ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ, ਉਸਨੂੰ ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਉਸਨੂੰ ਤਪਾਇਆ, ਜਿਸਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਤ-ਸਿਪਾਹੀ ਦੇ ਨਕਸ਼ਾਂ ਦੀ ਘਾੜਤ ਅਰੰਭ ਦਿੱਤੀ। ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸਨੂੰ ਸੁਆਰਨ ਵਿਚ ਆਪਣਾ ਯੋਗਦਾਨ ਪਾਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਉਸਦਾ ਰੂਪ ਨਿਖਾਰ ਦਿੱਤਾ। ਇਸਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੰਤਿਮ ਛੋਹਾਂ ਦੇ, ਪੂਰਣ ਸੰਤ-ਸਿਪਾਹੀ ਦੇ ਰੂਪ ਵਿਚ ਢਾਲ ਉਸਦੇ ਸਿਰਜਨ ਦੀ ਤਿਆਰੀ ਅਰੰਭ ਦਿੱਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਵਿਚਕਾਰੋਂ ਹਟਾ, ਸਿੱਖ ਅਤੇ ਗੁਰੂ ਵਿਚਕਾਰ ਸਿੱਧਾ ਸਬੰਧ ਕਾਇਮ ਕਰ ਦਿੱਤਾ। ਜਿਨ੍ਹਾਂ ਮਸੰਦਾਂ ਵਿਰੁੱਧ ਭਿਸ਼ਟਾਚਾਰ ਦੇ ਦੋਸ਼ਾਂ ਦੀ ਸ਼ਿਕਾਇਤ ਆਈ, ਗੁਰੂ ਜੀ ਵਲੋਂ ਉਨ੍ਹਾਂ ਦੀ ਪੜਤਾਲ ਕਰਵਾਈ ਗਈ ਅਤੇ ਜੋ ਦੋਸ਼ੀ ਸਾਬਤ ਹੋਏ, ਉਨ੍ਹਾਂ ਨੂੰ ਕਰੜੀ ਸਜ਼ਾ ਦਿੱਤੀ ਗਈ। ਇਸਦੇ ਨਾਲ ਹੀ ਸਿੱਖਾਂ ਨੂੰ ਵਹਿਮਾਂ-ਭਰਮਾਂ ਵਿਚੋਂ ਉਭਾਰਨ ਲਈ ਵੀ ਗੁਰੂ ਸਾਹਿਬ ਨੇ ਕਈ ਕੌਤਕ ਰਚੇ ਅਤੇ ਕਈ ਘਟਨਾਵਾਂ ਦੇ ਪ੍ਰਮਾਣ ਦੇ ਕੇ ਦ੍ਰਿੜ ਕਰਵਾਇਆ ਕਿ ਅਕਾਲ ਪੁਰਖ ਪੁਰ ਅਟੁੱਟ ਵਿਸ਼ਵਾਸ਼ ਰੱਖਣ ਵਾਲਿਆਂ ਅਤੇ ਉਸ ਦੇ ਭਾਣੇ ਵਿਚ ਚੱਲਣ ਵਾਲਿਆਂ ਨੂੰ ਵਹਿਮਾਂ-ਭਰਮਾਂ ਵਿਚ ਪੈਣਾ ਸ਼ੋਭਾ ਨਹੀਂ ਦਿੰਦਾ।
ਹਾਲਾਤ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੀ ਵਿਸਾਖੀ ਦੇ ਮੌਕੇ ਤੇ ਇਕ ਵਿਸ਼ਾਲ ਇੱਕਠ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਗਏ ਕਿ ਇਕ ਵਿਸ਼ੇਸ਼ ਤੇ ਨਵਾਂ ਪ੍ਰੋਗਰਾਮ ਲੈਣ ਲਈ ਸਾਰੇ ਸਿੱਖ ਹੁਮ-ਹੁਮਾ ਕੇ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ. ਨੂੰ ਅਨੰਦਪੁਰ ਸਾਹਿਬ ਵਿਖੇ ਪੁੱਜਣ।
ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਸੰਗਤਾਂ ਪਾਸ ਪੁੱਜੇ ਤਾਂ ਉਨ੍ਹਾਂ ਨੇ ਪਹਿਲਾਂ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਚੁੰਮਿਆ, ਫਿਰ ਮੱਥੇ ਨਾਲ ਛੁਹਾ, ਖੋਲ੍ਹ ਕੇ ਪੜ੍ਹਿਆ। ਸੰਗਤਾਂ ਇਹ ਜਾਣ ਕੇ ਫੁੱਲੀਆਂ ਨਾ ਸਮਾਈਆਂ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਦਰਸ਼ਨਾਂ ਅਤੇ ਨਵਾਂ ਪ੍ਰੋਗਰਾਮ ਦੇਣ ਲਈ ਸੱਦਿਆ ਹੈ। ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਵੱਡੀ ਗਿਣਤੀ ਵਿਚ ਸਿੱਖ ਤਿਆਰੀ ਕਰਨ ਵਿਚ ਰੁੱਝ ਗਏ। ਹਰ ਸਿੱਖ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਸਤਗੁਰਾਂ ਦੇ ਚਰਨਾਂ ਵਿਚ ਅਰਪਨ ਕਰਨ ਲਈ ਭੇਟਾ ਤਿਆਰ ਕਰਨ ਲੱਗ ਪਿਆ।
ਪਿਛਲੇ ਤੇਰ੍ਹਾਂ ਵਰਿ੍ਹਆਂ ਵਿਚ ਪਹਾੜੀ ਰਾਜਿਆਂ ਅਤੇ ਦਿੱਲੀ ਦੀ ਮੁਗਲ ਸਰਕਾਰ ਨਾਲ ਹੋਈਆਂ ਗੁਰੂ ਸ਼ਾਹਿਬ ਦੀਆਂ ਛੇ ਲੜਾਈਆਂ ਅਤੇ ਉਨ੍ਹਾਂ ਵਿਚ ਹੋਈ ਪਹਾੜੀ ਰਾਜਿਆਂ ਤੇ ਮੁਗ਼ਲਾਂ ਦੀ ਹਾਰ ਦਾ ਕਿਸੇ ਦੇ ਦਿਲ ਉਤੇ ਕੋਈ ਡਰ ਜਾਂ ਭੈਅ ਨਹੀਂ ਸੀ। ਕਿਸੇ ਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਸੀ ਕਿ ਗੁਰੂ ਸਾਹਿਬ ਪ੍ਰਤੀ ਉਸਦੀ ਸ਼ਰਧਾ, ਪਿਆਰ ਅਤੇ ਗੁਰੂ ਚਰਨਾਂ ਵਿਚ ਭਰੀ ਜਾਣ ਵਾਲੀ ਉਸ ਦੀ ਹਾਜ਼ਰੀ ਦਾ, ਸਮੇਂ ਦੀ ਹਕੂਮਤ ਬੁਰਾ ਮਨਾ ਗਈ ਤਾਂ ਵਾਪਸੀ ਤੇ ਉਸ ਦਾ ਕੀ ਹਾਲ ਹੋਵੇਗਾ? ਹਰ ਕੋਈ ਜੇ ਗੜੂੰਦ ਸੀ ਤਾਂ ਗੁਰੂ ਪਿਆਰ ਵਿਚ, ਜੇ ਕਿਸੇ ਦੇ ਦਿਲ ਵਿਚ ਕੋਈ ਚਿੰਤਾ ਸੀ ਤਾਂ ਕੇਵਲ ਇਹ ਕਿ ਕਿਧਰੇ ਉਸ ਦੀ ਭੇਟਾ ਦੂਜੇ ਨਾਲੋਂ ਨਿਗੂਣੀ ਨਾ ਰਹਿ ਜਾਏ, ਜੇ ਕੋਈ ਉਮਾਹ ਸੀ ਤਾਂ ਕੇਵਲ ਇਹ ਕਿ ਛੇਤੀ ਤੋਂ ਛੇਤੀ ਉਹ ਗੁਰੂ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਅਤੇ ਗੁਰੂ ਚਰਨਾਂ ਦੀ ਧੂੜ ਆਪਣੇ ਮਸਤਕ ਨਾਲ ਲਾ ਆਪਣਾ ਜੀਵਨ ਸਫਲਾ ਕਰ ਲਏ।
30 ਮਾਰਚ ਵਿਸਾਖੀ ਤੋਂ ਪਹਿਲਾਂ ਹੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ। ਸੰਗਤਾਂ ਦੇ ਨਿਵਾਸ ਅਤੇ ਅਰਾਮ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੋਏ ਸਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਰ ਸਿੱਖ ਨਿਹਾਲ ਹੋ ਰਿਹਾ ਸੀ। ਉਸਦੇ ਚਿਹਰੇ ਦੀ ਚਮਕ, ਉਸਦੀ ਖੁਸ਼ੀ ਨੂੰ ਛੁੱਪਣ ਨਹੀਂ ਸੀ ਦੇ ਰਹੀ।
ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦੀਵਾਨ ਸਜਿਆ। ਕੀਰਤਨ ਅਰੰਭ ਹੋ ਗਿਆ। ਸੰਗਤਾਂ ਇਸ਼ਨਾਨ-ਪਾਣੀ ਕਰ ਦੀਵਾਨ ਵਿਚ ਪੁੱਜਣ ਲੱਗ ਪਈਆਂ। ਥੋੜੇ ਸਮੇਂ ਵਿਚ ਹੀ ਵਿਸ਼ਾਲ ਪੰਡਾਲ ਭਰਿਆ ਗਿਆ। ਸਾਰੀਆਂ ਸੰਗਤਾਂ ਇਕ ਚਿਤ ਇਕ ਮਨ ਹੋ ਕੀਰਤਨ ਸਰਵਣ ਕਰ ਰਹੀਆਂ ਸਨ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਸਾਹਿਬ ਸਿੱਖਾਂ ਨੂੰ ਸੰਬੋਧਨ ਕਰਨ ਲਈ ਸਿੰਘਾਸਣ ਤੋਂ ਉੱਠੇ। ਸਿੱਖ ਸੰਗਤਾਂ, ਜੋ ਨਵਾਂ ਪ੍ਰੋਗਰਾਮ ਲੈਣ ਲਈ ਉਥੇ ਪੁੱਜੀਆਂ ਸਨ, ਇਕ ਟੱਕ ਗੁਰੂ ਸਾਹਿਬ ਦੇ ਚਿਹਰੇ ਵੱਲ ਵੇਖਣ ਲੱਗ ਪਈਆਂ ਅਤੇ ਆਪਣੇ ਆਪਨੂੰ ਉਨ੍ਹਾਂ ਗੁਰੂ ਸਾਹਿਬ ਦੀ ਅਵਾਜ਼ ਸੁਣਨ ਲਈ ਕੇਂਦਰਤ ਕਰ ਲਿਆ। ਕੋਈ ਵੀ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਸਾਹਿਬ ਦਾ ਕਿਹਾ ਕੋਈ ਵੀ ਸ਼ਬਦ ਉਹ ਸੁਣਨੋਂ ਖੁੰਝ ਜਾਏ ਤੇ ਉਸਨੂੰ ਕਿਸੇ ਦੂਜੇ ਤੋਂ ਪੁੱਛਣਾ ਪਏ ਕਿ ਗੁਰੂ ਸਾਹਿਬ ਨੇ ਕੀ ਕਿਹਾ ਸੀ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਠਰ੍ਹਮੇ ਨਾਲ, ਪ੍ਰੰਤੂ ਦ੍ਰਿੜਤਾ ਭਰੇ ਸ਼ਬਦਾਂ ਨਾਲ ਆਪਣੀ ਗੱਲ ਕਹਿਣੀ ਅਰੰਭ ਕੀਤੀ। ਉਨ੍ਹਾਂ ਨੇ ਉਹਨਾਂ ਹਾਲਾਤ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਪੁਰ ਅਵਤਾਰ ਧਾਰਿਆ ਸੀ। ਫਿਰ ਸੀ੍ਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤਕ ਦੇ ਹਾਲਾਤ, ਉਨ੍ਹਾਂ ਸਿੱਖਾਂ ਨੂੰ ਵਿਸਥਾਰ ਸਹਿਤ ਸੁਣਾਏ।
ਜਿਉਂ-ਜਿਉਂ ਗੁਰੂ ਸਾਹਿਬ ਇਨ੍ਹਾਂ ਹਾਲਾਤ ਦਾ ਜ਼ਿਕਰ ਕਰਦੇ ਗਏ, ਤਿਉਂ-ਤਿਉਂ ਉਨ੍ਹਾਂ ਦੇ ਚਿਹਰੇ ਦੀ ਚਮਕ ਅਤੇ ਉਸ ਵਿਚ ਸ਼ਾਮਲ ਹੋ ਰਹੀ ਲਾਲੀ ਵਧਦੀ ਗਈ। ਇਸ ਗੱਲ ਨੂੰ ਹਰ ਸਿੱਖ ਬੜੀ ਤੀਬਰਤਾ ਨਾਲ ਮਹਿਸੂਸ ਕਰ ਰਿਹਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਦਿੱਲੀ ਦੀ ਮੁਗ਼ਲ ਹਕੂਮਤ ਵਲੋਂ ਗੁਰੂ ਘਰ ਤੇ ਕੀਤੇ ਗਏ ਛੇ ਹਮਲਿਆਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਤੇ ਦਸਿਆ ਕਿ ਗੁਰੂ ਘਰ ਕੋਈ ਹਕੂਮਤ ਕਾਇਮ ਨਹੀਂ ਕਰ ਰਿਹਾ, ਕਿਸੇ ਦੀ ਜ਼ਮੀਨ ਜਾਂ ਕਿਸੇ ਦੇ ਇਲਾਕੇ ਪੁਰ ਕਬਜ਼ਾ ਕਰਨ ਦਾ ਵੀ ਉਸਦਾ ਕੋਈ ਉਦੇਸ਼ ਨਹੀਂ, ਫਿਰ ਵੀ ਗੁਰੂ ਘਰ ਤੇ ਹਮਲੇ ਕੀਤੇ ਜਾਣੇ, ਸਿੱਖ ਸੰਗਤਾਂ ਲਈ ਇਕ ਚੁਣੌਤੀ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਜ ਹਾਲਤ ਇਹ ਹੋ ਗਈ ਹੈ ਕਿ ਇਸ ਸੰਸਾਰ ਵਿਚ ਉਹੀ ਵਿਅਕਤੀ ਇੱਜ਼ਤ, ਮਾਣ ਅਤੇ ਸਨਮਾਨ ਨਾਲ ਜੀਅ ਸਕਦਾ ਹੈ, ਜਿਸਨੇ ਆਪਣਾ ਸਿਰ ਤਲੀ ਤੇ ਰੱਖਿਆ ਹੋਵੇ ਅਤੇ ਮੌਤ ਨਾਲ ਮਖੌਲ ਕਰਨ ਦਾ ਉਸ ਵਿਚ ਜਿਗਰਾ ਰੱਖਣ ਦਾ ਉਸ ਵਿਚ ਹੀਆ ਹੋਵੇ। ਇਸ ਲਈ ਲੋੜ ਹੈ ਕਿ ਅਜ ਅਜਿਹੇ ਇੱਕ ਵਿਅਕਤੀ ਦੀ, ਜੋ ਕੌਮ ਲਈ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ।
ਇਹ ਆਖਦਿਆਂ ਗੁਰੂ ਸਾਹਿਬ ਨੇ ਸੱਜੇ ਹੱਥ ਨਾਲ ਮਿਆਨ ਵਿਚੋਂ ਤਲਵਾਰ ਬਾਹਰ ਖਿੱਚ ਲਈ। ਗੁਰੂ ਸਾਹਿਬ ਦਾ ਇਹ ਰੂਪ ਦੇਖਦਿਆਂ ਹੀ ਸਾਰੇ ਦਰਬਾਰ ਵਿਚ ਸੰਨਾਟਾ ਛਾ ਗਿਆ। ਹਰ ਸਿੱਖ ਦੂਜੇ ਦਾ ਮੂੰਹ ਵੇਖਣ ਲੱਗ ਪਿਆ। ਹਰ ਇਕ ਦੀਆਂ ਅੱਖਾਂ ਵਿਚ ਸੁਆਲ ਸੀ ਕਿ ਗੁਰੂ ਸਾਹਿਬ ਕੀ ਆਖ ਰਹੇ ਹਨ? ਗੁਰੂ ਸਾਹਿਬ ਕੀ ਚਾਹੁੰਦੇ ਹਨ?
ਦੀਵਾਨ ਵਿਚ ਚੁੱਪ ਛਾ ਗਈ। ਗੁਰੂ ਸਾਹਿਬ ਨੇ ਤਿੰਨ ਵਾਰ ਆਪਣੀ ਮੰਗ ਦੁਹਰਾਈ : ‘ਲੋੜ ਹੈ ਇੱਕ ਅਜਿਹੇ ਵਿਅਕਤੀ ਦੀ, ਜੋ ਕੌਮ ਵਿਚ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ’। ਥੋੜੀ ਦੇਰ ਜੱਕੋ-ਤੱਕੀ ਰਹੀ। ਫਿਰ ਲਾਹੌਰ ਦਾ ਇਕ ਖੱਤਰੀ ਦਯਾ ਰਾਮ ਉੱਠਿਆ ਤੇ ਅੱਗੇ ਵਧ, ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸਿਰ ਝੁਕਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸਨੂੰ ਅੰਦਰ ਲੈ ਗਏ। ਥੋੜੀ ਦੇਰ ਬਾਅਦ ਲਹੂ ਨਾਲ ਲਿਬੜੀ ਤਲਵਾਰ ਲੈ ਆਪ ਮੁੜ ਬਾਹਰ ਆ ਗਏ। ਉਨ੍ਹਾਂ ਫਿਰ ਮੰਗ ਕੀਤੀ ਕਿ ਇਕ ਹੋਰ ਸਿਰ ਚਾਹੀਦਾ ਹੈ? ਇਸਤਰ੍ਹਾਂ ਉਨ੍ਹਾਂ ਪੰਜ ਵਾਰ ਸਿਰਾਂ ਦੀ ਮੰਗ ਕੀਤੀ। ਦਯਾ ਰਾਮ ਤੋਂ ਬਾਅਦ ਦਿੱਲੀ ਦਾ ਇਕ ਜੱਟ ਧਰਮ ਦਾਸ, ਉਸ ਪਿਛੋਂ ਦੁਆਰਕਾ ਦਾ ਧੋਬੀ ਮੋਹਕਮ ਚੰਦ, ਫਿਰ ਜਗਨਨਾਥ ਦਾ ਰਸੋਈਆ ਭਾਈ ਹਿੰਮਤ ਅਤੇ ਅੰਤ ਵਿਚ ਬਿਦਰ ਦਾ ਨਾਈ ਸਾਹਿਬ ਚੰਦ ਵਾਰੋ-ਵਾਰੀ ਅੱਗੇ ਵਧੇ।
ਇਕ ਤੋਂ ਬਾਅਦ ਇਕ ਨੂੰ ਗੁਰੂ ਸਾਹਿਬ ਤੰਬੂ ਦੇ ਅੰਦਰ ਲਿਜਾਂਦੇ ਅਤੇ ਉਸ ਪਿਛੋਂ ਲਹੂ-ਲਿਬੜੀ ਤਲਵਾਰ ਲੈ ਬਾਹਰ ਆਉਂਦੇ ਰਹੇ। ਹਰ ਵਾਰ ਗੁਰੂ ਸਾਹਿਬ ਦਾ ਚਿਹਰਾ ਪਹਿਲਾਂ ਨਾਲੋਂ ਵਧੇਰੇ ਲਾਲ ਹੁੰਦਾ ਸੀ ਤੇ ਉਸਦੀ ਵਧ ਰਹੀ ਚਮਕ ਵੇਖ ਕੇ ਉਸ ਪੁਰ ਕਿਸੇ ਦੀਆਂ ਨਜ਼ਰਾਂ ਨਹੀ ਸਨ ਟਿਕ ਰਹੀਆਂ। ਜਦੋਂ ਸਾਹਿਬ ਚੰਦ ਨੂੰ ਅੰਦਰ ਲਿਜਾਣ ਤੋਂ ਬਾਅਦ ਗੁਰੂ ਸਾਹਿਬ ਬਾਹਰ ਆਏ ਤਾਂ ਉਨਾਂ ਦੇ ਚਿਹਰੇ ਤੋਂ ਸੰਤੁਸ਼ਟਤਾ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਉਨ੍ਹਾਂ ਤਲਵਾਰ ਸਾਫ ਕੀਤੀ ਤੇ ਮਿਆਨ ਵਿਚ ਪਾ ਲਈ। ਸਿੰਘਾਸਣ ਤੇ ਬਿਰਾਜਮਾਨ ਹੋ, ਜਦੋਂ ਉਨ੍ਹਾਂ ਦੀਵਾਨ ਵਲ ਨਜ਼ਰ ਮਾਰੀ ਤਾਂ ਉਨ੍ਹਾਂ ਵੇਖਿਆ ਬਹੁਤ ਸਾਰੇ ਸਿੱਖ ਖਿਸਕ ਗਏ ਹੋਏ ਹਨ। ਦੀਵਾਨ ਵਿਚ ਹਾਜ਼ਰੀ ਬਹੁਤ ਘੱਟ ਰਹਿ ਗਈ ਹੈ।
ਥੋੜੀ ਦੇਰ ਵਿਚ ਹੀ ਜਦੋਂ ਪੰਜੇ ਸਿੱਖ ਨਵੇਂ ਬਸਤਰ ਪਹਿਨੀਂ ਤੰਬੂੰ ਵਿਚੋਂ ਬਾਹਰ ਆਏ ਤਾਂ ਸਭ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਹਰ ਕੋਈ ਇਕ-ਦੂਜੇ ਦਾ ਮੂੰਹ ਵੇਖ, ਅੱਖਾਂ ਹੀ ਅੱਖਾਂ ਵਿੱਚ ਅਤੇ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛ ਰਿਹਾ ਸੀ ਕਿ ਇਹ ਸਭ ਕਿਵੇਂ ਹੋ ਗਿਆ? ਗੁਰੂ ਸਾਹਿਬ ਦਾ ਇਹ ਕੀ ਕੌਤਕ ਹੈ? ਇਹ ਕੀ ਕਰਾਮਾਤ ਹੈ?
ਦੀਵਾਨ ਵਿਚ ਬੈਠੀਆਂ ਸੰਗਤਾਂ ਨੇ ਜਦੋਂ ਪੰਜਾਂ ਹੀ ਸਿੱਖਾਂ, ਜਿਨ੍ਹਾਂ ਵਾਰੋ-ਵਾਰੀ ਆਪਣੇ ਸਿਰ ਗੁਰੂ ਚਰਨਾਂ ਵਿਚ ਅਰਪਨ ਕੀਤੇ ਸਨ, ਨੂੰ ਨਵੇਂ ਰੂਪ ਵਿਚ ਅਤੇ ਮੁਸਕਰਾਉਂਦਿਆਂ ਹੋਇਆਂ ਆਪਣੇ ਸਾਮ੍ਹਣੇ ਵੇਖਿਆ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਕਦੀ ਉਨ੍ਹਾਂ ਸਿੱਖਾਂ ਵੱਲ ਦੇਖਣ, ਕਦੀ ਸਿੰਘਾਸਣ ਤੇ ਬਿਰਾਜਮਾਨ ਗੁਰੂ ਸਾਹਿਬ ਵੱਲ ਅਤੇ ਕਦੀ ਇਕ ਦੂਜੇ ਵੱਲ। ਇਉਂ ਜਾਪਦਾ ਸੀ, ਜਿਵੇਂ ਉਨ੍ਹਾਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਗੁਰੂ ਸ਼ਾਹਿਬ ਨੇ ਇਹ ਕੀ ਕੌਤਕ ਰਚਾਇਆ ਹੈ? ਪਲ ਦੀ ਪਲ ਵਿਚ ਇਹ ਹੈਰਾਨੀ ਭਰੀ ਖਬਰ ਸਾਰੇ ਅਨੰਦਪੁਰ ਸਾਹਿਬ ਵਿਖੇ ਫੈਲ ਗਈ। ਉਹ ਸਾਰੇ ਸਿੱਖ ਗੁਰੂ ਸਾਹਿਬ ਦੇ ਚਰਨਾਂ ਪੁਰ ਮੱਥਾ ਟੇਕ ਅਤੇ ਸ਼ਰਮ ਨਾਲ ਭਰੀਆਂ ਅੱਖਾਂ ਨੀਵੀਆਂ ਕਰ, ਫਿਰ ਦੀਵਾਨ ਵਿਚ ਸਜਣ ਲੱਗ ਪਏ, ਜੋ ਕੁਝ ਸਮਾਂ ਪਹਿਲਾਂ ਹੀ ਡਰਦੇ ਦੀਵਾਨ ਵਿਚੋਂ ਉੱਠ ਕੇ ਚਲੇ ਗਏ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਹੈਰਾਨੀ ਭਰੀ ਸ਼ਰਮ ਅਤੇ ਪਸ਼ਚਾਤਾਪ ਸੀ, ਜਿਸ ਕਾਰਣ ਉਹ ਅੱਖਾਂ ਉੱਚੀਆਂ ਕਰਕੇ ਗੁਰੂ ਸਾਹਿਬ ਵੱਲ ਵੇਖਣ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਹੇ।
ਸੰਤ-ਸਿਪਾਹੀ ਦੀ ਸਿਰਜਨਾ: ਜਦੋਂ ਪੰਜੇ ਸਿੰਘ ਨਵੇਂ ਬਸਤਰ ਪਹਿਨ, ਕਮਰ-ਕੱਸਾ ਕਰ, ਦੀਵਾਨ ਵਿਚ ਆ ਹਾਜ਼ਰ ਹੋਏ ਤਾਂ ਗੁਰੂ ਸਾਹਿਬ ਨੇ ਬੀਰ ਆਸਨ ਹੋ ਕੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਜਿਸ ਵਿਚ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾ ਮਿਠਾਸ ਭਰੀ। ਗੁਰੂ ਸਾਹਿਬ ਨੇ ਪਹਿਲਾਂ ਉਨ੍ਹਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਉਨ੍ਹਾਂ ਨੂੰ ਸੰਤ-ਸਿਪਾਹੀ ਦਾ ਰੂਪ ਬਖਸ਼ਿਆ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕਿਆ ਅਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਕ ਨਵਾਂ ਨੀਂਹ ਪੱਥਰ ਰੱਖਿਆ। ਇਸ ਸਥਿਤੀ ਦਾ ਵਰਨਣ ਦੂਜੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ:- ‘ਵਾਹੁ ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ’।
ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਿੰਘ ਬਣਾ ਦਿੱਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਪਦੇਸ਼ ਦਿਤਾ :- ‘ਜਾਗਤ ਜੋਤਿ ਜਪੈ ਨਿਸਬਾਸਰ। ਏਕ, ਬਿਨਾ ਮਨ ਨੇਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬੁਤ। ਗੌੜ ਮੜੀ ਮਟ ਭੂਲ ਨਾ ਮਾਨੈ। ਤੀਰਥ ਦਾਨ ਦਯਾ ਤਪ ਸੰਜਮ। ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤਿ ਜਗੈ ਘਟਿ ਮੈ ਤਬ। ਖਾਲਸ ਤਾਹਿ ਨਖਾਲਸ ਜਾਨੈ’।
ਮੈਕਾਲਿਫ ਅਨੁਸਾਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਗਿਆਨ ਅਤੇ ਭਗਤੀ ਦਾ ਰਸਤਾ ਤਿਆਗ ਦਿੱਤਾ ਤਾਂ ਵੱਡੀ ਤੋਂ ਵੱਡੀ ਰਾਜਨੀਤਿਕ ਅਤੇ ਫੌਜੀ ਸ਼ਕਤੀ ਵੀ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕੇਗੀ