ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਤੇ ਸਿੱਖ ਧਰਮ ਦੇ ਸਭ ਤੋਂ ਸਿਰਮੌਰ ਸਤਿਕਾਰਯੋਗ ਉੱਚ ਰੁਤਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ । ਜਦੋਂ ਹੁਕਮਰਾਨ, ਸਿਆਸਤਦਾਨ ਅਤੇ ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਦੇ ਡੇਰੇ ਵਾਲੇ ਸਭ ਰਲਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਦੇ ਹਨ, ਫਿਰ ਇਸ ਸੱਚ ਨੂੰ ਸਾਹਮਣੇ ਲਿਆਉਣ ਵਾਲੀ ਸਿੱਟ ਦੀ ਜਾਂਚ ਰਿਪੋਰਟ ਨੂੰ ਇਹੀ ਲੋਕ ਸਾਜ਼ਸੀ ਢੰਗਾਂ ਰਾਹੀ ਅਦਾਲਤਾਂ ਤੇ ਜੱਜਾਂ ਦੀ ਦੁਰਵਰਤੋਂ ਕਰਕੇ ਰੱਦ ਕਰਨ ਦੀਆਂ ਸਾਜ਼ਿਸਾਂ ਦਾ ਹਿੱਸਾ ਵੀ ਬਣਦੀਆ ਹਨ । ਜਦੋਂ ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ ਰਾਜਵੀਰ ਸੇਰਾਵਤ ਵੱਲੋਂ ਹੁਕਮਰਾਨਾਂ ਤੇ ਸਿਆਸਤਦਾਨਾਂ ਦੀਆਂ ਮੰਦਭਾਵਨਾਵਾਂ ਨੂੰ ਪੂਰਨ ਕਰਦੇ ਹੋਏ ਕੰਵਰਵਿਜੇ ਪ੍ਰਤਾਪ ਸਿੰਘ ਦੁਆਰਾ ਬਹੁਤ ਮਿਹਨਤ ਅਤੇ ਵੱਡੀਆ ਰੁਕਾਵਟਾਂ ਦਾ ਸਾਹਮਣਾ ਕਰਨ ਉਪਰੰਤ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਕਾਨੂੰਨੀ ਅਮਲ ਕਰਨ ਦੀ ਬਜਾਇ ਰੱਦ ਕਰਨ ਦੀ ਗੱਲ ਸਾਹਮਣੇ ਆਈ ਤਾਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਪ੍ਰਧਾਨ ਐਸ.ਜੀ.ਪੀ.ਸੀ. ਸਮੁੱਚੇ ਮੈਂਬਰ ਐਸ.ਜੀ.ਪੀ.ਸੀ, ਦਮਦਮੀ ਟਕਸਾਲ, ਸਿੱਖ ਸਟੂਡੈਟਸ ਫੈਡਰੇਸ਼ਨਾਂ, ਕਿਸਾਨ ਯੂਨੀਅਨਾਂ, ਸੰਤ-ਮਹਾਪੁਰਖਾਂ, ਵੱਖ-ਵੱਖ ਸਿਆਸੀ ਜਮਾਤਾਂ ਕਾਂਗਰਸ, ਆਮ ਆਦਮੀ ਪਾਰਟੀ, ਸੀ.ਪੀ.ਆਈ, ਸੀ.ਪੀ.ਐਮ, ਬੀ.ਐਸ.ਪੀ, ਬਾਦਲ ਦਲ ਆਦਿ ਦੇ ਮੁੱਖੀ ਅਤੇ ਇਨ੍ਹਾਂ ਜਮਾਤਾਂ ਵਿਚ ਬੈਠੇ ਸਿੱਖ ਅਤੇ ਸਮਾਜਿਕ ਸੰਗਠਨ ਇਸ ਗੰਭੀਰ ਵਿਸ਼ੇ ਤੇ ਚੁੱਪ ਕਿਉਂ ਹਨ ? ਇਸ ਚੁੱਪੀ ਪਿੱਛੇ ਕੀ ਰਾਜ ਹੈ ?”
ਇਹ ਪ੍ਰਸ਼ਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਸੰਸਥਾਵਾਂ ਦੇ ਉੱਚ ਰੁਤਬਿਆ ਉਤੇ ਬੈਠੀਆ ਸਖਸ਼ੀਅਤਾਂ, ਸਿੱਖ ਸੰਗਠਨਾਂ ਅਤੇ ਵੱਖ-ਵੱਖ ਸਿਆਸੀ ਜਮਾਤਾਂ ਦੇ ਮੁੱਖੀਆਂ ਨੂੰ ਇਸ ਗੰਭੀਰ ਵਿਸ਼ੇ ਉਤੇ ਚੁੱਪ ਰਹਿਣ ਉਤੇ ਜੋਰਦਾਰ ਪ੍ਰਤੀਕਰਮ ਜਾਹਰ ਕਰਦੇ ਹੋਏ ਪੁੱਛਿਆ । ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਸਰਬੱਤ ਦਾ ਭਲਾ ਲੋੜਨ ਦਾ ਸੰਦੇਸ਼ ਦੇਣ ਵਾਲੇ, ਹਰ ਦੀਨ-ਦੁੱਖੀ, ਮਜ਼ਲੂਮ, ਬੇਸਹਾਰਾ, ਯਤੀਮਾ ਦੀ ਔਕੜ ਦੀ ਘੜੀ ਵਿਚ ਸਹਿਯੋਗ ਦੇਣ ਦਾ ਹੁਕਮ ਕਰਨ ਵਾਲੇ ਇਨਸਾਨੀਅਤ ਪੱਖੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆ ਨੂੰ ਪਾੜਕੇ ਰੂੜੀਆ ਉਤੇ ਸੁੱਟਣ ਅਤੇ ਇਸ ਮਹਾਨ ਗ੍ਰੰਥ ਨੂੰ ਅਪਮਾਨ ਕਰਨ ਦੇ ਦੁਖਾਂਤ ਨੂੰ ਵਾਪਰੇ ਅੱਜ 6 ਸਾਲ ਦਾ ਸਮਾਂ ਹੋ ਚੁੱਕਿਆ ਹੈ । ਇਸ ਦੌਰਾਨ ਐਸ.ਜੀ.ਪੀ.ਸੀ. ਦੀ ਸਿੱਖ ਸੰਸਥਾਂ ਵਿਚੋਂ ਵੀ 328 ਸਰੂਪਾਂ ਨੂੰ ਲਾਪਤਾ ਕੀਤਾ ਗਿਆ । ਜਦੋਂ ਵੱਡੀ ਜਾਂਚ ਅਤੇ ਮਿਹਨਤ ਤੋਂ ਬਾਅਦ ਸਿੱਟ ਨੇ ਸੱਚ ਨੂੰ ਸਾਹਮਣੇ ਲਿਆਕੇ ਰੱਖ ਦਿੱਤਾ ਹੈ ਅਤੇ ਇਸ ਰਿਪੋਰਟ ਅਨੁਸਾਰ ਅਦਾਲਤਾਂ ਅਤੇ ਸਰਕਾਰਾਂ ਵੱਲੋਂ ਸੰਜ਼ੀਦਗੀ ਨਾਲ ਅਮਲ ਕਰਨਾ ਬਣਦਾ ਹੈ, ਤਾਂ ਪੰਜਾਬ-ਹਰਿਆਣਾ ਹਾਈਕੋਰਟ ਦੇ ਹਕੂਮਤ ਪੱਖੀ ਜੱਜ ਰਾਜਵੀਰ ਸੇਰਾਵਤ ਨੇ ਹਕੂਮਤੀ ਪ੍ਰਭਾਵ ਨੂੰ ਪ੍ਰਵਾਨ ਕਰਦਿਆ ਅਤੇ ਸਿਆਸਤਦਾਨਾਂ ਦੀਆਂ ਇਛਾਵਾ ਦੀ ਪੂਰਤੀ ਕਰਦੇ ਹੋਏ ਇਸ ਸੱਚੀ ਜਾਂਚ ਰਿਪੋਰਟ ਨੂੰ ਰੱਦ ਕਰਨ ਦੀ ਗੈਰ-ਕਾਨੂੰਨੀ, ਗੈਰ-ਦਲੀਲ ਗੱਲ ਕਰਕੇ ਸਮੁੱਚੇ ਸਿੱਖ ਹਿਰਦਿਆ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ ਹੈ । ਜਸਟਿਸ ਰਾਜਵੀਰ ਸੇਰਾਵਤ ਨੇ ਅਜਿਹਾ ਕਰਦੇ ਹੋਏ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਅਤੇ ਫੈਸਲਿਆ ਨੂੰ ਵੀ ਨਜਰ ਅੰਦਾਜ ਕਰ ਦਿੱਤਾ ਜਿਸ ਅਨੁਸਾਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਪੁਲਿਸ ਦੀਆਂ ਜਾਂਚ ਰਿਪੋਰਟਾਂ ਅਤੇ ਤਫ਼ਤੀਸ ਰਿਪੋਰਟਾਂ ਨੂੰ ਕੋਈ ਅਦਾਲਤ ਜਾਂ ਜੱਜ ਰੱਦ ਨਹੀਂ ਕਰ ਸਕਦੀ । ਫਿਰ ਜਸਟਿਸ ਸੇਰਾਵਤ ਨੇ ਅਜਿਹਾ ਕਰਦੇ ਹੋਏ ਕੋਈ ਕਾਰਨ ਜਾਂ ਦਲੀਲ ਹੀ ਨਹੀਂ ਦਿੱਤੀ ਜਿਸ ਅਨੁਸਾਰ ਇਹ ਸਿੱਟ ਦੀ ਰਿਪੋਰਟ ਨੂੰ ਉਨ੍ਹਾਂ ਰੱਦ ਕੀਤਾ ਹੈ । ਜਦੋਂ ਹੁਕਮਰਾਨ, ਪੁਲਿਸ ਅਫ਼ਸਰਸ਼ਾਹੀ, ਸਿਆਸਤਦਾਨ, ਇਨਸਾਫ਼ ਦੇਣ ਵਾਲੀਆ ਅਦਾਲਤਾਂ ਅਤੇ ਜੱਜ ਇਕਮਿਕ ਹੋ ਗਏ ਹਨ ਤਾਂ ਸਿੱਖ ਕੌਮ ਨਾਲ ਸੰਬੰਧਤ ਸਭ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਗਠਨਾਂ, ਸਿੱਖ ਲੀਡਰਸ਼ਿਪ, ਐਸ.ਜੀ.ਪੀ.ਸੀ, ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਦਮਦਮੀ ਟਕਸਾਲ, ਸੰਤ-ਮਹਾਪੁਰਖ, ਸਿੱਖ ਸਟੂਡੈਟਸ ਫੈਡਰੇਸ਼ਨਾਂ, ਕਿਸਾਨ ਯੂਨੀਅਨਾਂ ਅਤੇ ਹਰ ਇਨਸਾਫ਼ ਦੀ ਇੱਛਾ ਰੱਖਣ ਵਾਲੇ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਕ ਸੈਲਾਬ ਦੇ ਰੂਪ ਵਿਚ ਹੁਕਮਰਾਨਾਂ ਦੇ ਇਸ ਫੈਸਲੇ ਵਿਰੁੱਧ ਸੜਕਾਂ ਉਤੇ ਉਤਰ ਆਉਣ ਅਤੇ ਇਸ ਦਾ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਵਿਰੋਧ ਕਰਦੇ ਹੋਏ ਰੋਸ਼ ਦਰਜ ਕਰਵਾਉਣ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀ ਭਾਵੇ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬਿਰਾਜਮਾਨ ਹੋਵੇ, ਉਸਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਮਿਲ ਸਕੇ ਅਤੇ ਕੋਈ ਵੀ ਤਾਕਤ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਅਜਿਹਾ ਅਤਿ ਸ਼ਰਮਨਾਕ ਵਰਤਾਰਾ ਨਾ ਕਰ ਸਕੇ ।
ਸ. ਮਾਨ ਨੇ ਉਪਰੋਕਤ ਸਭ ਸਖਸ਼ੀਅਤਾਂ ਅਤੇ ਸੰਗਠਨਾਂ ਦੇ ਮੁੱਖੀਆਂ ਦੀ ਆਤਮਾ ਨੂੰ ਝਿਜੋੜਦੇ ਹੋਏ ਕਿਹਾ ਕਿ ਜਿਸ ਅਕਾਲ ਪੁਰਖ ਗੁਰੂ ਸਾਹਿਬ ਨੇ ਸਾਨੂੰ ਇਹ ਸਰੀਰ ਤੇ ਸਵਾਸ ਬਖਸ਼ਿਸ਼ ਕੀਤੇ ਹਨ, ਉਸ ਗੁਰੂ ਸਾਹਿਬ ਜੀ ਦੇ ਅਪਮਾਨਿਤ ਹੋਣ ਤੇ ਵੀ ਜੇਕਰ ਸਾਡੀਆ ਜ਼ਮੀਰਾਂ ਤੇ ਅਣਖ ਨਹੀਂ ਜਾਗਦੀ ਜਾਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਆਵਾਜ਼ ਨਹੀਂ ਉਠਾਉਦੇ ਤਾਂ ਇਨ੍ਹਾਂ ਸਰੀਰਾਂ ਨੂੰ ਲੋਥਾ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ । ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਟਕਸਾਲ ਨੂੰ ਇਸ ਲਈ ਹੋਂਦ ਵਿਚ ਲਿਆਂਦਾ ਸੀ ਕਿ ਉਹ ਇਕ ਤਾਂ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮਨੁੱਖਤਾ ਪੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਬਾਣੇ ਅਤੇ ਮਕਸਦਾਂ ਦਾ ਹਰ ਤਰਫ ਪ੍ਰਚਾਰ ਤੇ ਪ੍ਰਸਾਰ ਹੋ ਸਕੇ, ਦੂਸਰਾ ਜਦੋਂ ਵੀ ਕੋਈ ਹੁਕਮਰਾਨ, ਤਾਕਤ ਦੇ ਨਸ਼ੇ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ ਵਿਰੁੱਧ ਅਮਲ ਕਰੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਠੇਸ ਪਹੁੰਚਾਏ ਤਾਂ ਇਸ ਦਮਦਮੀ ਟਕਸਾਲ ਦੇ ਗੁਰੂ ਨੂੰ ਸਮਰਪਿਤ ਸਿੱਖ ਇਸਦੀ ਰੱਖਿਆ ਕਰ ਸਕਣ । ਇਥੇ ਇਹ ਵੀ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ਼ਹੀਦ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਹੀ ਟਕਸਾਲ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਨ ਕੀਤਾ, ਜਿਨ੍ਹਾਂ ਉਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਅਤੇ ਮਨੁੱਖਤਾ ਨੂੰ ਫਖ਼ਰ ਰਹੇਗਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅੱਜ ਇਹ ਦਮਦਮੀ ਟਕਸਾਲ ਅਤੇ ਇਸਦੇ ਮੁੱਖ ਸੇਵਾਦਾਰ ਬਾਬਾ ਧੂੰਮਾ ਜੀ ਤੇ ਦੂਸਰੀਆਂ ਟਕਸਾਲਾਂ ਆਪਣੇ ਫਰਜਾਂ ਨੂੰ ਪੂਰਨ ਕਰਨ ਤੋਂ ਅਵੇਸਲੇ ਹੋਏ ਪਏ ਹਨ । ਜੋ ਹੋਰ ਵੀ ਦੁੱਖਦਾਇਕ ਵਰਤਾਰਾ ਹੈ । ਸ. ਮਾਨ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਕੰਵਰਵਿਜੇ ਪ੍ਰਤਾਪ ਸਿੰਘ ਦੀ ਸਿੱਟ ਵੱਲੋ ਜਿਨ੍ਹਾਂ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੇ ਨਾਮ ਤੱਥਾਂ ਸਹਿਤ ਦੋਸ਼ੀਆਂ ਦੀ ਸੂਚੀ ਵਿਚ ਲਿਆਂਦੇ ਹਨ, ਉਨ੍ਹਾਂ ਉਤੇ ਪੰਜਾਬ ਸਰਕਾਰ ਤੁਰੰਤ ਪਰਚੇ ਦਰਜ ਕਰਕੇ ਕਾਨੂੰਨੀ ਕਾਰਵਾਈ ਕਰੇ ਤੇ ਇਸਦੇ ਨਾਲ ਹੀ ਇਸ ਜਾਂਚ ਰਿਪੋਰਟ ਨੂੰ ਪੰਜਾਬ ਨਿਵਾਸੀਆ ਦੀ ਵਾਕਫੀਅਤ ਲਈ ਪ੍ਰੈਸ ਵਿਚ ਜਨਤਕ ਕੀਤਾ ਜਾਵੇ । ਤਾਂ ਕਿ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਇਹ ਫੈਸਲਾ ਕਰ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੌਣ ਸੁਹਿਰਦ ਹੈ ਅਤੇ ਕੌਣ ਇਨ੍ਹਾਂ ਦੋਸ਼ੀਆਂ ਨੂੰ ਬਚਾਉਣ ਵਿਚ ਸਾਜ਼ਿਸਾਂ ਕਰ ਰਿਹਾ ਹੈ । ਫਿਰ ਸਿੱਖ ਕੌਮ ਆਪਣੀਆ ਮਰਿਯਾਦਾਵਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆ ਨਾਲ ਸਿੰਝ ਸਕੇ ।
ਸ. ਮਾਨ ਨੇ ਦ੍ਰਿੜ ਇਰਾਦੇ ਨਾਲ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਇਹ ਉਮੀਦ ਰੱਖਦੀ ਹੈ ਕਿ ਸਿਆਸੀ ਤੇ ਦੁਨਿਆਵੀ ਵਿਚਾਰਾਂ ਦੇ ਵਖਰੇਵਿਆ ਦੇ ਬਾਵਜੂਦ ਉਪਰੋਕਤ ਅਤਿ ਗੰਭੀਰ ਮੁੱਦੇ ਉਤੇ ਸਭ ਸਿੱਖ ਲੀਡਰਸ਼ਿਪ, ਸੰਗਠਨ, ਜਮਾਤਾਂ, ਸੰਪ੍ਰਦਾਵਾਂ, ਕਿਸਾਨ ਯੂਨੀਅਨਾਂ ਆਦਿ ਇਕ ਹੋ ਕੇ ਇਸ ਦਿਸ਼ਾ ਵੱਲ ਇਨਸਾਫ਼ ਪ੍ਰਾਪਤੀ ਲਈ ਜੂਝਣਗੀਆ । ਜੇਕਰ ਇਸ ਵਿਸ਼ੇ ਤੇ ਸਾਨੂੰ ਸਾਥ ਨਾ ਮਿਲਿਆ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਕੀਮਤ ਤੇ ਇਸ ਜੰਗ ਨੂੰ ਫ਼ਤਹਿ ਪ੍ਰਾਪਤੀ ਤੱਕ ਜਾਰੀ ਰੱਖੇਗਾ ।