ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਅਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਨੇ ਡੇਰਾ ਸਿਰਸਾ ਦੇ ਮੁਖੀ ਵੱਲੋਂ ਆਪਣੇ ਆਪ ਨੂੰ ਗੁਰੂ ਕਹਿੰਦਿਆਂ ਜੇਲ੍ਹ ‘ਚੋਂ ਲਿਖੇ ਗਏ ਪੱਤਰ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਕਿਹਾ ਹੈ ਕਿ ਉਸ ਦੀ ਇਹ ਹਰਕਤ ਸਰਕਾਰਾਂ ਅਤੇ ਸਿੱਖ ਵਿਰੋਧੀ ਤਾਕਤਾਂ ਦੀ ਵੱਡੀ ਸਾਜਿਸ਼ ਹੈ। ਸੰਤ ਬਾਬਾ ਜੱਸੋਵਾਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਸਿੱਖਾਂ ਨੂੰ ਵਿਵਾਦਗ੍ਰਸਤ ਵੱਖ-ਵੱਖ ਮੁੱਦਿਆਂ ਵਿੱਚ ਉਲਝਾ ਕੇ ਸਿੱਖ ਸ਼ਕਤੀ ਨੂੰ ਪਰਖਣ ਅਤੇ ਕਮਜ਼ੋਰ ਕਰਨ ਦੀਆਂ ਨੀਤੀਆਂ ਅਮਲ ਵਿੱਚ ਲਿਆ ਰਹੀਆਂ ਹਨ। ਸੰਤ ਬਾਬਾ ਜੱਸੋਵਾਲ ਨੇ ਕਿਹਾ ਕਿ ਜਦੋਂ ਅੱਜ ਇੱਕ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਨਾਲ ਜੁੜੇ ਗੋਲੀਕਾਂਡ ਸਬੰਧੀ ਤਿਆਰ ਕੀਤੀ ਚਾਰਜਸ਼ੀਟ ਰੱਦ ਕਰ ਦਿੱਤੀ ਹੈ ਤਾਂ ਉਸ ਸਮੇਂ ਸੌਦਾ ਸਾਧ ਨੂੰ ਸਿੱਖਾਂ ਦੇ ਜ਼ਖ਼ਮਾਂ ਉੱਪਰ ਲੂਣ ਛਿੜਕਣ ਲਈ ਮੁੜ ਸਾਜਿਸ਼ ਤਹਿਤ ਸਿੱਖ ਸਿਧਾਂਤ ਵਿਰੋਧੀ ਗੱਲਾਂ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਨੇ ਕੇਂਦਰ ਸਰਕਾਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਸਿੱਖ ਵਿਰੋਧੀ ਮਾਨਸਿਕਤਾ ਅਤੇ ਨੀਤੀਆਂ ‘ਚ ਬਦਲਾਅ ਲਿਆਉਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਨਾ ਹੋਇਆ ਤਾਂ ਦੋਵੇਂ ਸੂਬਿਆਂ ਦੇ ਅਤੇ ਸਮੁੱਚੇ ਦੇਸ਼ ਦੇ ਹਾਲਾਤ ਵਿਗੜ ਸਕਦੇ ਹਨ। ਉਨ੍ਹਾਂ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ ਅਤੇ ਸੰਗਤ ਨੂੰ ਆਪੋ ਆਪਣੀ ਤਾਕਤ ਵਰਤਦਿਆਂ ਡੇਰਾ ਸਿਰਸਾ ਮੁਖੀ ਨੂੰ ਸਿੱਖੀ ਸਿਧਾਂਤਾਂ ਦਾ ਮਜ਼ਾਕ ਉਡਾਉਣ ਦੀਆਂ ਹਰਕਤਾਂ ਤੋਂ ਰੋਕਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ।
ਸਿਰਸਾ ਡੇਰੇ ਦੇ ਮੁਖੀ ਦੀ ਸਿੱਖ ਸਿਧਾਂਤਾਂ ਨੂੰ ਚੁਨੌਤੀ ਸਰਕਾਰਾਂ ਅਤੇ ਸਿੱਖ ਵਿਰੋਧੀਆਂ ਦੀ ਸਾਜਿਸ਼-ਸੰਤ ਬਾਬਾ ਜੱਸੋਵਾਲ
This entry was posted in ਪੰਜਾਬ.