“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ“ ਗੁਰਬਾਣੀ ਦੀਆਂ ਇਹਨਾਂ ਸਤਰਾਂ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਜੀਵਨ ਦਾ ਬਹੁਤ ਜ਼ਰੂਰੀ ਅੰਗ ਹੈ। ਇਹ ਸਾਡੇ ਜੀਵਨ ਦਾ ਆਧਾਰ ਹੈ। ਪਾਣੀ ਸਾਡੇ ਜੀਵਨ ਦੀਆਂ ਅਹਿਮ ਜ਼ਰੂਰਤਾਂ ਵਿੱਚੋਂ ਇਕ ਅਤਿ ਜ਼ਰੂਰੀ ਤਰਲ ਪਦਾਰਥ ਹੈ ਜਿਸ ਤੋਂ ਬਿਨਾਂ ਤਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸ਼ੁੱਧ ਅਤੇ ਸਾਫ਼ ਪਾਣੀ ਨੂੰ ਬਚਾਉਣ ਲਈ ਅਤੇ ਪਾਣੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 22 ਮਾਰਚ ਨੂੰ ਵਿਸਵ ਪਾਣੀ ਦਿਵਸ ਮਨਾਇਆ ਜਾਂਦਾ ਹੈ।
ਕਦੋਂ ਹੋਈ ਪਾਣੀ ਦਿਵਸ ਮਨਾਉਣ ਦੀ ਸ਼ੁਰੂਆਤ ?
ਸਾਲ 1992 ਵਿੱਚ ਸੰਯੁਕਤ ਰਾਸਟਰ ਦੀ ਵਾਤਾਵਰਨ ਤੇ ਵਿਕਾਸ ਸੰਬੰਧੀ ਹੋਈ ਕਾਨਫੰਰਸ ਵਿੱਚ ਸੁੱਧ ਤੇ ਸਾਫ ਪਾਣੀ ਲਈ ਅੰਤਰਰਾਸਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ ਕੀਤੀ ਗਈ ਸੀ ਤੇ ਇਸ ਉੱਪਰੰਤ ਸੰਯੁਕਤ ਰਾਸਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ। ਉਸੇ ਦਿਨ ਤੋਂ ਹਰ ਸਾਲ 22 ਮਾਰਚ ਦੇ ਦਿਨ ਪੂਰੇ ਵਿਸ਼ਵ ਵਿੱਚ ਪਾਣੀ ਦਿਵਸ ਮਨਾਇਆ ਜਾਂਦਾ ਹੈ।
ਪਾਣੀ ਦੀ ਮਹੱਤਤਾ
ਪਾਣੀ ਕੁਦਰਤ ਦਾ ਅਨਮੋਲ ਤੋਹਫਾ ਹੈ। ਪਾਣੀ ਤੋਂ ਬਗੈਰ ਮਨੁੱਖੀ ਜੀਵਨ ਸੰਭਵ ਨਹੀਂ। ਪਾਣੀ ਪੀਣ ਤੋਂ ਬਿਨਾਂ ਹੋਰ ਅਨੇਕਾਂ ਰੋਜ਼ਮਰਾ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਹੁਣ ਦੇਸ਼ ਭਰ ਵਿੱਚ ਜਿਉਂ-ਜਿਉਂ ਪਾਣੀ ਦੀ ਕਮੀ ਹੋ ਰਹੀ ਹੈ, ਤਿਉਂ-ਤਿਉਂ ਪਾਣੀ ਦੇ ਸੰਕਟ ਉਪਰ ਵੀ ਵਿਚਾਰ ਹੋਣ ਲੱਗ ਪਏ ਹਨ। ਸੰਸਾਰ ਪੱਧਰ ਤੇ ਵੱਡੀ ਗਿਣਤੀ ਵਿੱਚ ਲੋਕ ਪਾਣੀ ਨੂੰ ਤਰਸ ਰਹੇ ਹਨ। ਪਾਣੀ ਦੀ ਬਚਤ ਤੇ ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗੰਭੀਰ ਉੱਪਰਾਲੇ ਕੀਤੇ ਜਾ ਰਹੇ ਹਨ। ਦੁਨੀਆ ਵਿੱਚ ਪਾਣੀ ਦੀ ਸਾਂਭ-ਸੰਭਾਲ ਲਈ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਤਾਂ ਜੋ ਕੁਦਰਤ ਦੀ ਇਹ ਨਿਆਮਤ ਕਾਇਮ ਰਹਿ ਸਕੇ। ਇਹ ਸੰਸਥਾਂਵਾਂ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ ਟੈਸਟ ਕਰਦੀਆਂ ਹਨ ਅਤੇ ਸੁਧਾਰ ਲਈ ਯਤਨ ਕਰਦੀਆਂ ਹਨ।
ਪਾਣੀ ਦੀ ਬਚਤ ਕਿਉਂ ਹੈ ਜ਼ਰੂਰੀ ?
ਪਾਣੀ ਦੀ ਬਚਤ ਬਾਰੇ ਜਾਨਣ ਤੋਂ ਪਹਿਲਾਂ ਸਾਨੂੰ ਪਾਣੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਮਨੁੱਖ ਆਪਣੀ ਜÇੰਦਗੀ ਵਿਚ ਹੋਰ ਚੀਜਾਂ ਤੋਂ ਬਿਨਾਂ ਜੀ ਸਕਦਾ ਹੈ, ਪਰ ਉਹ ਪਾਣੀ, ਭੋਜਨ ਅਤੇ ਆਕਸੀਜਨ ਤੋਂ ਬਿਨਾਂ ਨਹੀਂ ਜੀ ਸਕਦਾ। ਪਾਣੀ ਇਨ੍ਹਾਂ ਤਿੰਨੇ ਕੀਮਤੀ ਚੀਜਾਂ ਵਿਚੋਂ ਸਭ ਤੋਂ ਮਹੱਤਵਪੂਰਣ ਹੈ। ਧਰਤੀ ਦਾ ਤਕਰੀਬਨ 70 % ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ, ਪਰ ਸਿਰਫ 2% ਪਾਣੀ ਹੀ ਪੀਣ ਯੋਗ ਹੈ। ਦੁਨੀਆ ਦੇ ਕਈ ਅਜਿਹੇ ਵੱਡੇ ਹਿੱਸੇ ਹਨ ਜਿਥੇ ਲੋਕਾਂ ਨੂੰ ਪੀਣ ਯੋਗ ਪਾਣੀ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਰੋਗ-ਕਾਰਕਾਂ, ਰੋਗਾਣੂਆਂ ਜਾਂ ਵਿਸੈਲੇ ਤੱਤਾਂ ਦੇ ਖਤਰਨਾਕ ਪੱਧਰ ਵਾਲੇ ਪਾਣੀ ਦਾ ਇਸਤੇਮਾਲ ਕਰਦੇ ਹਨ। ਇਸ ਤਰ੍ਹਾਂ ਦਾ ਪਾਣੀ ਪੀਣ ਯੋਗ ਨਹੀਂ ਹੁੰਦਾ ਹੈ। ਇਸ ਤਰ੍ਹਾਂ ਦਾ ਜ਼ਹਿਰੀਲਾ ਪਾਣੀ ਪੀਣ ਨਾਲ ਕਈ ਜਾਨਲੇਵਾ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਇਹ ਪਾਣੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
ਅੱਜ ਪਾਣੀ ਦੀ ਇੱਕ-ਇੱਕ ਬੂੰਦ ਬਹੁਤ ਕੀਮਤੀ ਹੈ। ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜੇਕਰ ਅੱਜ ਅਸੀਂ ਪਾਣੀ ਦੀ ਬਚਤ ਨਹੀਂ ਕਰਾਂਗੇ ਤਾਂ ਪਾਣੀ ਦੀ ਹਰੇਕ ਬੂੰਦ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਰਸ ਜਾਣਗੀਆਂ। ਪਾਣੀ ਬਚਾਉਣਾ ਹਰ ਮਨੁੱਖ ਦੀ ਜ਼ਿੰਮੇਵਾਰੀ ਹੈ। ਸਾਨੂੰ ਅੱਜ ਤੋਂ ਹੀ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਪੈਣਗੇ ਅਤੇ ਇਸਨੂੰ ਬਰਬਾਦ ਹੋਣ ਤੋਂ ਬਚਾਉਣਾ ਪਵੇਗਾ।
ਕਿਵੇਂ ਕਰੀਏ ਪਾਣੀ ਦੀ ਬਚਤ ?
ਜੇਕਰ ਸਾਰੀ ਦੁਨੀਆ ਦੇ ਲੋਕ ਥੋੜ੍ਹਾ ਜਿਹਾ ਪਾਣੀ ਵੀ ਬਚਾਉਣਗੇ ਤਾਂ ਬਹੁਤ ਸਾਰਾ ਪਾਣੀ ਬਚਾਇਆ ਜਾ ਸਕਦੈ। ਜੇਕਰ ਅਸੀਂ ਨਹਾਉਣ ਵੇਲੇ ਸ਼ਾਵਰ ਦੀ ਬਜਾਏ ਬਾਲਟੀ ਦੀ ਵਰਤੋਂ ਕਰੀਏ, ਤਾਂ ਅਸੀਂ ਰੋਜ਼ਾਨਾ 100 ਤੋਂ 200 ਲੀਟਰ ਪਾਣੀ ਬਚਾ ਸਕਦੇ ਹਾਂ। ਸਾਨੂੰ ਕੁਦਰਤੀ ਪਾਣੀ ਜਿਵੇਂ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੀਂਹ ਦੇ ਪਾਣੀ ਨੂੰ ਮੁੜ ਵਰਤੋਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦੋਂ ਵੀ ਕਿਸੇ ਨਲ ਨੂੰ ਫਾਲਤੂ ਚੱਲਦੇ ਦੇਖੋ ਤਾਂ ਤੁਰੰਤ ਕੱਸ ਕੇ ਬੰਦ ਕਰ ਦੇਣ ਨਾਲ ਬਹੁਤ ਸਾਰਾ ਪਾਣੀ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਣ ਵਾਲਾ ਪੰਜਾਬ ਅੱਜ ਪਾਣੀ ਦੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਵਿਸ਼ਵ ਭਰ ਵਿੱਚ ਪਾਣੀ ਦਾ ਸੰਕਟ ਵੱਧਦਾ ਜਾ ਰਿਹਾ ਹੈ। ਇਸ ਸਮੇਂ ਸੰਸਾਰ ਦੀ ਅੱਧੀ ਜਨਸੰਖਿਆ ਪਾਣੀ ਦੀ ਘਾਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਨਸਾਨ ਪਾਣੀ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਜ਼ਿਆਦਾ ਕਰ ਰਿਹਾ ਹੈ। ਇਸ ਲਈ ਇਕ ਸੂਝਵਾਨ ਨਾਗਰਿਕ ਵਾਂਗ ਸਾਨੂੰ ਪਾਣੀ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਲੋਕਾਂ ਨੂੰ ਵੀ ਪਾਣੀ ਬਚਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੀ ਬੂੰਦ-ਬੂੰਦ ਲਈ ਨਾ ਤਰਸਣ।
ਕਰੀਏ ਰਲ ਮਿਲ ਕੇ ਪਾਣੀ ਦਾ ਸਤਿਕਾਰ, ਬੂੰਦ-ਬੂੰਦ ਨੂੰ ਤਰਸੇ ਨਾ ਇਹ ਸਾਡਾ ਸੰਸਾਰ।