ਅੰਮ੍ਰਿਤਸਰ – ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਂ ਬਾਪ ਵੱਲੋਂ ਆਪਣੇ ਪੁੱਤਰ ਨੂੰ ਮੁਆਫ਼ ਕਰਦਿਆਂ ਪੰਥ ’ਚ ਮੁੜ ਸ਼ਾਮਿਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਪੱਤਰ ਰਾਹੀਂ ਅਪੀਲ ਕੀਤੀ ਗਈ ਹੈ। ਲੰਗਾਹ ਦੇ ਪੁੱਤਰ ਸੋਨੂੰ ਲੰਗਾਹ ਵੱਲੋਂ ਉਕਤ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁੱਖ ਸਕੱਤਰ ਨੂੰ ਸੌਂਪਿਆ ਗਿਆ। ਜਿਸ ਵਿਚ ਲੰਗਾਹ ਦੇ ਮਾਂ ਬਾਪ ਸ: ਤਾਰਾ ਸਿੰਘ ਅਤੇ ਬੀਬੀ ਪ੍ਰੀਤਮ ਕੌਰ ਵਾਸੀ ਧਾਰੀਵਾਲ ਗੁਰਦਾਸ ਪੁਰ ਨੇ ਨੇ ਭਾਵਨਾਤਮਕ ਚਿੱਠੀ ’ਚ ਕਿਹਾ ਕਿ ਸਾਡੀ ਦੰਪਤੀ ਦੀ ਉਮਰ 88-90 ਸਾਲ ਹੈ। ਵਧੇਰੀ ਉਮਰ ਦੇ ਹੋਣ ਕਾਰਨ ਸਾਡੀ ਸਿਹਤ ਵੀ ਸਾਜ਼ਗਾਰ ਨਹੀਂ ਰਹਿੰਦੀ। ਕਹਿ ਲਿਆ ਜਾਵੇ ਤਾਂ ਅਸੀਂ ਜ਼ਿੰਦਗੀ ਦੇ ਆਖ਼ਰੀ ਸਾਹਾਂ ’ਤੇ ਹਾਂ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਸਵਾਸਾਂ ਦੀ ਡੋਰ ਟੁੱਟ ਜਾਵੇ ਅਤੇ ਭਾਣਾ ਵਾਪਰ ਜਾਵੇ। ਕਈ ਪੀੜੀਆਂ ਤੋਂ ਸਾਡਾ ਪਰਿਵਾਰ ਗੁਰੂਘਰ ’ਚ ਸ਼ਰਧਾ ਰੱਖਣ ਵਾਲਾ ਰਿਹਾ ਹੈ । ਜਦ ਤੋਂ ਹੋਸ਼ ਸੰਭਾਲੀ ਹੈ ਅੰਮ੍ਰਿਤਧਾਰੀ ਹਾਂ। ਗੁਰਮਤਿ ’ਚ ਸਾਡੀ ਆਸਥਾ ਹੈ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਹਾਂ। ਇਸ ਲਈ ਗੁਰੂਘਰ ਤੋਂ ਬੇਮੁਖ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਗੁਰੂ ਪ੍ਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਜਿੱਥੇ ਰੋਜ਼ਾਨਾ ਅਰਦਾਸ ਕਰਦੇ ਹਾਂ ਉੱਥੇ ਇਹ ਅਰਜੋਈ ਵੀ ਕਰਦੇ ਹਾਂ ਕਿ ਸਾਡੇ ਪਰਿਵਾਰ ਦਾ ਹਰੇਕ ਮੈਂਬਰ ਅਤੇ ਆਉਣ ਵਾਲੀਆਂ ਸਾਡੀਆਂ ਪੀੜੀਆਂ ਦੀ ਵੀ ਗੁਰੂਘਰ ਵਿਚ ਸ਼ਰਧਾ ਬਣੀ ਰਹੇ । ਉਹ ਆਪਣਾ ਜੀਵਨ ਗੁਰ ਮਰਯਾਦਾ ਅਨੁਸਾਰ ਬਤੀਤ ਕਰਨ ਅਤੇ ਗੁਰੂ ਦੇ ਚਰਨਾਂ ’ਚ ਉਨ੍ਹਾਂ ਦੀ ਸੁਰਤ ਲੱਗੀ ਰਹੇ। ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਦੇ ਆਖ਼ਰੀ ਪੜਾਅ ਤੋਂ ਅੱਗੇ ਕੂਚ ਕਰਦੇ ਵਕਤ ਇਹ ਨਾ ਦੇਖਣਾ ਪਵੇ ਕਿ ਸਾਡੇ ਘਰ ਦਾ ਕੋਈ ਵੀ ਮੈਂਬਰ ਗੁਰੂਘਰ ਤੋਂ ਬੇਮੁਖ ਜਾਂ ਪੰਥ ਤੋਂ ਟੁੱਟਾ ਰਹੇ। ਇਸ ਜਹਾਨ ਤੋਂ ਹਰ ਕੋਈ ਪੁਰ ਸਕੂਨ ਅਤੇ ਹਰ ਪੱਖੋਂ ਸੁਰਖ਼ਰੂ ਹੋਕੇ ਜਾਣਾ ਚਾਹੇਗਾ। ਪਰ ਸਾਡੇ ਕਿਸੇ ਵੀ ਪਰਿਵਾਰਕ ਮੈਂਬਰ ’ਤੇ ਲੱਗੇ ਦਾਗ਼ ਦੇ ਹੁੰਦਿਆਂ ਇਸ ਜਹਾਨ ਤੋਂ ਰੁਖ਼ਸਤੀ ਦੇ ਸਮੇਂ ਸਾਡੀ ਰੂਹ ਨੂੰ ਸਕੂਨ ਨਹੀਂ ਮਿਲ ਸਕੇਗਾ। ਸਾਡੇ ਪੁੱਤਰ ਸੁੱਚਾ ਸਿੰਘ ਲੰਗਾਹ ਵੱਲੋਂ ਅਤੀਤ ਦੌਰਾਨ ਜਾਣੇ ਅਨਜਾਣੇ ਹੋਈਆਂ ਭੁੱਲਾਂ ਲਈ ਅਸੀਂ ਹੱਥ ਜੋੜ ਕੇ ਖਿਮਾ ਯਾਚਨਾ ਕਰਦੇ ਹਾਂ। ਪੰਥ ’ਚੋ ਛੇਕੇ ਜਾਣ ਕਾਰਨ ਸੁੱਚਾ ਸਿੰਘ ਲੰਗਾਹ ਨੂੰ ਹੀ ਨਹੀਂ ਸਗੋਂ ਸਾਡੇ ਸਾਰੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਾਨਸਿਕ ਤੇ ਸਮਾਜਿਕ ਪੀੜਾ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਸਮਾਜਕ ਬਾਈਕਾਟ ਕਾਰਨ ਸਮਾਜ ਵਿਚ ਵਿਚਰਨਾ ਨਾ ਮੁਮਕਿਨ ਹੈ। ਇਸ ਸਥਿਤੀ ਵਿਚ ਪਰਿਵਾਰ ਦੀ ਪੀੜਾ ਬਿਆਨ ਕਰਨਾ ਔਖਾ ਹੈ। ਅਸੀਂ ਮਾਪੇ ਬਜ਼ੁਰਗ ਹੋਣ ਕਾਰਨ ਸਾਡੀ ਅਵਸਥਾ ਕਿਸੇ ਤੋਂ ਛੁਪੀ ਨਹੀਂ ਤਾਂ ਬਚਿਆਂ ਦੇ ਅਨੰਦ-ਕਾਰਜ ਵਰਗੀ ਕਬੀਲਦਾਰੀ ਨਿਭਾਉਣ ਦੀ ਜ਼ਿੰਮੇਵਾਰੀ ਵੀ ਸੁੱਚਾ ਸਿੰਘ ਲੰਗਾਹ ਦੇ ਸਿਰ ’ਤੇ ਹੈ। । ਰੱਬ ਨਾ ਕਰੇ, ਭਾਵੇਂ ਬੰਦਾ ਮਾੜੇ ਕਿਰਦਾਰ ਦਾ ਹੋਵੇ ਜਾਂ ਚੰਗਾ, ਕੋਈ ਵੀ ਸਿੱਖ ਇਸ ਦੁਨੀਆ ਤੋਂ ਗੁਰੂ ਤੋਂ ਬੇਮੁਖ ਹੋ ਕੇ ਰੁਖ਼ਸਤ ਨਹੀਂ ਹੋਣਾ ਚਾਹੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪੁੱਤਰ ਸੁੱਚਾ ਸਿੰਘ ਲੰਗਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੀਸ ਝੁਕਾਉਂਦਿਆਂ ਸਮਰਪਿਤ ਰਹਿਣ ਦੀ ਭਾਵਨਾ ਨਾਲ ਵਾਰ ਵਾਰ ਆਪਣੇ ਵੱਲੋਂ ਜਾਣੇ ਅਨ ਜਾਣੇ ਹੋਈਆਂ ਭੁੱਲਾਂ ਲਈ ਖਿਮਾ ਯਾਚਨਾ ਕਰ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਰ ਆਦੇਸ਼ ਦੀ ਪਾਲਣਾ ਕਰਨ ਲਈ ਵਚਨਬੱਧਤਾ ਨੂੰ ਕਈ ਵਾਰ ਦੁਹਰਾ ਚੁਕਾ ਹੈ।
ਸਾਡੀ ਸਨਿਮਰ ਬੇਨਤੀ ਹੈ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਜੀਵਨ ’ਚ ਵਿਚਰਦਿਆਂ ਹੋਈਆਂ ਭੁੱਲਾਂ ਨੂੰ ਵਿਚਾਰਦਿਆਂ ਗੁਰੂਘਰ ਦੀ ਖਿਮਾ ਦੀ ਪਰੰਪਰਾ ਅਨੁਸਾਰ ਗੁਰੂ ਘਰ ਨਾਲ ਟੁੱਟੀ ਗੰਢਣ ਅਤੇ ਪੰਥ ਨਾਲ ਜੋੜਦਿਆਂ ਸੁਮਾਰਗ ਦਿਖਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ, ਤਾਂ ਕਿ ਅੰਤਿਮ ਵਕਤ ਸਾਡੀ ਰੂਹ ਨੂੰ ਪੂਰਨ ਸਕੂਨ ਮਿਲ ਸਕੇ ਅਤੇ ਬਜ਼ੁਰਗ ਮਾਂ ਬਾਪ ਦੀ ਜੀਵਨ ਯਾਤਰਾ ਪੁਰ ਸਕੂਨ ਪੂਰੀ ਕੀਤੀ ਜਾ ਸਕੇ। ਉਮੀਦ ਹੈ ਸਾਡੀ ਬਜ਼ੁਰਗਾਂ ਦੀ ਫ਼ਰਿਆਦ ਕਬੂਲ ਕਰੋਗੇ।