ਇੱਕ ਪਾਸੇ ਪੰਜਾਬ ਸਰਕਾਰ ਸਤਿਲੁਜ ਦਰਿਆ ਚ ਪ੍ਰਦੂਸ਼ਣ ਫੈਲਾ ਰਹੇ ਬੁੱਢੇ ਨਾਲੇ ਦੀ ਕਾਇਆਕਲਪ ਕਰਨ ਲਈ 650 ਕਰੋੜ ਰੁਪਏ ਖਰਚਣ ਦੇ ਦਾਅਵੇ ਕਰ ਰਹੀ ਹੈ ਦੂਸਰੇ ਪਾਸੇ ਉਸੇ ਸਤਲੁਜ ਦਰਿਆ ਨੂੰ ਪਲੀਤ ਕਰਨ ਲਈ ਸ਼ਾਹਕੋਟ ਨਗਰ ਪਾਲਿਕਾ ਦਾ ਸੀਵਰੇਜ ਵਾਲਾ ਪਾਣੀ ਦਰਿਆ ਚ ਪਾਉਣ ਲਈ 8 ਕਿਲੋਮੀਟਰ ਦੀ ਪਾਈਪ ਲਾਈਨ ਪਾਕੇ ਆਪਾ ਵਿਰੋਧੀ ਕਦਮ ਚੁੱਕ ਰਹੀ ਹੈ, ਇਹ ਇਲਜ਼ਾਮ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਪ੍ਰਦੂਸ਼ਣ ਕੰਟਰੌਲ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਉਪਰੰਤ ਗੱਲਬਾਤ ਕਰਦਿਆਂ ਲਗਾਇਆ।
ਸਰਦਾਰ ਸੰਧਵਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਜਲ ਸਪਲਾਈ ਅਤੇ ਵਾਤਾਵਰਣ ਸੁਧਾਰ ਦੇ ਪ੍ਰੋਗਰਾਮਾਂ ਲਈ ਫੰਡ ਇਕੱਤਰ ਕਰਨ ਲਈ ਸ਼ਹਿਰੀ ਜਾਇਦਾਦਾਂ ਦੀ ਖਰੀਦ ਤੇ ਵੇਚ ਉਪਰ ਇਕ ਫੀਸਦੀ ਵਾਧੂ ਸਟੈਂਪ ਡਿਊਟੀ ਲਗਾ ਰਹੀ ਹੈ ਦੂਜੇ ਪਾਸੇ ਸੀਵਰੇਜ ਦਾ ਪਾਣੀ ਦਰਿਆ ਚ ਮਿਲਾਕੇ ਲੋਕਾਂ ਨੂੰ ਕੈਂਸਰ,ਕਾਲਾ ਪੀਲੀਆ ਅਤੇ ਚਮੜੀ ਆਦਿ ਦੀਆਂ ਭਿਆਨਕ ਬਿਮਾਰੀਆਂ ਪ੍ਰੋਸ ਕੇ ਦੇ ਰਹੀ ਹੈ।
ਸਰਦਾਰ ਸੰਧਵਾਂ ਨੇ ਚੇਅਰਮੈਨ ਸੀ ਪੀ ਸੀ ਬੀ ਕੋਲੋਂ ਮੰਗ ਕੀਤੀ ਕਿ ਸੀਵਰੇਜ ਦਾ ਪਾਣੀ ਦਰਿਆਵਾਂ ਚ ਪਾਉਣ ਦੀ ਬਜਾਏ ਟ੍ਰੀਟਮੈਂਟ ਪਲਾਂਟ ਲਗਾਕੇ ਖੇਤੀ ਲਈ ਵਰਤਣ ਦੇ ਦਾਅਵਿਆਂ ਨੂੰ ਅਮਲੀ ਰੂਪ ਦਿੱਤਾ ਜਾਵੇ ਅਤੇ ਸ਼ਾਹਕੋਟ ਸੀਵਰੇਜ ਸਿਸਟਮ ਦਾ ਪਾਣੀ ਦਰਿਆ ਸਤਲੁਜ ਚ ਪਾਉਣ ਤੇ ਤੁਰੰਤ ਰੋਕ ਲਗਾਈ ਜਾਵੇ। ਇਸ ਮੌਕੇ ਉਹਨਾਂ ਨਾਲ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋਡ਼ੀ ਵੀ ਮਜੂਦ ਸਨ।