ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਪ੍ਰੋਫੈਸ਼ਨਲ ਐਜੂਕੇਸ਼ਨ ਦੇ ਖੇਤਰ ’ਚ ਜਿੱਥੇ ਵਿਦਿਆਰਥੀਆਂ ਨੂੰ ਸ਼ਾਨਦਾਰ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਉਥੇ ਹੀ ਸੰਸਥਾ ਹੋਣ ਦੇ ਨਾਤੇ ਸਮਾਜਿਕ ਪੱਧਰ ’ਤੇ ਵੱਖ-ਵੱਖ ਗਤੀਵਿਧੀਆਂ ਨਾਲ ਆਪਣਾ ਯੋਗਦਾਨ ਪਾ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲੋੜਵੰਦ ਪਰਿਵਾਰ ਦੀ ਜ਼ਿੰਦਗੀ ’ਚ ਰੰਗ ਅਤੇ ਖੁਸ਼ੀਆਂ ਭਰਨ ਦਾ ਨਿਮਾਣਾ ਯਤਨ ਕੀਤਾ ਗਿਆ ਹੈ। ’ਵਰਸਿਟੀ ਵੱਲੋਂ ਸੰਸਥਾਗਤ ਸਮਾਜਿਕ ਜ਼ਿੰਮੇਵਾਰੀ (ਆਈ.ਐਸ.ਆਰ) ਤਹਿਤ ਗੋਦ ਲਏ ਪਿੰਡ ਘੜੂੰਆਂ ਵਿਖੇ 9 ਮੈਂਬਰੀ ਲੋੜਵੰਦ ਪਰਿਵਾਰ ਦੇ ਘਰ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਫਰਨੀਚਰ ਭੇਟ ਕੀਤਾ ਗਿਆ ਹੈ, ਜਿਸ ’ਚ ਅਲਮਾਰੀਆਂ, ਬੈੱਡ, ਕੁਰਸੀਆਂ ਅਤੇ ਹੋਰ ਲੋੜੀਂਦਾ ਸਮਾਨ ਸ਼ਾਮਲ ਹੈ। ‘ਵਰਸਿਟੀ ਵੱਲੋਂ ਇਹ ਉਪਰਾਲਾ ‘ਰੰਗਲਾ ਪੰਜਾਬ‘ ਮੁਹਿੰਮ ਅਧੀਨ ਕੀਤਾ ਗਿਆ ਹੈ, ਜਿਸ ਤਹਿਤ ਭਵਿੱਖ ‘ਚ ਵੀ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਇਸ ਸਬੰਧੀ ਗੱਲਬਾਤ ਕਰਦਿਆਂ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੇਸ਼ੇ ਵਜੋਂ ਪਹਿਲਾ ਉਹ ਟਰੱਕ ਡਰਾਇਵਰ ਸੀ। ਪਰ ਪਿਛਲੇ ਸਾਲ ਲੋਹੜੀ ਦੇ ਤਿਉਹਾਰ ਮੌਕੇ ਕਾਨਪੁਰ ਵਿਖੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਉਸਦੀ ਇੱਕ ਲੱਤ ਕੱਟੀ ਗਈ ਸੀ, ਜਿਸ ਤੋਂ ਬਾਅਦ ਉਹ ਕੋਈ ਵੀ ਕੰਮਕਾਜ ਕਰਨ ਤੋਂ ਅਸਮਰਥ ਹੋ ਗਿਆ। ਜਿਸ ਤੋਂ ਬਾਅਦ ਉਸਦਾ ਸਮੁੱਚਾ ਪਰਿਵਾਰ ਆਰਥਿਕ ਚਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਦੀ ਹਾਲਤ ਵੀ ਖਸਤਾ ਹੋ ਚੁੱਕੀ ਸੀ। ਉਨ੍ਹਾਂ ਦਸਿਆ ਕਿ ਉਸਦੇ ਪਿਤਾ ਭੋਲਾ ਸਿੰਘ ਵੀ ਮੋਢਾ ਅਤੇ ਬਾਂਹ ਟੁੱਟ ਜਾਣ ਕਰਕੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਉਸਦੇ ਪਰਿਵਾਰ ’ਚ ਕੁੱਲ 9 ਜੀਅ ਹਨ, ਜਿਸ ਦੀ ਸਾਰੀ ਜ਼ਿੰਮੇਵਾਰੀ ਉਸਦੇ ਭਰਾ ’ਤੇ ਆ ਗਈ ਹੈ, ਜੋ ਆਪਣਾ ਗੁਜ਼ਾਰਾ ਦਿਹਾੜੀ ਕਰਕੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲ ਇੱਕ ਲੜਕਾ ਅਤੇ ਇੱਕ ਲੜਕੀ ਹੈ ਅਤੇ ਉਸ ਦੇ ਭਰਾ ਕੋਲ ਤਿੰਨ ਲੜਕੀਆਂ ਹਨ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਦਾ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਉਸਦੇ ਘਰ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਲੋੜੀਂਦਾ ਫਰਨੀਚਰ ਵੀ ਭੇਂਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਕਮਰਿਆਂ ਅਤੇ ਚਾਰਦਿਵਾਰੀ ਨੂੰ ਪੇਂਟ ਕਰਵਾਉਣ ਦੇ ਨਾਲ-ਨਾਲ ਖਿੜਕੀਆਂ ਅਤੇ ਦਰਵਾਜੇ ਵੀ ਲਗਾਏ ਗਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ’ਵਰਸਿਟੀ ਦਾ ਉਦੇਸ਼ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਤਹਿਤ ਵੀ ਉਪਰਾਲੇ ਕੀਤੇ ਜਾਣ।ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਕੈਂਪਸ ਨੇੜਲੇ ਛੇ ਪਿੰਡ ਗੋਦ ਲਏ ਗਏ ਹਨ, ਜਿਨ੍ਹਾਂ ’ਚ ਘੜੂੰਆਂ, ਬੱਤਾ, ਮਾਨਖੇੜੀ, ਮਾਮੂਪੁਰ, ਰੁੜਕੀ ਪੁਖਤਾ ਅਤੇ ਮਡੌਲੀ ਪਿੰਡਾਂ ਦੇ ਨਾਮ ਸ਼ਾਮਲ ਹਨ।’ਵਰਸਿਟੀ ਵੱਲੋਂ ਇਨ੍ਹਾਂ ਪਿੰਡਾਂ ’ਚ ਸਮੇਂ ਸਮੇਂ ’ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਾਲ-ਨਾਲ ਹਰ ਲੋੜਵੰਦ ਨੂੰ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਹੋਣ ਦੇ ਨਾਤੇ ਚੰਡੀਗੜ੍ਹ ਯੂਨੀਵਰਸਿਟੀ ਸਮਾਜਿਕ ਪੱਧਰ ’ਤੇ ਹਰ ਲੋੜਵੰਦ ਤੱਕ ਸਹਾਇਤਾ ਪਹੁੰਚਾਉਣ ਲਈ ਵਚਨਬੱਧ ਹੈ।