ਅੰਮ੍ਰਿਤਸਰ – ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਅਤੇ ਦਮਦਮੀ ਟਕਸਾਲ ਦੇ ਆਗੂ ਭਾਈ ਅਜੈਬ ਸਿੰਘ ਅਭਿਆਸੀ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਪੁਲਿਸ ਵੱਲੋਂ ਨਜਾਇਜ਼ ਹਿਰਾਸਤ ‘ਚ ਲਏ ਗਏ ਇੱਕ ਰਿਟਾਇਰਡ ਸਿੱਖ ਫ਼ੌਜੀ ‘ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਪ੍ਰਤੀ ਯੂ ਪੀ ਪੁਲੀਸ ਦੀ ਕਰੂਰਤਾ ਅਤੇ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਨਕਾਰਾਤਮਿਕ ਰਵੱਈਆ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਉਕਤ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਪੀੜਤ ਸਿੱਖ ਫ਼ੌਜੀ ਸ: ਰੇਸ਼ਮ ਸਿੰਘ ਨੂੰ ਇਨਸਾਫ਼ ਦੇਣ ਲਈ ਜਿਆਦਤੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਆਲ ਸਖ਼ਤ ਅਤੇ ਮਿਸਾਲੀ ਕਾਰਵਾਈ ਕਰਨ ਦੀ ਯੂ ਪੀ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਿਅਨਾਥ ਤੋਂ ਮੰਗ ਕੀਤੀ ਹੈ।
ਭਾਈ ਅਭਿਆਸੀ ਨੇ ਉਕਤ ਘਟਨਾ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਕੁਦਰਤੀ ਆਫ਼ਤਾਂ ਅਤੇ ਮਹਾਂਮਾਰੀਆਂ ਦੇ ਸਮੇਂ ਵੀ ਸਭ ਤੋਂ ਵਧ ਅੱਗੇ ਹੋ ਕੇ ਲੋਕਾਈ ਦੀ ਸੇਵਾ ਕਰਦਾ ਆ ਰਿਹਾ ਹੈ। ਮੌਜੂਦਾ ਕਰੋਨਾ ਮਹਾਂਮਾਰੀ ਦੌਰਾਨ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਭੁਲਾਈਆਂ ਨਹੀਂ ਜਾ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ ‘ਤੇ ਤਾਇਨਾਤ ਰਹੇ ਫ਼ੌਜੀ ਅਤੇ ਉਸ ਦਾ ਪਰਿਵਾਰ ਹੀ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਪ੍ਰਤੀ ਯੂ ਪੀ ਪੁਲੀਸ ਦੇ ਰਵਈਏ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੀੜਤ ਫ਼ੌਜੀ ਵੱਲੋਂ ਯੂ ਪੀ ਪੁਲੀਸ ਦੇ ਇਕ ਦਾਰੋਗਾ ਰਾਮ ਨਿਰੇਸ਼ ਵੱਲੋਂ ਆਪਣੇ ਸਾਥੀਆਂ ਨਾ ਮਿਲ ਕੇ ਥਾਣੇ ਵਿਚ ਉਸ ‘ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਬਾਰੇ ਸਬੂਤਾਂ ਸਹਿਤ ਜਾਰੀ ਵੀਡੀਓ ਦੇਖ ਕੇ ਸਮੂਹ ਸਿੱਖ ਭਾਈਚਾਰੇ ‘ਚ ਹੀ ਨਹੀਂ ਸਗੋਂ ਅਮਨ ਪਸੰਦ ਸ਼ਹਿਰੀਆਂ ਦੇ ਮਨਾਂ ‘ਚ ਵੀ ਰੋਸ ਜਾਗਣਾ ਕੁਦਰਤੀ ਹੈ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗ਼ੁੱਸੇ ਦਾ ਮਾਹੌਲ ਹੈ । ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਕਰਦਿਆਂ ਪੀੜਤ ਫ਼ੌਜੀ ਨੂੰ ਇਨਸਾਫ਼ ਦੇਣ ਅਤੇ ਦੋਸ਼ੀ ਪੁਲੀਸ ਕਰਮੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ।