ਅੰਮ੍ਰਿਤਸਰ/ ਮੁੰਬਈ – ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਗਤ ਵੱਲੋਂ ਦੇਸ਼ ਦੇ ਕੋਨੇ ਕੋਨੇ ‘ਚ ਪੂਰੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਨਵੀਂ ਮੁੰਬਈ ਦੇ ਸਿੱਖ ਸੰਗਤਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ। ਸਾਈਨ ਮੁੰਬਈ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੇਵਕ ਜਥਾ ਟਰੱਸਟ(ਰਜਿ) ਦੇ ਪ੍ਰਧਾਨ ਸ: ਜਸਵਿੰਦਰ ਸਿੰਘ ਸ਼ੈਟੀ ਵੱਲੋਂ ਸੁਪਰੀਮ ਕੌਸਲ ਨਵੀਂ ਮੁੰਬਈ ਗੁਰਦੁਆਰਜ ਦੇ ਆਗੂ ਭਾਈ ਜਸਪਾਲ ਸਿੰਘ ਸਿੱਧੂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਸ਼ਟਰ ਸਰਕਾਰ ਦੀ ਆਗਿਆ ਲੈ ਕੇ ਇੱਥੇ ਗੁਰੂ ਤੇਗ਼ ਬਹਾਦਰ ਨਗਰ ਰੇਲਵੇ ਸਟੇਸ਼ਨ ਸਾਈਨ ਮੁੰਬਈ ਵਿਖੇ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ ( ਦਾਖ਼ਲੇ) ‘ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵੱਡ ਅਕਾਰੀ ਤੇ ਸੁੰਦਰ ਤਸਵੀਰ ਪੱਕੇ ਤੌਰ ‘ਤੇ ਸਥਾਪਿਤ ਕੀਤੀ ਗਈ। ਜਸਪਾਲ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ‘ਚ ਇਸ ਮੌਕੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਦੇ ਗਲਿਆਰੇ ‘ਚ ‘ਤੇ ਗੁਰ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ ਦੀ ਗੈਲਰੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਜਥੇ ਵੱਲੋਂ ਸੰਗਤ ਨੂੰ ਸਲੋਕ ਮ: ਨੌਵਾਂ ਦਾ ਰਸਭਿੰਨਾ ਕੀਰਤਨ ਸਰਵਨ ਕਰਾਇਆ ਗਿਆ। ਸਿੱਖ ਸੰਗਤਾਂ ਵੱਲੋਂ ਗੁਰਪੁਰਬ ਮਨਾਉਂਦਿਆਂ ਲੋੜਵੰਦਾਂ ਨੂੰ ਆਕਸੀਜਨ ਦੇ ਸਲੰਡਰ ਵੀ ਵੰਡੇ ਗਏ। ਗੁਰਦੁਆਰਾ ਸੀ ਬੀ ਡੀ ਬੇਲਾਪੁਰ ਵਿਖੇ ਸ: ਜਸਪਾਲ ਸਿੰਘ ਸਿੱਧੂ ਦੀ ਅਗਵਾਈ ‘ਚ 500 ਦੇ ਕਰੀਬ ਅਤੇ ਗੁ: ਪਨਵੇਲ, ਗੁ: ਨਰੂਲਾ, ਗੁ: ਅਰੌਲੀ ਅਤੇ ਗੁ: ਖਾਰਗੜ ਵਿਖੇ ਵੀ ਸੈਂਕੜੇ ਆਕਸੀਜਨ ਸਲੰਡਰ ਵੰਡੇ ਗਏ ਹਨ। ਇਸ ਮੌਕੇ ਸੇਵਕ ਜਥਾ ਟਰੱਸਟ ਦੇ ਜਨਰਲ ਸਕੱਤਰ ਸਨਮੀਤ ਸਿੰਘ, ਖ਼ਜ਼ਾਨਚੀ ਗਗਨਦੀਪ ਸਿੰਘ , ਮੀਤ ਪ੍ਰਧਾਨ ਸਨਮੀਤ ਸਿੰਘ ਤੇ ਸਾਹਿਬ ਸਿੰਘ ਤੋਂ ਇਲਾਵਾ, ਜਸਪਾਲ ਸਿੰਘ ਸਿੱਧੂ, ਕਾਮੋਥੇ ਪ੍ਰਧਾਨ ਚਰਨਦੀਪ ਸਿੰਘ , ਅਰੌਲੀ ਦੇ ਪ੍ਰਧਾਨ ਅਮਰਜੀਤ ਸਿੰਘ, ਪਿਆਰਾ ਸਿੰਘ ਕੈਨੇਡਾ, ਸਰਵਨ ਸਿੰਘ ਇੰਗਲੈਂਡ, ਕੁਲਬੀਰ ਸਿੰਘ ਸੰਧੂ, ਸਤਨਾਮ ਸਿੰਘ ਧਾਮ ਚੁਨਾ ਭੱਟੀ ਵੀ ਮੌਜੂਦ ਸਨ।
ਰੇਲਵੇ ਸਟੇਸ਼ਨ ਸਾਈਨ ਮੁੰਬਈ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵੱਡ ਅਕਾਰੀ ਤੇ ਸੁੰਦਰ ਤਸਵੀਰ ਪੱਕੇ ਤੌਰ ‘ਤੇ ਸਥਾਪਿਤ
This entry was posted in ਭਾਰਤ.