ਅੰਮ੍ਰਿਤਸਰ – ਧਰਮ ਰੱਖਿਅਕ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਹਿੰਦੁਸਤਾਨ ਦੀ ਹੋਂਦ ਨੂੰ ਬਚਾਈ ਰੱਖਣ ਲਈ ਹਰ ਹਿੰਦੂ ਪਰਿਵਾਰਾਂ ਨੂੰ ਆਪਣੇ ਇਕ ਇਕ ਬੱਚੇ ਨੂੰ ਸਿੰਘ ਸਜਾਉਣ ਦੀ ਅਪੀਲ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਆਪਣੀ ਜੋਸ਼ੀਲੀ ਤਕਰੀਰ ’ਚ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਹਿੰਦੁਸਤਾਨ ਦੀ ਹੋਂਦ ਅੱਜ ਜੋ ਦਿਖਾਈ ਦੇ ਰਹੀ ਹੈ ਉਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਤਿਲਕ ਜੰਝੂ ਅਤੇ ਧਰਮ ਅਸਥਾਨਾਂ ਦੀ ਰੱਖਿਆ ਲਈ ਬਲੀਦਾਨ ਸਦਕਾ ਹੈ, ਸਤਿਗੁਰਾਂ ਨੇ ਪਰਉਪਕਾਰ ਨਾ ਕੀਤਾ ਹੁੰਦਾ ਹਾਂ ਹਿੰਦੁਸਤਾਨ ਦਾ ਵਜੂਦ ਹੀ ਖ਼ਤਮ ਹੋ ਚੁੱਕਿਆ ਹੁੰਦਾ ਅਤੇ ਹਿੰਦੁਸਤਾਨ ਅੱਜ ਮੁਸਲਿਮ ਮੁਲਕ ਵਜੋਂ ਜਾਣਿਆ ਜਾਂਦਾ। ਉਨ੍ਹਾਂ ਕਿਹਾ ਕਿ ਖ਼ਾਲਸਾ ਮਨੁੱਖਤਾ ਨੂੰ ਸਮਰਪਿਤ ਹੈ, ਖ਼ਾਲਸੇ ਦੇ ਨਿਸ਼ਾਨ ਤਾਂ ਹੀ ਝੂਲਦੇ ਰਹਿਣਗੇ ਜੇ ਖ਼ਾਲਸਾ ਜਬਰ ਤੇ ਜ਼ੁਲਮ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਹੋਇਆ ਆਪਣੇ ਧਰਮ ਵਿਚ ਪਰਪੱਕ ਰਹਿ ਕੇ ਅਤੇ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚੱਲੇਗਾ। ਉਨਾਂ ਆਪਣੇ ਜੀਵਨ ’ਚ ਗੁਰੂ ਸਾਹਿਬ ਦੀਆਂ ਵੈਰਾਗਮਈ ਸਿੱਖਿਆਵਾਂ ਨੂੰ ਕਮਾਉਣ -ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਤਮਾਕੂ ਆਦਿ ਨਸ਼ਿਆਂ ਦੀਆਂ ਅਲਾਮਤਾਂ ਤੋਂ ਆਪਣੀ ਕੌਮ ਤੇ ਦੂਸਰੇ ਧਰਮਾਂ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਜਿੱਥੇ ਵੀ ਗਏ ਗੁਰੂਘਰ ਦੇ ਖ਼ਜ਼ਾਨੇ ਵਿਚੋਂ ਮਨੁੱਖਤਾ ਦੇ ਭਲੇ ਲਈ ਖੂਹ ਲਵਾਏ, ਬਾਗ਼ ਅਤੇ ਬਿਰਛ ਲਵਾਏ। ਉਨ੍ਹਾਂ ਕਰੋਨਾ ਦੀ ਮਹਾਂਮਾਰੀ ਦੌਰਾਨ ਹਰੇਕ ਨੂੰ ਇਕ ਇਕ ਬਿਰਛ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਨਿਰੋਗਤਾ ਲਈ ਗੁਰੂ ਕੇ ਅਮ੍ਰਿਤਸਰੋਵਰਾਂ ’ਤੇ ਭਰੋਸਾ ਬਣਾਈ ਰੱਖਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ’ਤੇ ਵਾਹਿਗੁਰੂ ਦੀ ਅਪਾਰ ਕ੍ਰਿਪਾ ਹੀ ਨਹੀਂ ਰਹੀ ਸਗੋਂ ਉਸੇ ਦਾ ਸਰੂਪ ਹੋ ਕੇ ਸੰਸਾਰ ’ਤੇ ਕ੍ਰਿਪਾ ਕਰਨ ਵਾਲੇ ਹਨ। ਜਿਨ੍ਹਾਂ ਨੂੰ ਅੱਜ ਸਾਰਾ ਸੰਸਾਰ ਸਿੱਜਦਾ ਅਤੇ ਨਮਸਕਾਰ ਕਰ ਰਿਹਾ ਹੈ। ਉਨ੍ਹਾਂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਰਮੇਸ਼ਰ ਦੇ ਗੁਣਾਂ ਨੂੰ ਨਾ ਗਾਉਣ ਵਾਲਾ ਆਪਣਾ ਜੀਵਨ ਵਿਅਰਥ ਗਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰਾਂ ਦੀਆਂ ਪਰ ਉਪਕਾਰਾਂ ਨੂੰ ਯਾਦਾਂ ਨਹੀਂ ਕਰਾਂਗੇ ਤਾਂ ਇਹ ਅਕ੍ਰਿਤਘਣਤਾ ਹੋਵੇਗੀ। ਉਨ੍ਹਾਂ ਅਕ੍ਰਿਤਘਣਤਾ ਦੇ ਦੋਸ਼ ਤੋਂ ਮੁਕਤ ਹੋਣ ਲਈ ਸਤਿਗੁਰੂ ਦੀਆਂ ਸ਼ਤਾਬਦੀਆਂ ਚੜ੍ਹਦੀਕਲਾ ਨਾਲ ਮਨਾਉਣ ਦੀ ਅਪੀਲ ਕੀਤੀ । ਉਨ੍ਹਾਂ ਦਮਦਮੀ ਟਕਸਾਲ ਅਤੇ ਸੰਤ ਸਮਾਜ ਵੱਲੋਂ ਸਮੂਹ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸੇ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਚਾਂਦੀ ਦੇ ਚਵਰ ਸਾਹਿਬ ਭੇਟਾ ਕਰਨ ਦੀ ਸੇਵਾ ਕੀਤੀ ਗਈ। ਇਸ ਤੋਂ ਪੂਰਵ ਗੁਰੂ ਕੇ ਮਹਿਲ ਵਿਖੇ ਦਮਦਮੀ ਟਕਸਾਲ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਹਾਜ਼ਰੀ ਲਵਾਈ ਗਈ। ਦਮਦਮੀ ਟਕਸਾਲ ਵੱਲੋਂ ਬੀਤੇ ਕਈ ਦਿਨਾਂ ਤੋਂ ਚਲਾਏ ਜਾ ਰਹੇ ਗੁਰੂ ਕੇ ਲੰਗਰ ਵਿਖੇ ਸਿੰਘ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।