ਅੰਮ੍ਰਿਤਸਰ – ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ( ਪਹਿਲੇ ਮੁਖੀ ਦਮਦਮੀ ਟਕਸਾਲ), ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਹੋਏ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਅੱਜ ਸੰਪੰਨ ਹੋ ਗਿਆ ਹੈ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ‘ਚ
ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਪਾਠ ਬੋਧ ਸਮਾਗਮ 10 ਮਾਰਚ ਨੂੰ ਆਰੰਭ ਹੋਇਆ ਸੀ।
ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਦੇ 7ਵੇਂ ਪਾਠ ਬੋਧ ਸਮਾਗਮ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਅਤੇ ਕੌਮੀ ਫ਼ਰਜ਼ਾਂ ਦੇ ਪੰਥਕ ਪ੍ਰਯੋਜਨ ਤੋਂ ਇਲਾਵਾ ਗੁਰਧਾਮਾਂ ਦੀ ਸੇਵਾ ਸੰਭਾਲ, ਗੁਰਬਾਣੀ ਸੰਥਿਆ, ਪ੍ਰਚਾਰ ਅਤੇ ਪਸਾਰ ਵੱਲ ਖ਼ਾਸ ਧਿਆਨ ਦੇਣ ਵਰਗੇ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕੀਤੀ । ਸ਼ੁੱਧ ਪਾਠ ਬੋਧ ਸਮਾਗਮਾਂ ਦੀ ਅਹਿਮੀਅਤ ’ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਆਪਣੇ ਸਥਾਪਨਾ ਦੇ ਸਮੇਂ ਤੋਂ ਹੀ ਗੁਰਬਾਣੀ ਲਿਖਣ, ਉਚਾਰਨ ਅਤੇ ਵਿਆਖਿਆ ਵਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਪੰਥ ਵਿਰੋਧੀ ਸ਼ਕਤੀਆਂ ਬਾਰੇ ਸਮਝਣ ਲਈ ਪਾਠ ਬੋਧ ਸਮਾਗਮ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਗੁਰਬਾਣੀ ਅਦਬ ਦੇ ਖੇਤਰ ਵਿਚ ਦਮਦਮੀ ਟਕਸਾਲ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ , ਇਸ ਦੇ ਵਿਦਵਾਨਾਂ ਨੇ ਗੁਰਬਾਣੀ ਸ਼ੁੱਧ ਉਚਾਰਨ ਨੂੰ ਸੰਭਾਲ ਕੇ ਰੱਖਿਆ ਹੈ। ਉਨ੍ਹਾਂ ਪੁਰਾਤਨ ਸਰੂਪਾਂ ਦੀ ਸੇਵਾ ਸੰਭਾਲ ਪ੍ਰਤੀ ਗੰਭੀਰਤਾ ਦਿਖਾਉਣ ਅਤੇ ਜਾਗਰੂਕ ਹੋਣ ਦੀ ਅਪੀਲ ਕੀਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰਮਤਿ ਦੇ ਧਾਰਨੀ ਹੋਣਾ ਹੀ ਸ਼ਤਾਬਦੀ ਸਮਾਗਮਾਂ ਦਾ ਅਸਲ ਹਾਸਲ ਹੋ ਸਕਦਾ ਹੈ। ਉਨ੍ਹਾਂ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਮਹਾਨਤਾ ਨੂੰ ਝੁਠਲਾਉਣਾ ’ਤੇ ਲੱਗੇ ਹੋਏ ਪੰਥ ਦੋਖੀ ਅਤੇ ਸਵਾਰਥੀ ਲੋਕਾਂ ਪ੍ਰਤੀ ਸੁਚੇਤ ਰਹਿਣ ਦੀ ਸੰਗਤ ਨੂੰ ਅਪੀਲ ਕੀਤੀ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਹਿਰਦੇ ਦੀ ਸ਼ੂੱਧਤਾ ਅਤੇ ਨਿਰਮਲਤਾ ਲਈ ਗੁਰਬਾਣੀ ਦੇ ਸੂਖਮ ਗਹਿਰਾਈਆਂ ਨੂੰ ਸਮਝਣ ਅਤੇ ਸ਼ੁੱਧ ਬੋਧ ਦਾ ਗਿਆਨ ਜ਼ਰੂਰੀ ਹੈ। ਸਹੀ ਉਚਾਰਨ ਬਿਨਾ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਨਹੀਂ ਜਾ ਸਕਦਾ ਹੈ। ਅਨਰਥ ਤੋਂ ਬਚਣ ਲਈ ਬਾਣੀ ਸ਼ੁੱਧ ਉਚਾਰਨ ਅਤੇ ਸਮਝ ਨਾਲ ਪੜ੍ਹੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੀ ਸੇਵਾ ਸੰਭਾਲ, ਗੁਰਬਾਣੀ ਪ੍ਰਚਾਰ ਪ੍ਰਸਾਰ ਅਤੇ ਸ਼ੁੱਧ ਉਚਾਰਨ ਦੀ ਸੇਵਾ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਜਿੱਥੇ ਸੈਂਕੜੇ ਪ੍ਰਾਣੀਆਂ ਨੂੰ ਇਸ ਪਾਠ ਬੋਧ ਸਮਾਗਮ ਵਿਚ ਹਿੱਸਾ ਲਿਆ ਉੱਥੇ ਹੀ ਲੱਖਾਂ ਪ੍ਰਾਣੀਆਂ ਵੱਲੋਂ ਆਨ ਲਾਈਨ ਹਾਜ਼ਰੀ ਲਵਾ ਕੇ ਸਮਾਗਮ ਤੋਂ ਲਾਭ ਲਿਆ ਗਿਆ ਹੈ। ਸਿੱਖ ਕੌਮ ‘ਚ ਸ਼ੁੱਧ ਪਾਠ ਪ੍ਰਤੀ ਆਏ ਅਵੇਸਲਾਪਣ ਉੱਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਤ ਜਾਗਰੂਕ ਹੋਣ ਨਾਲ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਵਿਚੋਂ ਗੁਰਬਾਣੀ ਉਚਾਰਨ ਪ੍ਰਤੀ ਅਵੇਸਲਾਪਣ ਦੂਰ ਹੋਵੇਗਾ। ਉਨ੍ਹਾਂ ਸੰਗਤ ਨੂੰ ਪਾਠ ਬੋਧ ਪ੍ਰਤੀ ਹੋਰਨਾਂ ਸੰਗਤਾਂ ਜਿਗਿਆਸੂਆਂ ’ਚ ਪ੍ਰਚਾਰ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਦਮਦਮੀ ਟਕਸਾਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੀਬ 1000 ਅੰਗ ਤਕ ਦਾ ਅਰਥਾਵਲੀ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਬਾਕੀ ’ਤੇ ਕਾਰਜ ਜਾਰੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਜਦ ਵੀ ਕੌਮ ’ਤੇ ਭੀੜ ਬਣੀ ਜਾਂ ਕਿਸੇ ਨੇ ਲਲਕਾਰਿਆ ਦਮਦਮੀ ਟਕਸਾਲ ਨੇ ਹਮੇਸ਼ਾ ਅੱਗੇ ਹੋਕੇ ਲੜਾਈ ਲੜੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸਿੱਖੀ ਲਈ ਬਹਿਰੂਨੀ ਹਮਲੇ ਹੀ ਨਹੀਂ ਸਗੋਂ ਅੰਦਰੂਨੀ ਹਮਲੇ ਵਧ ਘਾਤਕ ਹਨ। ਸਿੱਖੀ ਦਾ ਪ੍ਰਮੁੱਖ ਸੋਮਾ ਗੁਰਬਾਣੀ ਹੈ, ਇਸੇ ਲਈ ਪੰਥ ਦੁਸ਼ਮਣ ਗੁਰਬਾਣੀ ਪ੍ਰਤੀ ਸ਼ੰਕੇ ਪੈਦਾ ਕਰਨ ਲਈ ਯਤਨਸ਼ੀਲ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤਰਕਵਾਦੀ ਲੋਕ ਦੀ ਗੁਰਮਤਿ ਦੀ ਉਲੰਘਣਾ ਕਰ ਕੇ ਨਵੀਆਂ ਲੀਹਾਂ ਪਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਕਾਰਸੇਵਾ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਸੇਵਾ ਗਿਆਨੀ ਜੀਵਾ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਨੇ ਨਿਭਾਈ। ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਭਾਈ ਰਾਜਦੀਪ ਸਿੰਘ ਅਰਦਾਸੀਆ, ਭਾਈ ਮਨਜੀਤ ਸਿੰਘ, ਸ: ਬਾਵਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਗਿਆਨ. ਸਰਬਜੀਤ ਸਿੰਘ ਢੋਟੀਆਂ, ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਫੈਡਰੇਸ਼ਨ ਮਹਿਤਾ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ ਬੁਲਾਰਾ ਸੰਤ ਸਮਾਜ, ਸੰਤ ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਸਕੱਤਰ ਸ: ਸੁਖਦੇਵ ਸਿੰਘ ਭੂਰਾਕੋਨਾ, ਸੰਤ ਬਾਬਾ ਅਜੀਤ ਸਿੰਘ ਤਰਨਾ ਦਲ, ਬਾਬਾ ਮੇਜਰ ਸਿੰਘ ਵਾਂ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋ ਵਾਲੇ, ਮੈਨੇਜਰ ਸੁਖਰਾਜ ਸਿੰਘ, ਮੈਨੇ: ਗੁਰਪ੍ਰੀਤ ਸਿੰਘ, ਸਰਪੰਚ ਅਮਰ ਸਿੰਘ ਮਦਰੇ, ਸ: ਜੋਗਿੰਦਰ ਸਿੰਘ, ਬਾਬਾ ਗੁਰਦੇਵ ਸਿੰਘ ਤਰਸਿਕਾ, ਮਨਦੀਪ ਸਿੰਘ ਜੌਹਲ, ਗਗਨਦੀਪ ਸਿੰਘ ਫੈਡਰੇਸ਼ਨ ਮਹਿਤਾ, ਗੁਰਵਿੰਦਰ ਸਿੰਘ ਗੁਰਦਾਸਪੁਰ ਫੈਡਰੇਸ਼ਨ ਗਰੇਵਾਲ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਹਰਸ਼ਦੀਪ ਸਿੰਘ, ਅਵਤਾਰ ਸਿੰਘ ਬੁੱਟਰ, ਭਾਈ ਸਤਨਾਮ ਸਿੰਘ, ਜਥੇਦਾਰ ਸੁਖਦੇਵ ਸਿੰਘ, ਮਹੰਤ ਤਰਲੋਚਨ ਸਿੰਘ, ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ, ਪ੍ਰਕਾਸ਼ ਸਿੰਘ, ਸੰਤ ਲਾਲ ਦਾਸ ਜੀ ਉਦਾਸੀ ਸੰਪਰਦਾ ਵਾਲੇ ਵੀ ਮੌਜੂਦ ਸਨ।