ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਦੀ ਕਿਸਾਨੀ-ਨੌਜ਼ਵਾਨੀ ਸਮੁੱਚੇ ਮੁਲਕ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਅਤੇ ਆਪਣੀਆ ਫ਼ਸਲਾਂ ਤੇ ਨਸ਼ਲਾਂ ਦੀ ਸੁਰੱਖਿਆ ਲਈ ਦਿੱਲੀ ਵਿਖੇ ਬੀਤੇ 4 ਮਹੀਨਿਆ ਤੋਂ ਰੋਸ਼ਮਈ ਸੰਘਰਸ਼ ਕਰਦੇ ਆ ਰਹੇ ਹਨ । ਪਰ ਅੰਨ੍ਹੇ-ਬੋਲੇ-ਗੂੰਗੇ ਫਿਰਕੂ ਹੁਕਮਰਾਨ ਇਸ ਵੱਡੇ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਬਜਾਇ ਇੰਝ ਕੁੰਭਕਰਨੀ ਨੀਂਦ ਸੁੱਤੇ ਹਨ ਜਿਵੇਂ ਕੁਝ ਨਾ ਹੋਇਆ ਹੋਵੇ । ਹੁਣ ਤੱਕ 300 ਦੇ ਕਰੀਬ ਕਿਸਾਨ ਇਸ ਸੰਘਰਸ਼ ਵਿਚ ਜਾਨਾਂ ਗੁਆ ਚੁੱਕੇ ਹਨ । ਸਰਦੀ-ਗਰਮੀ ਵਿਚ ਵੀ ਰੋਸ਼ ਧਰਨਿਆ ਵਿਚ ਬੈਠਕੇ ਕੌਮਾਂਤਰੀ ਪੱਧਰ ਉਤੇ ਆਪਣੀ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਆਵਾਜ਼ ਬੁਲੰਦ ਕਰ ਰਹੇ ਹਨ । ਪਰ ਦੂਸਰੇ ਪਾਸੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਜੋ ਹਨ, ਉਹ ਕਿਸਾਨਾਂ ਅਤੇ ਨੌਜ਼ਵਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਇ ਪੰਜਾਬ ਸੂਬੇ ਵਿਚ ਇਨ੍ਹਾਂ ਨੂੰ ਚਿੜਾਉਣ ਲਈ ਹੈਂਕੜ ਵਿਚ ਆ ਕੇ ਜਾਣਬੁੱਝ ਕੇ ਅਜਿਹੇ ਅਮਲ ਕਰ ਰਹੇ ਹਨ, ਜਿਵੇਂ ਭਾਜਪਾ ਆਗੂ ਖੰਨਾ ਨੇ ਬੀਤੇ ਸਮੇਂ ਵਿਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦਾ ਅਪਮਾਨ ਕੀਤਾ ਸੀ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕੀਤਾ ਸੀ, ਉਸੇ ਤਰ੍ਹਾਂ ਪੰਜਾਬ ਦਾ ਮਾਹੌਲ ਗੰਧਲਾ ਅਤੇ ਨਫ਼ਰਤ ਭਰਿਆ ਹੋ ਜਾਵੇ ਅਤੇ ਫਿਰ ਸੈਂਟਰ ਦੀ ਬੀਜੇਪੀ ਮੋਦੀ-ਸ਼ਾਹ ਹਕੂਮਤ ਪੰਜਾਬ ਵਿਚ ਜੰਮੂ-ਕਸ਼ਮੀਰ ਦੀ ਤਰ੍ਹਾਂ ਇਥੇ ਪ੍ਰੈਜੀਡੈਟ ਰੂਲ ਲਗਾਕੇ ਇਥੋਂ ਦੇ ਸਭ ਅਧਿਕਾਰ ਆਪਣੇ ਹੱਥ ਵਿਚ ਲੈ ਲਵੇ । ਇਹ ਖੇਡ ਅਤੇ ਸਾਜ਼ਿਸ ਅਤਿ ਖ਼ਤਰਨਾਕ ਹੈ । ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਸਾਬਤ ਨਹੀਂ ਹੋ ਸਕਣਗੇ ।”
ਇਹ ਦੋਸ਼ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਕਿਸਾਨੀ ਅਤੇ ਨੌਜ਼ਵਾਨੀ ਜ਼ਜਬਾਤਾਂ ਨੂੰ ਜਾਣਬੁੱਝ ਕੇ ਭੜਕਾਉਣ ਲਈ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਅਤੇ ਸੈਂਟਰ ਦੀ ਪੰਜਾਬ ਵਿਚ ਪ੍ਰੈਜੀਡੈਟ ਰੂਲ ਲਗਾਕੇ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਸਾਜ਼ਿਸ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੈਂਟਰ ਦੇ ਹੁਕਮਰਾਨਾਂ ਨੂੰ ਇਸਦੇ ਨਿਕਲਣ ਵਾਲੇ ਅਤਿ ਖਤਰਨਾਕ ਨਤੀਜਿਆ ਲਈ ਖ਼ਬਰਦਾਰ ਕਰਦੇ ਹੋਏ ਲਗਾਏ । ਉਨ੍ਹਾਂ ਕਿਹਾ ਕਿ ਮਲੋਟ ਅਤੇ ਬਰਨਾਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਖੁਦ ਹੀ ਮਾਹੌਲ ਨੂੰ ਗੰਧਲਾ ਕੀਤਾ ਜਾ ਰਿਹਾ ਹੈ । ਸੈਂਟਰ ਨੇ ਇਨ੍ਹਾਂ ਨੂੰ ਅਜਿਹਾ ਕਰਨ ਲਈ ਇਸ ਲਈ ਸਹਿ ਦਿੱਤੀ ਹੈ ਤਾਂ ਕਿ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਕੇ ਬਹਾਨਾ ਬਣਾਕੇ ਜੰਮੂ-ਕਸ਼ਮੀਰ ਦੀ ਤਰ੍ਹਾਂ ਇਥੇ ਹਾਲਾਤ ਬਣਾਏ ਜਾਣ ਅਤੇ ਜ਼ਬਰੀ ਪੈ੍ਰਜੀਡੈਟ ਰੂਲ ਲਗਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਸੈਂਟਰ ਨੇ ਕਿਸਾਨਾਂ ਨੂੰ ਖ਼ਤਮ ਕਰਨ ਲਈ ਅਤਿ ਖ਼ਤਰਨਾਕ ਕਾਨੂੰਨ ਜੋ ਹੋਂਦ ਵਿਚ ਲਿਆਂਦੇ ਹਨ ਇਹ ਤਾਂ ਕਿਸਾਨੀ, ਵਪਾਰ, ਟਰਾਸਪੋਰਟਰ ਅਤੇ ਹੋਰ ਕਾਰੋਬਾਰਾਂ ਨੂੰ ਠੱਪ ਕਰਨ ਵਾਲੇ ਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਦੁੱਖਦਾਇਕ ਅਮਲ ਹਨ । ਇਨ੍ਹਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਖ਼ਤਮ ਕਰਕੇ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਕਰਕੇ ਹੀ ਇੰਡੀਆ ਦੇ ਮਾਹੌਲ ਨੂੰ ਅਮਨਮਈ ਰੱਖਿਆ ਜਾ ਸਕੇਗਾ । ਜੋ ਮਾਹੌਲ ਬਣਾਇਆ ਜਾ ਰਿਹਾ ਹੈ ਉਸ ਲਈ ਜ਼ਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਨਾਲ ਇਕ-ਇਕ ਐਬੂਲੈਸ, ਇਕ ਫਾਇਰਬ੍ਰਿਗੇਡ ਦੀ ਗੱਡੀ ਅਤੇ ਉਨ੍ਹਾਂ ਦੀ ਹਿਫਾਜਤ ਲਈ ਸੈਂਟਰ ਦੀਆਂ ਫੋਰਸਾਂ ਦੇ ਦਸਤੇ ਲਗਾਏ ਜਾਣੇ ਚਾਹੀਦੇ ਹਨ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਜਾਹਰ ਕੀਤਾ ਕਿ ਸੈਂਟਰ ਦੀ ਮੋਦੀ-ਸ਼ਾਹ ਹਕੂਮਤ ਨੇ ਦਿੱਲੀ ਸਟੇਟ ਦੀਆਂ ਸਭ ਵਿਧਾਨਿਕ ਹੱਕਾਂ ਨੂੰ ਖੋਹਕੇ ਦਿੱਲੀ ਦੀ ਕੇਜਰੀਵਾਲ ਹਕੂਮਤ ਨੂੰ ਹੈਡੀਕੈਪਡ ਕਰ ਦਿੱਤਾ ਹੈ । ਅਜਿਹਾ ਕਰਕੇ ਜਮਹੂਰੀ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ । ਅਜਿਹੀ ਖੇਡ ਪੰਜਾਬ ਸੂਬੇ ਵਿਚ ਖੇਡਣ ਦੀ ਮੰਦਭਾਵਨਾ ਅਧੀਨ ਤਿਆਰੀ ਹੋ ਰਹੀ ਹੈ । ਜਿਸ ਤੋਂ ਪੰਜਾਬੀਆ ਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਸੈਂਟਰ ਦੇ ਅਤੇ ਪੰਜਾਬ ਦੇ ਭਾਜਪਾ ਆਗੂਆ ਦੀਆਂ ਦਿਸ਼ਾਹੀਣ ਨੀਤੀਆ ਵਿਰੁੱਧ ਇਕਜੁੱਟ ਹੋ ਕੇ ਡੱਟਣਾ ਵੀ ਪਵੇਗਾ ਅਤੇ ਉਨ੍ਹਾਂ ਦੀਆਂ ਸਾਜ਼ਿਸਾਂ ਨੂੰ ਅਸਫਲ ਬਣਾਉਣ ਲਈ ਇਸ ਚੁਣੋਤੀ ਨੂੰ ਪ੍ਰਵਾਨ ਵੀ ਕਰਨਾ ਪਵੇਗਾ ।
ਸ. ਮਾਨ ਨੇ ਸ੍ਰੀ ਮੋਦੀ ਦੇ ਅਮਲਾਂ ਤੇ ਕਾਰਵਾਈਆ ਨੂੰ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਸੀ੍ਰ ਮੋਦੀ ਹੁਣੇ ਹੀ ਬੰਗਲਾਦੇਸ਼ ਵਿਚ ਗਏ ਹਨ ਜਿਥੇ ਇਨ੍ਹਾਂ ਦੀ ਹਿਫਾਜਤ ਤੇ ਵਿਰੋਧਤਾ ਨੂੰ ਰੋਕਣ ਲਈ ਉਥੋਂ ਦੀ ਸਰਕਾਰ ਨੂੰ 7 ਮੁਸਲਮਾਨਾਂ ਨੂੰ ਗੋਲੀ ਨਾਲ ਮਾਰਨ ਲਈ ਮਜਬੂਰ ਹੋਣਾ ਪਿਆ । ਸ੍ਰੀ ਮੋਦੀ ਜਿਥੇ ਵੀ ਜਾਂਦੇ ਹਨ, ਉਥੇ ਨਫਰਤ ਭਰਿਆ ਅਤੇ ਇਨਸਾਨੀਅਤ ਵਿਰੋਧੀ ਮਾਹੌਲ ਖੁਦ-ਬ-ਖੁਦ ਬਣ ਜਾਂਦਾ ਹੈ । ਕਿਉਂਕਿ ਸ੍ਰੀ ਮੋਦੀ ਦੇ ਨਾਲ ਬੁਰਾਈ ਅਤੇ ਬਦਮਾਸ਼ੀ ਦਾ ਅਕਸ ਕੌਮਾਂਤਰੀ ਪੱਧਰ ਤੇ ਜੁੜ ਚੁੱਕਿਆ ਹੈ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੇ ਸਿਆਸੀ ਮੰਤਵਾ ਦੀ ਪੂਰਤੀ ਲਈ ਅਤੇ ਇਥੇ, ਜਿਥੇ ਵੱਡੀ ਗਿਣਤੀ ਵਿਚ ਵੱਖ-ਵੱਖ ਧਰਮ, ਕੌਮਾਂ, ਬੋਲੀ, ਭਾਸ਼ਾਂ, ਕਬੀਲੇ ਤੇ ਫਿਰਕੇ ਰਹਿੰਦੇ ਹਨ, ਉਥੇ ਉਹ ਕੱਟੜਵਾਦੀ ਹਿੰਦੂਰਾਸਟਰ ਨੂੰ ਜ਼ਬਰੀ ਕਾਇਮ ਕਰਨ ਲਈ ਜੋ ਗੈਰ-ਵਿਧਾਨਿਕ ਅਤੇ ਇਨਸਾਨੀਅਤ ਵਿਰੋਧੀ ਕਾਰਵਾਈਆ ਕਰ ਰਹੇ ਹਨ, ਉਸਦੀ ਵਿਰੋਧਤਾ ਅੱਜ ਇੰਡੀਆ ਦੇ ਹਰ ਸੂਬੇ ਦੇ ਕੋਨੇ ਵਿਚ ਹੀ ਨਹੀਂ, ਬਲਕਿ ਸੰਸਾਰ ਪੱਧਰ ਤੇ ਹਰ ਮੁਲਕ ਵਿਚ ਹੁੰਦੀ ਆ ਰਹੀ ਹੈ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸ੍ਰੀ ਮੋਦੀ, ਬੀਜੇਪੀ-ਆਰ.ਐਸ.ਐਸ. ਦੀਆਂ ਜਮਾਤਾਂ ਇਥੋਂ ਦੇ ਨਿਵਾਸੀਆ ਨੂੰ ਜਮਹੂਰੀਅਤ ਅਤੇ ਅਮਨਮਈ ਪੱਖੀ ਰਾਜ ਪ੍ਰਬੰਧ ਦੇਣ ਵਿਚ ਅਸਫਲ ਸਾਬਤ ਹੋ ਚੁੱਕੀਆ ਹਨ । ਇਸ ਲਈ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਇਥੇ ਤੇਜ਼ੀ ਨਾਲ ਸਭ ਪਾਸੇ ਅਰਾਜਕਤਾ ਫੈਲ ਜਾਵੇ, ਉਸ ਤੋਂ ਪਹਿਲੇ ਦਿੱਲੀ ਵਿਖੇ ਬੈਠੇ ਮੁਲਕ ਦੇ ਕਿਸਾਨਾਂ ਅਤੇ ਨੌਜ਼ਵਾਨਾਂ ਦੀਆਂ ਜਾਇਜ ਮੰਗਾਂ ਦੀ ਪੂਰਤੀ ਕਰਕੇ ਅਤੇ ਆਪਣੀ ਨਫ਼ਰਤ ਭਰੀ ਹਿੰਦੂ ਰਾਸਟਰਵਾਦੀ ਸੋਚ ਨੂੰ ਅਲਵਿਦਾ ਕਹਿਕੇ ਇਥੋਂ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਪਹਿਲ ਦੇਣ, ਵਰਨਾ ਨਿਕਲਣ ਵਾਲੇ ਨਤੀਜਿਆ ਲਈ ਇਹ ਉਪਰੋਕਤ ਸ੍ਰੀ ਮੋਦੀ-ਸ਼ਾਹ ਦੀ ਜੋੜੀ ਅਤੇ ਬੀਜੇਪੀ-ਆਰ.ਐਸ.ਐਸ. ਦੀਆਂ ਜਮਾਤਾਂ ਹੋਣਗੀਆ ।