ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਜਾਗੋ ਪਾਰਟੀ ਵੱਲੋਂ ਜਾਗੋ ਰਾਇਡ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸੀਸਗੰਜ ਸਾਹਿਬ ਦੀ ਕੋਤਵਾਲੀ ਵਾਲੀ ਥਾਂ ਤੋਂ ਜਾਗੋ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਥੇਦਾਰ ਸੰਤੋਖ ਸਿੰਘ ਦੇ ਕੌਮੀ ਕਾਰਜਾਂ ਦਾ ਵੇਰਵਾ ਦੇਣ ਉਪਰੰਤ ਜਾਗੋ ਰਾਇਡ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਦਰਿਆਗੰਜ, ਆਈ.ਟੀ.ਓ., ਤਿਲਕ ਬ੍ਰਿਜ ਹੁੰਦੀ ਹੋਈ ਰਾਇਡ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਸਮਾਪਤ ਹੋਈ। ਇਸ ਮੌਕੇ ਸੰਗਤਾਂ ਨੂੰ ਸੰਬੋੋਧਿਤ ਕਰਦੇ ਹੋਏ ਜੀਕੇ ਨੇ ਜਥੇਦਾਰ ਸੰਤੋਖ ਸਿੰਘ ਵੱਲੋਂ ਬਤੌਰ ਕੌਮੀ ਆਗੂ ਕੀਤੇ ਗਏ ਮੁਖ ਕਾਰਜਾਂ ‘ਤੇ ਰੌਸ਼ਨੀ ਪਾਈ।
ਜੀਕੇ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਤਵਾਲੀ ਵਾਲੀ ਥਾਂ ‘ਤੇ ਔਰੰਗਜੇਬ ਦੀ ਕੈਦ ‘ਚ ਰਹੇ ਸਨ। ਇਸ ਲਈ ਜਥੇਦਾਰ ਸੰਤੋਖ ਸਿੰਘ ਜੀ ਦਾ ਸੁਪਨਾ ਸੀ ਕਿ ਕੋਤਵਾਲੀ ਵਾਲੀ ਥਾਂ ਸਿੱਖ ਪੰਥ ਨੂੰ ਮਿਲਣੀ ਚਾਹੀਦੀ ਹੈ। ਕੋਤਵਾਲੀ ਦੀ ਥਾਂ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਲ ਮਿਲਾਉਣ ਦੀ ਸਾਰੀ ਵਿਉਂਤਬੰਦੀ ਜਥੇਦਾਰ ਜੀ ਨੇ ਕਰ ਲਈ ਸੀ। ਪਰ ਕੁਝ ਲੋਕਾਂ ਨੇ ਮੁਸਲਿਮ ਆਗੂਆਂ ਨੂੰ ਜਥੇਦਾਰ ਜੀ ਬਾਰੇ ਭੜਕਾ ਦਿੱਤਾ। ਮੁਸਲਿਮ ਆਗੂਆਂ ਨੂੰ ਸਮਝਾਇਆ ਗਿਆ ਕਿ ਜੇਕਰ ਤੁਸੀਂ ਸਿੱਖਾਂ ਨੂੰ ਕੋਤਵਾਲੀ ਵਾਲੀ ਥਾਂ ਦੇ ਦਿੱਤੀ ਤਾਂ ਫਿਰ ਇਹ ਸੁਨਹਿਰੀ ਮਸਜਿਦ ‘ਤੇ ਦਾਅਵਾ ਕਰਨਗੇ ਕਿਉਂਕਿ ਸੁਨਹਿਰੀ ਮਸਜਿਦ ਵਾਲੀ ਥਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਗਿਆ ਸੀ। ਪਰ ਜਥੇਦਾਰ ਸੰਤੋਖ ਸਿੰਘ ਨੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਬਦੁੱਲਾ ਬੁਖ਼ਾਰੀ ਨੂੰ ਵਿਸ਼ਵਾਸ ‘ਚ ਲੈ ਕੇ ਕੌਮ ਨੂੰ ਕੋਤਵਾਲੀ ਵਾਲੀ ਥਾਂ ਦਿਵਾ ਦਿੱਤੀ ਸੀ। ਨਾਲ ਹੀ ਮੁਸਲਿਮ ਆਗੂਆਂ ਨੂੰ ਵਾਇਦਾ ਕੀਤਾ ਸੀ ਕਿ ਸਿੱਖ ਕਦੇ ਵੀ ਸੁਨਹਿਰੀ ਮਸਜਿਦ ‘ਤੇ ਦਾਅਵਾ ਨਹੀਂ ਕਰਨਗੇ।
ਜੀਕੇ ਨੇ ਕਿਹਾ ਕਿ ਕੋਤਵਾਲੀ ਦੀ ਤਰ੍ਹਾਂ ਜਥੇਦਾਰ ਜੀ ਦੇ ਜੀਵਨ ਦਾ ਦੂਜਾ ਵੱਡਾ ਕੰਮ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਲੜ੍ਹੀ ਨੂੰ ਇੰਡੀਆ ਗੇਟ ਤੋਂ ਸ਼ੁਰੂ ਕਰਨਾ ਸੀ। 5 ਹਜਾਰ ਕਰੋੜ ਰੁਪਏ ਕੀਮਤ ਦੀ ਇਸ ਬਿਲਡਿੰਗ ਨੂੰ ਉਸ ਵੇਲੇ ਸ਼ੇਖੂਪੁਰਾ ਹਾਊਸ ਵੱਜੋਂ ਜਾਣਿਆ ਜਾਂਦਾ ਸੀ। 6 ਹਜਾਰ ਰੁਪਏ ਮਹੀਨੇ ‘ਤੇ ਕਿਰਾਏ ‘ਤੇ ਲੈ ਕੇ ਦਿੱਲੀ ਕਮੇਟੀ ਦੇ ਨਾਮ ਇਸ ਬਿਲਡਿੰਗ ਨੂੰ ਕਰਵਾਉਣ ਤਕ ਜਥੇਦਾਰ ਸੰਤੋਖ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਵੱਡੇ ਕਾਰਜ ਕੀਤੇ ਸਨ। ਇਸ ਸਕੂਲ ਦਾ ਪਹਿਲਾ ਵਿਦਿਆਰਥੀ ਹੋਣ ਦੇ ਨਾਤੇ ਮੇਰਾ ਗੁੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਾਲ ਗਹਿਰਾ ਜੁੜਾਵ ਹੈ। ਇਸ ਮੌਕੇ ਸੈਕੜੇ ਦੁਪਹਿਆ ਸਵਾਰਾਂ ਨੇ ਜਾਗੋ ਰਾਇਡ ‘ਚ ਭਾਗ ਲਿਆ।