ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਆਮ ਚੋਣਾਂ, 25 ਅਪ੍ਰੈਲ ਨੂੰ ਹੋਣ ਜਾ ਰਹੀਆਂ ਸਨ, ਉਹ ਸਮੁਚੇ ਦੇਸ਼ ਦੇ ਨਾਲ ਦਿੱਲੀ ਪੁਰ ਟੁੱਟੇ ਕੋਰੋਨਾ ਦੇ ਕਹਿਰ ਕਾਰਣ ਅਗਲੇ ਆਦੇਸ਼ ਤਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੇ ਬੀਤੇ ਦੌਰ ਦੇ ਦੌਰਾਨ ਮਤਦਾਤਾਵਾਂ ਨੂੰ ਲੁਭਾ, ਆਪਣੇ ਪਾਲੇ ਵਿੱਚ ਲਿਆਉਣ ਦੇ ਉਦੇਸ਼ ਨਾਲ ਚੋਣ ਪ੍ਰਚਾਰ ਕਰਦਿਆਂ ਜਿਸਤਰ੍ਹਾਂ ਗੁਰਦੁਅਰਾ ਪ੍ਰਬੰਧ ਨਾਲ ਸੰਬੰਧਤ ਮੁੱਖ ਏਜੰਡੇ ਨੂੰ ਦਰਕਿਨਾਰ ਕਰ, ਇੱਕ-ਦੂਜੇ ਦੀ ਛੱਬੀ ਖਰਾਬ ਕਰਨ ਲਈ ਘਟੀਆ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਰਹੀ, ਉਸ ਪੁਰ ਟਿੱਪਣੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਚੋਣਾਂ ਦਾ ਇਹ ਦੌਰ ਹੁਣ ਤਕ ਹੋਈਆਂ ਸਾਰੀਆਂ ਗੁਰਦੁਆਰਾ ਚੋਣਾਂ ਦੇ ਦੌਰ ਵਿਚੋਂ ਸਭ ਤੋਂ ‘ਨਿਖਿਧ’ ਮੰਨਿਆ ਜਾਇਗਾ। ਉਨ੍ਹਾਂ ਕਿਹਾ ਕਿ ਹੁਣ ਤਕ ਜਿਤਨੀਆਂ ਵੀ ਗੁਰਦੁਆਰਾ ਚੋਣਾਂ ਹੁੰਦੀਆਂ ਆਈਆਂ ਹਨ, ਉਨ੍ਹਾਂ ਵਿੱਚ ਹਿੱਸਾ ਲੈਣ ਵਾਲੀ ਕਿਸੇ ਵੀ ਪਾਰਟੀ ਨੇ ਕਦੀ ਵੀ ਇੱਕ-ਦੂਜੇ ਪੁਰ ਅਜਿਹੀ ਘਟੀਆ ਛੀਂਟਾਕਸ਼ੀ ਨਹੀਂ ਸੀ ਕੀਤੀ, ਜਿਹੋ-ਜਿਹੀ ਇਸ ਵਾਰ ਕੀਤੀ ਜਾਂਦੀ ਰਹੀ। ਇਸੇ ਤਰ੍ਹਾਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਨੂੰ ਲੈ ਕੇ ਹੈਰਾਨੀ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਧਾਰਮਕ ਸਿੱਖ ਜਥੇਬੰਦੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀ ਧਾਰਮਕ ਪ੍ਰਤੀਨਿਧਤਾ ਕਰਨ ਦੇ ਦਾਅਵੇ-ਦਾਰਾਂ ਵਲੋਂ, ਆਪਣੇ ਚੋਣ ਪ੍ਰਚਾਰ ਦੌਰਾਨ ਨਾ ਤਾਂ ਧਾਰਮਕ ਜਥੇਬੰਦੀ ਦੇ ਮਾਣ-ਸਨਮਾਨ ਦਾ ਖਿਆਲ ਰਖਿਆ ਗਿਆ ਅਤੇ ਨਾ ਹੀ ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਹੀ ਪਾਲਣ ਕੀਤਾ ਗਿਆ।
ਗੱਲ ਗੁਰਦੁਆਰਾ ਚੋਣਾਂ ਦੀ : ਇਨ੍ਹਾਂ ਚੋਣਾਂ, ਜੋ ਹੁਣ ਸਰਕਾਰ ਦੇ ਨਵੇਂ ਆਦੇਸ਼ ਦੇ ਤਹਿਤ ਆਉਣ ਵਾਲੇ ਕਿਸੇ ਵੀ ਸਮੇਂ ਹੋਣਗੀਆਂ, ਵਿੱਚ ਮੁੱਖ ਰੂਪ ਵਿੱਚ ਤਿੰਨ ਜੱਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਜਾਗੋ : ਜਗ ਆਸਰਾ ਗੁਰੂ ਓਟ (ਜੀਕੇ) ਤੋਂ ਬਿਨਾਂ ਤਿੰਨ ਹੋਰ ਛੋਟੀਆਂ ਜੱਥੇਬੰਦੀਆਂ ਦੇ ਨਾਲ ਇੱਕ ਸੌ ਤੋਂ ਵੱਧ ਅਜ਼ਾਦ ਉਮੀਦਵਾਰ ਆਪੋ-ਆਪਣੀ ਕਿਸਮਤ ਅਜ਼ਮਾਣ ਲਈ ਚੋਣ ਮੈਦਾਨ ਵਿੱਚ ਉਤਰੇ ਹਨ। ਹਾਲਾਂਕਿ ਲਗਭਗ ਸਾਰੀਆਂ ਹੀ ਪਾਰਟੀਆਂ ਨੇ ਆਪੋ-ਆਪਣੇ ਚੋਣ ਮਨੋਰਥ ਪਤ੍ਰ, ਜਿਨ੍ਹਾਂ ਵਿੱਚ ਵੱਡੇ-ਵੱਡੇ ਦਿਲ-ਲੁਭਾਊ ਵਾਇਦੇ ਕਰ ਮਤਦਾਤਾਵਾਂ ਨੂੰ ਆਪਣੇ ਪਾਲੇ ਵਿੱਚ ਆਉਣ ਦਾ ਸਦਾ ਦਿੱਤਾ ਗਿਆ ਹੈ, ਜਾਰੀ ਕੀਤੇ ਗਏ ਹਨ, ਫਿਰ ਵੀ ਸਾਰੀਆਂ ਹੀ ਪਾਰਟੀਆਂ ਦੇ ਮੁਖੀਆਂ ਦੀ ਕੌਸ਼ਿਸ਼ ਇਹੀ ਹੈ ਕਿ ਉਹ ਵਿਰੋਧੀ ਦੀ ਛੱਬੀ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕਰ, ਮਤਦਾਤਾ ਨੂੰ ਉਸਤੋਂ ਦੂਰ ਕਰ ਆਪਣੇ ਪਾਲੇ ਵਿੱਚ ਆਉਣ ਲਈ ਪ੍ਰੇਰਤ ਕਰਨ ਵਿੱਚ ਸਫਲ ਹੋ ਜਾਣ।
ਬਾਦਲ ਅਕਾਲੀ ਦਲ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ‘ਦੋ ਵਰ੍ਹੇ ਬੇਮਿਸਾਲ’ ਦੇ ਨਾਂ ਨਾਲ ਦੋ-ਪੰਨਿਆਂ ਦਾ ਦਾਅਵਾ-ਨਾਮਾ ਪ੍ਰਕਾਸ਼ਿਤ ਕਰ, ਮਤਦਾਤਾਵਾਂ ਨੂੰ ਇਹ ਦਸਣ ਦੀ ਕੌਸ਼ਿਸ਼ ਕੀਤੀ ਹੈ, ਕਿ ਉਸਦੇ ਮੁਖੀਆਂ ਨੇ ਬੀਤੇ ਦੋ ਵਰਿ੍ਹਆਂ ਵਿੱਚ ਕੀ ਤੇ ਕਿਤਨੀਆਂ ‘ਮਲਾਂ’ ਮਾਰੀਆਂ ਹਨ। ਉਨ੍ਹਾਂ ਦੇ ਇਸ ਦਾਅਵੇ ਵਿੱਚ ਕਿਤਨੀ ਸੱਚਾਈ ਹੈ? ਇਹ ਫੈਸਲਾ ਤਾਂ ਦਿੱਲੀ ਦੇ ਮਤਦਾਤਾਵਾਂ ਵਲੋਂ ਕੀਤਾ ਜਾਣਾ ਹੈ। ਅਸੀਂ ਤਾਂ ਕੇਵਲ ਇਹੀ ਪੁਛਣਾ ਚਾਹੁੰਦੇ ਹਾਂ ਕਿ ਸ. ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਪ੍ਰਾਪਤੀਆਂ ਵਿੱਚ ਉਨ੍ਹਾਂ 6 ਵਰਿ੍ਹਆਂ ਦੀਆਂ ‘ਪ੍ਰਾਪਤੀਆਂ’ ਦਾ ਕੋਈ ਜ਼ਿਕਰ ਕਿਉਂ ਨਹੀਂ ਕੀਤਾ, ਜਿਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਪੁਰ ਬਾਦਲ ਅਕਾਲੀ ਦਲ ਦੀ ਹੀ ਸੱਤਾ ਕਾਇਮ ਸੀ ਤੇ ਜਨਰਲ ਸਕਤੱਰ ਦੇ ਅਹੁਦੇ ਪੁਰ ਹੁੰਦਿਆਂ ਹੋਇਆਂ ਉਹ ਕਮੇਟੀ ਦੇ ਨਿਯਮਾਂ ਅਨੁਸਾਰ ਉਸਦੇ ਹਰ ਕੰਮ ਦੇ ਲਈ ਜਵਾਬਦੇਹ ਸਨ।
ਜਾਗੋ : ਜਗ ਆਸਰਾ ਗੁਰੂ ਓਟ (ਜੀਕੇ) ਵਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਉਨ੍ਹਾਂ 6 ਵਰਿ੍ਹਆਂ ਦੀਆਂ ਪ੍ਰਾਪਤੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੌਰਾਨ ਮਨਜੀਤ ਸਿੰਘ ਜੀਕੇ ਕਮੇਟੀ ਦੇ ਪ੍ਰਧਾਨ ਰਹੇ ਸਨ। ਇਸਦੀ ਬਜਾਏ ਉਨ੍ਹਾਂ ਵਲੋਂ ਜੀਕੇ ਦੇ ਪਿਤਾ ਜ. ਸੰਤੋਖ ਸਿੰਘ ਦੀਆਂ ਉਨ੍ਹਾਂ ਪ੍ਰਾਪਤੀਆਂ ਦੇ ਪ੍ਰਚਾਰ ਨੂੰ ਪਹਿਲ ਦਿੱਤੀ। ਜੋ ਉਨ੍ਹਾਂ ਨੇ ਆਪਣੇ ਸੱਤਾਕਾਲ ਦੌਰਾਨ ਪ੍ਰਾਪਤ ਕੀਤੀਆਂ ਸਨ। ਸ਼ਾਇਦ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜ. ਸੰਤੋਖ ਸਿੰਘ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਲਈ ਜੋ ਰਿਕਾਰਡ ਪ੍ਰਾਪਤੀਆਂ ਕੀਤੀਆਂ ਗਈਆਂ, ਉਨ੍ਹਾਂ ਦਾ ਲਾਭ ਜੀਕੇ ਦੀ ਅਗਵਾਈ ਵਾਲੀ ‘ਜਾਗੋ’ ਦੇ ਉਮੀਦਵਾਰਾਂ ਨੂੰ ਮਿਲ ਸਕੇਗਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) : ਇਨ੍ਹਾਂ ਦੋਹਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ), ਜੋ ਬੀਤੇ ਅੱਠ ਵਰਿ੍ਹਆਂ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਚਲਿਆ ਆ ਰਿਹਾ ਹੈ, ਕੋਲ ਇਨ੍ਹਾਂ ਅੱਠ ਵਰਿ੍ਹਆਂ ਦੀ ਕੋਈ ਪ੍ਰਾਪਤੀ ਨਹੀਂ: ਹਾਂ, ਉਨ੍ਹਾਂ ਪਾਸ ਉਸਤੋਂ ਪਹਿਲਾਂ ਦੇ ਦਸ ਵਰਿ੍ਹਆਂ ਦੀਆਂ ਪ੍ਰਾਪਤੀਆਂ ਜ਼ਰੂਰ ਹਨ, ਜਿਨ੍ਹਾਂ ਦਿਨੀਂ ਸ. ਸਰਨਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਸਨ। ਪ੍ਰੰਤੂ ਉਹ ਉਨ੍ਹਾਂ ਦਾ ਪ੍ਰਚਾਰ ਕਰਨ ਨਾਲੋਂ ਬਹੁਤਾ ਜ਼ੋਰ ਆਪਣੇ ਭਵਿੱਖ ਦੇ ਏਜੰਡੇ ਦੇ ਪ੍ਰਚਾਰ ਪੁਰ ਦੇ ਰਹੇ ਹਨ। ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਬਿਨਾਂ ਜੋ ਛੋਟੀਆਂ-ਛੋਟੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਹਨ, ਉਨ੍ਹਾਂ ਵਲੋਂ ਵੀ ਆਪੋ-ਆਪਣੇ ਪੱਧਰ ’ਤੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆ ਉਸਨੂੰ ਪਾਰਦਰਸ਼ੀ ਬਨਾਉਣ ਦੇ ਵਾਇਦੇ ਕੀਤੇ ਗਏ।
ਹੁਣ ਗੇਂਦ ਮਤਦਾਤਾਵਾਂ ਦੇ ਪਾਲੇ ਵਿੱਚ : ਧਾਰਮਕ ਸਿੱਖ ਬੁਧੀਜੀਵੀਆਂ ਨੇ ਸਿੱਖ ਮਤਦਾਤਾਵਾਂ ਨੂੰ ਅਪੀਲ ਕੀਤੀ ਕਿ ਇੱਕ ਤਾਂ ਉਨ੍ਹਾਂ ਨੂੰ ਗੁਰਦੁਆਰਾ ਚੋਣਾਂ ਵਿੱਚ ਵੱੱਧ-ਚੜ੍ਹ ਕੇ ਮਤਦਾਨ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਚੰਗੇ ਬੰਦੇ ਚੁਣੇ ਜਾ ਕੇ ਗੁਰਦੁਆਰਾ ਪ੍ਰਬੰਧ ਵਿੱਚ ਭਾਈਵਾਲ ਬਣ ਸਕਣ, ਦੂਸਰਾ ਉਨ੍ਹਾਂ ਨੂੰ ਨਿਜੀ ਸੰਬੰਧਾਂ ਅਤੇ ਜਾਤ-ਬਰਾਦਰੀ ਦੀ ਸੋਚ ਤੋਂ ਉਪਰ ਉਠ ਅਤੇ ਇਹ ਸੋਚ ਕੇ ਮਤਦਾਨ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਰਾਜਸੀ ਵਿਅਕਤੀ ਦੀ ਚੋਣ ਕਰਨ ਨਹੀਂ ਜਾ ਰਹੇ, ਸਗੋਂ ਆਪਣੇ ਧਰਮ ਅਸਥਾਨਾਂ ਦਾ ਪ੍ਰਬੰਧ ਅਜਿਹੇ ਹੱਥਾਂ ਵਿੱਚ ਸੌਂਪਣ ਜਾ ਰਹੇ ਹਨ, ਜੋ ਸਥਾਪਤ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਅਤੇ ਉਨ੍ਹਾਂ ਦਾ ਪਾਲਣ ਕਰਨ ਦੇ ਨਾਲ ਹੀ ਧਾਰਮਕ ਅਸਥਾਨਾਂ ਦੀ ਪਵਿਤ੍ਰਤਾ ਕਾਇਮ ਰਖਣ ਪ੍ਰਤੀ ਵਚਨਬੱਧ ਰਹਿਣ।
ਬਾਦਲ ਪਰਿਵਾਰ ਗਾਇਬ : ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸਦੀ ਪ੍ਰਚਾਰ ਸਮਿਗ੍ਰੀ ਵਿਚੋਂ ਦਲ ਦੀ ਕੌਮੀ ਲੀਡਰਸ਼ਿਪ, ਸ. ਪ੍ਰਕਾਸ਼ ਸਿੰਘ ਬਾਦਲ (ਸਰਪ੍ਰਸਤ) ਅਤੇ ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ) ਦੇ ਫੋਟੋਆਂ ਹੀ ਨਹੀਂ, ਸਗੋਂ ਉਨ੍ਹਾਂ ਦੇ ਨਾਂ ਤਕ ਵੀ ਗਾਇਬ ਹੋਣ ਪੁਰ ਉਨ੍ਹਾਂ ਦੇ ਆਪਣੇ ਸਮਰਥਕਾਂ ਵਲੋਂ ਹੀ ਸਵਾਲ ਚੁਕਿਆ ਗਿਆ। ਇਧਰ ਦਲ ਦੇ ਪ੍ਰਦੇਸ਼ ਮੁੱਖੀਆਂ ਦੇ ਨਿਕਟ ਸੂਤ੍ਰਾਂ ਦੀ ਗਲ ਮਨੀਏ ਤਾਂ ਇਸਦਾ ਕਾਰਣ ਇਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸ. ਸੁਖਬੀਰ ਸਿੰਘ ਬਾਦਲ ਉਪ-ਮੁੱਖ-ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ-ਕਾਲ ਦੌਰਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਹੋਈਆਂ ਘਟਨਾਵਾਂ, ਉਨ੍ਹਾਂ ਲਈ ਦੋਸ਼ੀਆਂ ਦੇ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿਣ ਅਤੇ ਸ਼ਾਂਤਮਈ ਸਿੱਖਾਂ ਪੁਰ ਗੋਲੀ ਚਲਵਾਏ ਜਾਣ ਦਾ ਜੋ ਕਥਤ ਕਲੰਕ ਉਨ੍ਹਾਂ ਪੁਰ ਲਗਾ ਹੋਇਆ ਹੈ, ਉਸਦੇ ਪ੍ਰਛਾਵੇਂ ਤੋਂ ਬਚੇ ਰਹਿਣ ਲਈ ਹੀ ਦਲ ਦੇ ਸਥਾਨਕ ਮੁੱਖੀਆਂ ਨੇ ਉਨ੍ਹਾਂ ਦੇ ਫੋਟੋਆਂ ਅਤੇ ਨਾਂ ਦੀ ਵਰਤੋਂ ਨਾ ਕੀਤੇ ਜਾਣ ਦਾ ਫੈਸਲਾ ਕੀਤਾ। ਤਾਂ ਜੋ ਦਿੱਲੀ ਦੇ ਸਿੱਖ ਮਤਦਾਤਾਵਾਂ ਵਿੱਚ ਇਹ ਸੰਦੇਸ਼ ਜਾ ਸਕੇ ਕਿ ਇਨਾਂ ਗੁਰਦੁਆਰਾ ਚੋਣਾਂ ਦਾ ਪੰਜਾਬ ਦੀ ਉਸ ਅਕਾਲੀ ਲੀਡਰਸ਼ਿਪ ਦਾ ਕੋਈ ਲੈਣਾ-ਦੇਣਾ ਨਹੀਂ, ਜਿਸ ਪੁਰ ੳੋਪਰੋਕਤ ਘਟਨਾਵਾਂ ਦਾ ਕਲੰਕ ਲਗਾ ਹੋਇਆ ਹੈ। ਜਦਕਿ ਰਾਜਧਾਨੀ ਦੇ ਰਾਜਨੀਤਕਾਂ ਧਾ ਮੰਨਣਾ ਹੈ ਕਿ ਸਥਾਨਕ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਇਹ ਸੋਚ ਉਨ੍ਹਾਂ ਦਾ ਮਾਤ੍ਰ ਭਰਮ ਹੈ, ਕਿਉਂਕਿ 2017 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਜੀਕੇ ਨੇ ਵੀ ਇਹੀ ਦਾਅ ਖੇਡਿਆ ਸੀ, ਪ੍ਰੰਤੂ ਜਦੋਂ ਉਨ੍ਹਾਂ ਉਸ ਜਿੱਤ ਨੂੰ ਸੁਖਬੀਰ ਦੀ ਝੋਲੀ ਵਿੱਚ ਜਾ ਪਾਇਆ ਤਾਂ ਦਿੱਲੀ ਦੇ ਸਿੱਖ-ਮਤਦਾਤਾ ਆਪਣੇ-ਆਪਨੂੰ ਠਗਿਆ-ਠਗਿਆ ਮਹਿਸੂਸ ਕਰਨ ਲਗੇ ਸਨ। ਇਸਲਈ ਜਾਪਦਾ ਨਹੀਂ ਕਿ ਇਸ ਵਾਰ ਉਹ ਫਿਰ ਆਪਣੇ-ਆਪਨੂੰ ਠਗਾਣ ਦੇ ਲਈ ਤਿਆਰ ਹੋ ਜਾਣ?
…ਅਤੇ ਅੰਤ ਵਿੱਚ : ਇਸ ਵਾਰ ਦਿੱਲੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਇੱਕ ਦਿਲਚਸਪ ਗੱਲ ਇਹ ਵੇਖਣ ਨੂੰ ਮਿਲ ਰਹੀ ਹੈ, ਕਿ ਚੋਣ-ਮੈਦਾਨ ਵਿੱਚ ਉਤਰੇ ਲਗਭਗ ਸਾਰੇ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ ਪੁਰ ਆਪਣਾ ਚੋਣ ਪ੍ਰਚਾਰ ਕਰਨ ਦੇ ਉਦੇਸ਼ ਨਾਲ ਜੋ ਪੋਸਟਾਂ ਪਾਈਆਂ ਗਈਆਂ, ਲਗਭਗ ਉਨ੍ਹਾਂ ਸਾਰੀਆਂ ਵਿੱਚ ਇਹ ਦਾਅਵਾ ਕੀਤਾ ਗਿਆ, ਕਿ ਉਹ ਇਹ ਗੁਰਦੁਆਰਾ ਚੋਣ ਕਿਸੇ ‘ਚੌਧਰ’ ਲਈ ਨਹੀਂ, ਸਗੋਂ ‘ਸੇਵਾ’ ਕਰਨ ਲਈ ਲੜ ਰਹੇ ਹਨ। ਇੱਕ ਦਲ ਅਤੇ ਉਸਦੇ ਉਮੀਦਵਾਰਾਂ ਵਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ‘ਸੇਵਾ ਕੀਤੀ ਹੈ, ਸੇਵਾ ਕਰਾਂਗੇ’। ਇਹ ਸਾਰੇ ਦਾਅਵੇ ਇਉਂ ਕੀਤੇ ਗਏ ਜਾਪਦੇ ਹਨ, ਜਿਵੇਂ ਸਿੱਖ ਧਰਮ ਵਿੱਚ ‘ਸੇਵਾ’ ਕੇਵਲ ਗੁਰਦੁਆਰਾ ਕਮੇਟੀ ਦਾ ਮੈਂਬਰ ਜਾਂ ਅਹੁਦੇਦਾਰ ਬਣਕੇ ਹੀ ਕੀਤੀ ਜਾ ਸਕਦੀ! ਇਸਤੋਂ ਬਿਨਾਂ ਸੇਵਾ ਕਰ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।