰਥੀ ਇਨ੍ਹਾਂ ਫੈਡਰੇਸ਼ਨਾਂ ਨਾਲ ਜੁੜਨ ਲਈ, ਉਸ ਤਰ੍ਹਾਂ ਉਤਸਾਹਿਤ ਨਹੀਂ ਹੁੰਦੇ, ਜਿਵੇਂ ਪਹਿਲਾਂ ਉਤਸਾਹਿਤ ਹੋਇਆ ਕਰਦੇ ਸਨ। ਉਸ ਸਮੇਂ ਬਚਿਆਂ ਦੇ ਮਾਪੇ ਵੀ ਆਪਣੇ ਬਚਿਆਂ ਨੂੰ ਸਿੱਖ ਸਟੂਡੈਂਟਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਫੈਡਰੇਸ਼ਨ ਨਾਲ ਜੁੜ, ਉਨ੍ਹਾਂ ਦਾ ਬੱਚਾ ਸਿੱਖ ਇਤਿਹਾਸ ਤੇ ਧਰਮ ਤੋਂ ਜਾਣੂ ਹੋ, ਸਿੱਖੀ ਵਿਰਸੇ ਨਾਲ ਅਜਿਹੀ ਦ੍ਰਿੜ੍ਹਤਾ ਨਾਲ ਜੁੜੇਗਾ ਕਿ ਕੋਈ ਵੀ ਸਿੱਖੀ-ਵਿਰੋਧੀ ਸ਼ਕਤੀ, ਉਸਨੂੰ ਭਟਕਾ, ਗੁਮਰਾਹ ਕਰਨ ਵਿੱਚ ਸਫਲ ਨਹੀਂ ਹੋ ਸਕੇਗਾ।
…ਅਤੇ ਅੰਤ ਵਿਚ: ਅਜ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦਾ ਅਜਿਹਾ ਰਾਜਨੀਤੀ-ਕਰਣ ਕਰ ਦਿਤਾ ਗਿਆ ਹੋਇਆ ਹੈ ਕਿ ਉਨ੍ਹਾਂ ਸੰਸਥਾਵਾਂ ਦੇ ਮੁਖੀ ਸਿੱਖ ਇਤਿਹਾਸ, ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧਤਾ ਨਿਭਾਉਣ ਦੀ ਬਜਾਏ, ਉਨ੍ਹਾਂ ਰਾਜਸੀ ਪਾਰਟੀਆਂ ਪ੍ਰਤੀ ਆਪਣੀ ਵਫਾਦਾਰੀ ਨਿਭਾਣਾ ਮੁਖ ਫਰਜ਼ ਸਮਝਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਨਿਜੀ ਰਾਜਸੀ ਹਿਤ ਜੁੜੇ ਹੋਏ ਹਨ।000