ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਹੋਣ ਵਾਲੀਆ ਜਿਆਦਤੀਆ, ਬੇਇਨਸਾਫ਼ੀਆਂ ਜਾਂ ਜ਼ਬਰ-ਜੁਲਮ ਦੀ ਜਾਂਚ ਲਈ ਬਣਾਇਆ ਕੋਈ ਕਮਿਸ਼ਨ ਜਾਂ ਜਾਂਚ ਕਮੇਟੀ ਤੱਥਾਂ ਸਹਿਤ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਪੂਰੀ ਕਰਦੀ ਹੈ ਤਾਂ ਹੁਕਮਰਾਨ ਅਤੇ ਸਿਆਸਤਦਾਨ ਜਿਨ੍ਹਾਂ ਦੀ ਮਿਲੀਭੁਗਤ ਨਾਲ ਅਕਸਰ ਹੀ ਅਜਿਹੇ ਜ਼ਬਰ-ਜੁਲਮ ਹੁੰਦੇ ਹਨ ਉਹ ਅਜਿਹੇ ਸੱਚੇ ਫੈਸਲੇ ਆਉਣ ਤੋਂ ਪਹਿਲੇ ਹੀ ਇਕ ਅਜਿਹੀ ਡੂੰਘੀ ਸਾਜ਼ਿਸ ਰਚਦੇ ਹਨ ਅਤੇ ਕਿਸੇ ਵੱਡੀ ਅਦਾਲਤ ਜਿਵੇਂ ਸੁਪਰੀਮ ਕੋਰਟ ਜਾਂ ਹਾਈਕੋਰਟ ਦੀ ਦਖਲ ਅੰਦਾਜੀ ਦੀ ਗੱਲ ਕਰਕੇ ਉਸ ਆਉਣ ਵਾਲੇ ਇਨਸਾਫ਼ ਵਾਲੇ ਫੈਸਲੇ ਨੂੰ ਰੱਦ ਕਰਨ ਜਾਂ ਉਲਟਾਉਣ ਦੀ ਅਸਫ਼ਲ ਕੋਸ਼ਿਸ਼ ਕਰਕੇ ਸੱਚ ਨੂੰ ਦਬਾਉਣ ਦਾ ਅਮਲ ਕਰਦੇ ਹਨ । ਜਿਵੇਂਕਿ ਹੁਣੇ ਹੀ ਲੰਮੇਂ ਸਮੇਂ, ਬਹੁਤ ਮਿਹਨਤ ਅਤੇ ਰੁਕਾਵਟਾਂ ਦੇ ਬਾਵਜੂਦ ਜਦੋਂ ਕੰਵਰਵਿਜੇ ਪ੍ਰਤਾਪ ਸਿੰਘ ਨੇਕ ਅਤੇ ਇਮਾਨਦਾਰ ਪੁਲਿਸ ਅਫ਼ਸਰ ਦੀ ਅਗਵਾਈ ਹੇਠ ਬਣੀ ਸਿੱਟ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਤੇ ਹੁਕਮਰਾਨਾਂ ਦੇ ਸਾਹਮਣੇ ਆਪਣੀ ਰਿਪੋਰਟ ਰਾਹੀ ਸੱਚ ਨੂੰ ਪੇਸ਼ ਕਰ ਦਿੱਤਾ ਹੈ ਅਤੇ ਉਸਦੀ ਅਗਲੇਰੀ ਕਾਰਵਾਈ ਲਈ ਪੰਜਾਬ-ਹਰਿਆਣਾ ਹਾਈਕੋਰਟ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਸਜ਼ਾਵਾਂ ਦੇਣ ਦੀ ਸਿਫ਼ਾਰਿਸ ਕਰ ਦਿੱਤੀ ਹੈ ਤਾਂ ਹੁਕਮਰਾਨਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਰਗੀ ਉੱਚ ਅਦਾਲਤ ਅਤੇ ਜੱਜਾਂ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਨੂੰ ਮਿਲਣ ਵਾਲੇ ਇਨਸਾਫ਼ ਵਿਚ ਇਕ ਵਾਰੀ ਫਿਰ ਪ੍ਰਸ਼ਨ ਚਿੰਨ੍ਹ ਲਗਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ । ਸਿੱਖ ਕੌਮ ਨੂੰ ਪਹਿਲੇ ਸਿਆਸਤਦਾਨਾਂ, ਹੁਕਮਰਾਨਾਂ, ਪੁਲਿਸ ਅਫ਼ਸਰਸ਼ਾਹੀ ਉਤੇ ਤਾਂ ਪਹਿਲੇ ਹੀ ਵਿਸ਼ਵਾਸ ਨੂੰ ਵੱਡੀ ਸੱਟ ਵੱਜ ਚੁੱਕੀ ਹੈ । ਲੇਕਿਨ ਹੁਣ ਜਦੋਂ ਉੱਚ ਅਦਾਲਤਾਂ ਅਤੇ ਜੱਜ ਵੀ ਹੁਕਮਰਾਨਾਂ ਤੇ ਸਿਆਸਤਦਾਨਾਂ ਦੇ ਪ੍ਰਭਾਵ ਹੇਠ ਆ ਕੇ ਇਨਸਾਫ਼ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਸਿੱਖ ਕੌਮ ਦਾ ਵਿਸ਼ਵਾਸ ਅਦਾਲਤਾਂ ਤੇ ਕਾਨੂੰਨਾਂ ਵਿਚੋਂ ਵੀ ਉੱਠ ਚੁੱਕਿਆ ਹੈ । ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਸਿੱਟ ਵੱਲੋਂ ਕੀਤੀ ਜਾਂਚ ਸਮੁੱਚੀ ਸਿੱਖ ਕੌਮ ਨੂੰ ਪ੍ਰਵਾਨ ਹੈ, ਹੋਰ ਕਿਸੇ ਹੁਕਮਰਾਨ, ਸਿਆਸਤਦਾਨ, ਅਦਾਲਤਾਂ ਦੇ ਮੰਦਭਾਵਨਾ ਨਾਲ ਕੀਤੇ ਹੁਕਮਾਂ ਤੇ ਫੈਸਲਿਆ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਸਿੱਟ ਦੀ ਉਪਰੋਕਤ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਅਨੁਸਾਰ ਹੁਕਮਰਾਨਾਂ ਅਤੇ ਅਦਾਲਤਾਂ ਵੱਲੋਂ ਕਾਰਵਾਈ ਨਾ ਕਰਨ ਦੇ ਅਮਲਾਂ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਇਕ ਅਤਿ ਸ਼ਰਮਨਾਕ ਹਮਲਾ ਕਰਾਰ ਦਿੰਦੇ ਹੋਏ ਤੇ ਅਜਿਹੀਆ ਪੱਖਪਾਤੀ ਅਦਾਲਤਾਂ ਤੇ ਜੱਜਾਂ ਦੇ ਫੈਸਲਿਆ ਨੂੰ ਕਤਈ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨ ਅਕਸਰ ਹੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਹਰ ਔਕੜ ਤੇ ਮੁਸ਼ਕਿਲ ਵਿਚ ਇਨਸਾਨੀਅਤ ਤੇ ਮਨੁੱਖਤਾ ਦੀ ਮਦਦ ਕਰਨ ਵਾਲੀ ਸਿੱਖ ਕੌਮ ਉਤੇ ਨਿਰਆਧਾਰ ਗੈਰ-ਦਲੀਲ ਦੋਸ਼ ਲਗਾਕੇ ਬੀਤੇ ਸਮੇਂ ਵਿਚ ਵੀ ਬਦਨਾਮ ਕਰਦੇ ਆਏ ਹਨ ਅਤੇ ਇਹ ਅਤਿ ਸ਼ਰਮਨਾਕ ਖੇਡ ਹੁਕਮਰਾਨਾਂ ਦੀ ਅੱਜ ਵੀ ਜਾਰੀ ਹੈ । ਇਹੀ ਵਜਹ ਹੈ ਕਿ ਕੰਵਰਵਿਜੇ ਪ੍ਰਤਾਪ ਸਿੰਘ ਵਰਗੇ ਦ੍ਰਿੜ ਬੇਖੌਫ਼ ਅਤੇ ਇਮਾਨਦਾਰ ਅਫ਼ਸਰ ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਜਿਸ ਵਿਚ ਵੱਡੇ-ਵੱਡੇ ਸਿਆਸਤਦਾਨ, ਸੈਣੀ ਅਤੇ ਉਮਰਾਨੰਗਲ ਵਰਗੇ ਦਾਗੀ ਤੇ ਕਾਤਲ ਅਫ਼ਸਰਾਂ ਦੇ ਦਾਗੀ ਚਿਹਰੇ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਬਚਾਉਣ ਲਈ ਹੀ ਪੰਜਾਬ-ਹਰਿਆਣਾ ਹਾਈਕੋਰਟ ਵਰਗੀਆ ਵੱਡੀਆ ਅਦਾਲਤਾਂ ਤੇ ਜੱਜਾਂ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਇਥੋਂ ਦੇ ਨਿਜਾਮੀ ਪ੍ਰਬੰਧ ਨੂੰ ਦੋਸ਼ਪੂਰਨ ਬਣਾਉਣ ਲਈ ਇਹ ਹੁਕਮਰਾਨ, ਸਿਆਸਤਦਾਨ, ਅਫ਼ਸਰਸ਼ਾਹੀ ਕ੍ਰਪਟ ਅਦਾਲਤਾਂ ਅਤੇ ਜੱਜ ਜ਼ਿੰਮੇਵਾਰ ਹਨ । ਜੋ ਵਾਪਰੀਆ ਦੁੱਖਦਾਇਕ ਘਟਨਾਵਾਂ ਲਈ ਇਥੋਂ ਦੇ ਨਿਵਾਸੀਆ ਨੂੰ ਇਨਸਾਫ਼ ਦੇਣ ਤੋਂ ਭੱਜ ਰਹੇ ਹਨ । ਉਨ੍ਹਾਂ ਹੁਕਮਰਾਨਾਂ, ਸਿਆਸਤਦਾਨਾਂ, ਅਫ਼ਸਰਾਂ, ਜੱਜਾਂ ਨੂੰ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਤੋਂ ਖਬਰਦਾਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਅਮਨ-ਚੈਨ ਦੀ ਹਾਮੀ ਹੈ, ਜੇਕਰ ਇੰਡੀਆ ਜਾਂ ਪੰਜਾਬ ਸੂਬੇ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਖਤਰਾਂ ਖੜ੍ਹਾ ਹੋਇਆ ਜਾਂ ਹਾਲਾਤ ਵਿਸਫੋਟਕ ਬਣੇ ਤਾਂ ਉਸ ਲਈ ਇਹ ਸਿੱਖ ਕੌਮ ਨੂੰ ਬਣਦਾ ਇਨਸਾਫ਼ ਨਾ ਦੇਣ ਵਾਲੇ ਹੁਕਮਰਾਨ, ਸਿਆਸਤਦਾਨ, ਅਫ਼ਸਰਸਾਹੀ, ਅਦਾਲਤਾਂ ਅਤੇ ਜੱਜ ਜ਼ਿੰਮੇਵਾਰ ਹੋਣਗੇ ਨਾ ਕਿ ਸਿੱਖ ਕੌਮ । ਉਨ੍ਹਾਂ ਸਿੱਖ ਕੌਮ ਅਤੇ ਵੱਖ-ਵੱਖ ਸਿਆਸੀ, ਸਮਾਜਿਕ, ਧਾਰਮਿਕ, ਰਾਜਨੀਤਿਕ ਸੰਗਠਨਾਂ ਵਿਚ ਕੰਮ ਕਰ ਰਹੀ ਸਿੱਖ ਲੀਡਰਸ਼ਿਪ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਸਾਜ਼ਸੀ ਅਪਮਾਨ, ਲਾਪਤਾ ਅਤੇ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜਿੰਨੀ ਜਲਦੀ ਹੋ ਸਕੇ, ਇਮਾਨਦਾਰੀ ਨਾਲ ਇਕ ਹੋ ਕੇ ਹੁਕਮਰਾਨਾਂ ਵਿਰੁੱਧ ਜਮਹੂਰੀਅਤ ਢੰਗ ਨਾਲ ਸੰਘਰਸ਼ ਲੜਨ । ਫ਼ਤਹਿ ਅਵੱਸ ਸੱਚ ਅਤੇ ਸਾਡੀ ਹੋਵੇਗੀ ।