ਨਵੀਂ ਦਿੱਲੀ – ਸਾਬਕਾ ਵਿੱਤਮੰਤਰੀ ਪੀ. ਚਿਦੰਬਰਮ ਨੇ ਕੇਂਦਰ ਸਰਕਾਰ ਦੇ ਝੂਠੇ ਬਿਆਨਾਂ ਦੀ ਚੰਗੀ ਪੋਲ ਖੋਲ੍ਹੀ ਹੈ। ਉਨ੍ਹਾਂ ਨੇ ਸਿਹਤ ਮੰਤਰੀ ਹਰਸ਼ਵਰਧਨ ਦੇ ਖੋਖਲੇ ਬਿਆਨ ਦੀ ਸਖਤ ਆਲੋਚਨਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਵਿੱਚ ਆਕਸੀਜਨ ਜਾਂ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਚਿਦੰਬਰਮ ਨੇ ਕਿਹਾ ਕਿ ਮੈਨੂੰ ਹਰਸ਼ਵਰਧਨ ਦੇ ਬਿਆਨ ਤੋਂ ਹੈਰਾਨੀ ਹੋ ਰਹੀ ਹੈ। ਉਹ ਕਹਿ ਰਹੇ ਹਨ ਕਿ ਦੇਸ਼ ਵਿੱਚ ਆਕਸੀਜਨ, ਵੈਕਸੀਨ ਜਾਂ ਰੇਮਡੇਸਿਿਵਰ ਦੀ ਕੋਈ ਘਾਟ ਨਹੀਂ ਹੈ। ਉਤਰਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਵੀ ਕਹਿ ਰਹੇ ਹਨ ਕਿ ਰਾਜ ਵਿੱਚ ਵੈਕਸੀਨ ਦੀ ਕੋਈ ਕਮੀ ਨਹੀਂ ਹੈ।
ਪੀ[ ਚਿਦੰਬਰਮ ਨੇ ਕਿਹਾ ਕਿ ਜੇ ਅਜਿਹਾ ਹੈ ਤਾਂ ਕੀ ਟੀਵੀ ਚੈਨਲਾਂ ਤੇ ਝੂਠੇ ਵੀਡੀਓ ਵਿਖਾਏ ਜਾ ਰਹੇ ਹਨ? ਕੀ ਅਖ਼ਬਾਰਾਂ ਵਿੱਚ ਆ ਰਹੀਆਂ ਖ਼ਬਰਾਂ ਗੱਲਤ ਹਨ? ਕੀ ਸਾਰੇ ਡਾਕਟਰ ਝੂਠ ਬੋਲ ਰਹੇ ਹਨ? ਕੀ ਪਰਿਵਾਰਾਂ ਦੇ ਸੱਭ ਲੋਕ ਝੂਠ ਬੋਲ ਰਹੇ ਹਨ? ਕੀ ਸਾਰੇ ਵਿਜੂਅਲ ਅਤੇ ਫੋਟੋ ਨਕਲੀ ਹਨ? ਲੋਕਾਂ ਨੂੰ ਅਜਿਹੀ ਸਰਕਾਰ ਦੇ ਖਿਲਾਫ਼ ਵਿਦਰੋਹ ਕਰ ਦੇਣਾ ਚਾਹੀਦਾ ਹੈ, ਜੋ ਇਹ ਮੰਨ ਰਹੀ ਹੈ ਕਿ ਦੇਸ਼ ਦੇ ਸਾਰੇ ਲੋਕ ਮੂਰਖ ਹਨ। ਦੇਸ਼ ਵਿੱਚ ਆਕਸੀਜਨ ਦੀ ਘਾਟ ਹੋਣ ਕਰਕੇ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਬਹੁਤ ਸਾਰੇ ਮਰੀਜ਼ਾਂ ਦੀ ਸਥਿਤੀ ਗੰਭੀਰ ਹੈ ਪਰ ਬੀਜੇਪੀ ਦੇ ਨੇਤਾ ਇੱਕ ਤੋਂ ਬਾਅਦ ਇੱਕ ਝੂਠਾਂ ਦੇ ਬੰਬ ਫੋੜ ਰਹੇ ਹਨ।
ਵਰਨਣਯੋਗ ਹੈ ਕਿ ਦੇਸ਼ ਵਿੱਚ ਆਕਸੀਜਨ, ਦਵਾਈਆਂ, ਬੇਡ ਅਤੇ ਵੈਂਟੀਲੈਂਟਰਾਂ ਨੂੰ ਲੇ ਕੇ ਭਾਰਤ ਦੇ ਲੋਕ ਤਰਾਹ-ਤਰਾਹ ਕਰ ਰਹੇ ਹਨ। ਹਸਪਤਾਲ ਵੀ ਕੋਰੋਨਾ ਮਰੀਜ਼ਾਂ ਨੂੰ ਐਡਮਿਟ ਕਰਨ ਲਈ ਆਪਣੀ ਮਜ਼ਬੂਰੀ ਵਿਖਾ ਰਹੇ ਹਨ। ਆਮ ਜਨਤਾ ਬਹੁਤ ਹੀ ਬੇਬਸ ਅਤੇ ਤਰਸਯੋਗ ਹਾਲਤ ਵਿੱਚ ਹੈ।