ਸਹਿਕਦੇ ਅਰਮਾਨਾਂ ਗਲ਼ ਬੱਧੀ ਹੋਈ ਜੰਜ਼ੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਸੜੇ ਹੋਏ ਅਹਿਸਾਸ ਦੀ ਬਿਜਲੀ ਹੋਈ ਗੁੱਲ ਲੈ ਲੋ।
ਸੱਚ ਨੂੰ ਬੋਲਣ ਲੱਗਿਆਂ ਥਿਰਕਦੇ ਬੁੱਲ ਲੈ ਲੋ।
ਦਿਲਾਂ ਦੀਆਂ ਸੱਧਰਾਂ ਦੀ ਪਾਟੀ ਹੋਈ ਲੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਢਿੱਡ ਲੈ ਲੋ ਲੋਕਾਂ ਦੇ ਹੱਕਾਂ ਦਾ ਖੂਨ ਪੀਣ ਵਾਲਾ।
ਸੂਆ ਲੈ ਲੋ ਹਰਾਮ ਦੀ ਕਮਾਈ ਨੂੰ ਕੋਈ ਸੀਣ ਵਾਲਾ।
ਖਚਰੇ ਦੇ ਹਾਸਿਆਂ ਚੋਂ ਨਿਕਲਦਾ ਤੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਕੂੰਡਾ ਕਰ ਗਰੀਬ ਦਾ ਇਕੱਠੇ ਕੀਤੇ ਚਾਅ ਲੈ ਲੋ।
ਕੰਜ਼ਰਾਂ ਦੀ ਮੰਡੀ ‘ਚੋਂ ਲਗਾ ਕੋਈ ਭਾਅ ਲੈ ਲੋ।
ਮੋਛੇ ਵਰਗੀਆਂ ਲੱਤਾਂ ਤੇ ਦੈਂਤ ਜਿਹਾ ਸਰੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਗਰੀਬ ਨੂੰ ਦਬਾਉਣ ਵਾਲੀ ਬੇਗੈਰਤਾਂ ਦੀ ਸੋਚ ਲੈ ਲੋ।
ਖੂਨ ਪੀਣੀ ਜੋਕ ਜਿਹਾ ਬੇਸ਼ਰਮ ਜਿਹਾ ਕੋਚ ਲੈ ਲੋ।
ਲਹੂ ‘ਚ ਘੁਟਾਲੇ ਵਾਲੇ ਚੌਲ਼ ਰਿੰਨੀ ਖੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਹਰਾਮ ਦੀ ਕਮਾਈ ਜੇਬ ਪਾਉਣ ਲਈ ਫਤੂਹੀ ਲੈ ਲੋ।
ਨਫਰਤ ਦੇ ਖੂਨਾਂ ਦੀ ਟਿੰਡ ਭਰੀ ਖੂਹੀ ਲੈ ਲੋ।
ਲੋਕਾਂ ਨੂੰ ਦਿਖਾਉਣ ਵਾਲੇ ਕਾਨਿਆਂ ਦੇ ਤੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਬੁੜੀਮਾਰ ਬੰਦਿਆਂ ਦੀ ਸਕੈਨ ਵਾਲੀ ਅੱਖ ਲੈ ਲੋ।
ਕੰਨ ਰਸ,ਜੀਭ ਰਸ,ਚੀਜ਼ਾਂ ਵੱਖੋ ਵੱਖ ਲੈ ਲੋ।
ਲੱਚਰ ਜਿਹੇ ਗੁੱਟਾਂ ਉੱਤੇ ਬੰਨ੍ਹਣ ਲਈ ਕਲ੍ਹੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਦੂਜੇ ਦੀ ਤਰੱਕੀ ਦੇਖ ਸੜੇ ਹੋਏ ਮੱਥੇ ਲੈ ਲੋ।
ਅੰਨਿ੍ਹਆਂ ‘ਚੋਂ ਕਾਣੇ ਲੈ ਲੋ ਜਿੰਨ ਪਹਾੜੋਂ ਲੱਥੇ ਲੈ ਲੋ।
ਅੱਜ ਦੇ ਸਮਾਜ ਲਈ ਕੋਈ ਹਾਜ਼ਮਾਂ ਤਸੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਲੈ ਲੋ ਭਾਂਵੇ ਜ਼ੇਰੇ ਨਾਲ ਮਾਲ ਨਹੀਂ ਜੇ ਮੁੱਕਦਾ।
ਆਈ ਜਾਂਦਾ ਮੰਡੀ ‘ਚ ਵਪਾਰ ਨਹੀਂ ਜੇ ਰੁੱਕਦਾ।
ਅੱਜ ਲੈ ਲੋ, ਕੱਲ੍ਹ ਲੈ ਲੋ, ਚਾਹੇ ਪਰਸੋਂ ਅਖੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਸੱਚ ਦੀ ਏ ਮੰਡੀ ਸੁੰਨੀ ਕੁੱਝ ਵੀ ਨਹੀ ਵਿਕਦਾ।
ਸ਼ਿਨਾਗ ਸੰਧੂ ਇਕੱਲਾ ਖੜ੍ਹਾ ਕੋਈ ਵੀ ਨਹੀਂ ਦਿਸਦਾ।
ਉਹਦੀ ਗੱਲ ਛੱਡੋ ਇੱਥੋਂ ਚਾਹੇ ਤਾਂ ਵਜ਼ੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।