ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਭਿਆਨਕ ਰੂਪ ਧਾਰਣ ਕਰਕੇ ਕੋਹਰਾਮ ਮੱਚਿਆ ਹੋਇਆ ਹੈ। ਅਜਿਹੀ ਸਥਿਤੀ ਦੇ ਬਾਵਜੂਦ ਹਰਿਦੁਆਰ ਵਿੱਚ ਮੇਲਾ ਪ੍ਰਬੰਧਕਾਂ ਅਨੁਸਾਰ ਇਸ ਸਮੇਂ ਮੇਲੇ ਵਾਲੇ ਸਥਾਨ ਤੇ ਡੇਢ ਲੱਖ ਦੇ ਕਰੀਬ ਲੋਕ ਮੌਜੂਦ ਹਨ। ਸ਼ਾਹੀ ਸਨਾਨ ਦੇ ਦਿਨ ਤੱਕ, ਮਤਲੱਬ 14 ਅਪਰੈਲ ਨੂੰ ਇਹ ਭੀੜ ਵੱਧ ਕੇ 20 ਤੋਂ 25 ਲੱਖ ਤੱਕ ਪਹੁੰਚ ਸਕਦੀ ਹੈ। ਸਥਾਨਕ ਪ੍ਰਬੰਧਕ ਇਹ ਮੰਨ ਰਹੇ ਹਨ ਕਿ ਮੇਲੇ ਵਿੱਚ ਦੋ ਗਜ਼ ਦੀ ਦੂਰੀ ਅਤੇ ਮਾਸਕ ਪਹਿਨਣ ਵਰਗੇ ਨਿਯਮਾਂ ਦਾ ਪਾਲਣ ਕਰਨਾ ਅਸੰਭਵ ਹੈ। ਕੁੰਭ ਦੀ ਇਹ ਬੇਕਾਬੂ ਭੀੜ ਦੇਸ਼ਭਰ ਵਿੱਚ ਸੁਪਰ ਸਪਰੇਡਰ ਬਣ ਕੇ ਇਸ ਮਹਾਂਮਾਰੀ ਨੂੰ ਹੋਰ ਵੀ ਭਿਆਨਕ ਸਥਿਤੀ ਵਿੱਚ ਲਿਆ ਸਕਦੀ ਹੈ।
ਸਥਾਨਕ ਪ੍ਰਬੰਧਕ ਇਹ ਮੰਨ ਰਹੇ ਹਨ ਕਿ ਅਜਿਹਾ ਹੋਣ ਨਾਲ ਵੱਡੇ ਪੱਧਰ ਤੇ ਇਹ ਵਾਇਰਸ ਫੈਲ ਸਕਦਾ ਹੈ। ਫਿਰ ਵੀ ਸੱਭ ਧਾਰਮਿਕ ਅਤੇ ਰਾਜਸੀ ਨੇਤਾ ਚੁੱਪੀ ਸਾਧੇ ਹੋਏ ਹਨ। ਹੁਣ ਮੋਦੀ ‘ਤੇ ਯੋਗੀ ਚੁੱਪ ਕਿਉਂ ਹਨ ? ਕਰੋੜਾਂ ਭਾਰਤਵਾਸੀਆਂ ਦੀਆਂ ਜਾਨਾਂ ਦੇ ਮਾਮਲੇ ਤੇ ਗ੍ਰਹਿਮੰਤਰੀ ਸ਼ਾਹ ਦੀ ਜਬਾਨ ਬੰਦ ਕਿਉਂ ਹੈ? ਦੇਸ਼ ਵਿੱਚ ਪਹਿਲਾਂ ਤੋਂ ਹੀ ਰੋਜਾਨਾ ਲੱਖਾਂ ਕੇਸ ਕੋਰੋਨਾ ਪਾਜਿਿਟਵ ਦੇ ਆ ਰਹੇ ਹਨ ਅਤੇ ਵੱਡੀ ਸੰਖਿਆ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਮੇਲੇ ਦੇ ਕੋਰੋਨਾ ਸੈਂਟਰ ਵਿੱਚ ਹੁਣ ਤੱਕ 45 ਲੋਕ ਭਰਤੀ ਕੀਤੇ ਗਏ ਹਨ ਜੋ ਕਿ ਗੰਭੀਰ ਸੰਕਰਮਣ ਨਾਲ ਪੀੜਿਤ ਹਨ। ੳਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ ਸਾਧੂਆਂ-ਸੰਤਾਂ ਨੂੰ ਮੇਲੇ ਵਿੱਚ ਆਉਣ ਤੋਂ ਰੋਕਣਾ ਸੰਭਵ ਨਹੀਂ ਹੈ। ਰਾਜ ਦੇ ਪੁਲਿਸ ਅਧਿਕਾਰੀਆਂ ਵੱਲੋਂ ਸੰਘ ਨੂੰ ਪੱਤਰ ਲਿਖ ਕੇ ਆਵਾਜਾਈ ਦੇ ਸਾਧਨਾਂ ਨੂੰ ਕੰਟਰੋਲ ਕਰਨ ਲਈ ਮੱਦਦ ਵੀ ਮੰਗੀ ਗਈ ਸੀ।
ਕੁੰਭ ਦੇ ਮੇਲੇ ਦੀ ਭੀੜ ਨੂੰ ਲੈ ਕੇ ਹੁਣ ਸਰਕਾਰ ਦੀ ਦੋਗਲੀ ਨੀਤੀ ਤੇ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਪਿੱਛਲੇ ਸਾਲ ਤਬਲੀਗੀ ਜਮਾਤ ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ। ਤਬਲੀਗੀ ਜਮਾਤ ਦੇ ਕੇਵਲ 2000 ਲੋਕਾਂ ਦੇ ਇੱਕਠੇ ਹੋਣ ਤੇ ਕਿਸ ਤਰ੍ਹਾਂ ਹੋ-ਹਲਾ ਮਚਾਇਆ ਗਿਆ ਸੀ, ਹਾਲਾਂਕਿ ਉਸ ਸਮੇਂ ਸਰਕਾਰ ਵੱਲੋਂ ਕੋਈ ਨਿਯਮ ਲਾਗੂ ਨਹੀਂ ਸੀ ਕੀਤੇ ਗਏ।ਉਦੋਂ ਅਜੇ ਇਸ ਵਾਇਰਸ ਦੀ ਸ਼ੁਰੂਆਤ ਹੀ ਸੀ। ਸੋਸ਼ਲ ਮੀਡੀਆ ਤੇ ਹੁਣ ਸਰਕਾਰ ਅਤੇ ਆਪਣੇ ਆਪ ਨੂੰ ਦੇਸ਼-ਭਗਤ ਅਖਵਾਉਣ ਵਾਲਿਆਂ ਦੀ ਚੰਗੀ ਤਰ੍ਹਾਂ ਨਾਲ ਖਿਚਾਈ ਹੋ ਰਹੀ ਹੈ।