ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ, ਪਰ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਘੋਸ਼ਣਾ ਕੀਤੀ ਹੈ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਗਲਾਸਗੋ ਸ਼ਹਿਰ ਨੂੰ ਇੱਕ ਹੋਰ ਹਫ਼ਤੇ ਲਈ ਪਾਬੰਦੀਆਂ ਦੇ ਤੀਜੇ ਪੱਧਰ ‘ਤੇ ਰੱਖਿਆ ਜਾਵੇਗਾ। ਗਲਾਸਗੋ ਦੇ ਦੱਖਣ ਵਾਲੇ ਪਾਸੇ ਭਾਰਤੀ ਕੋਰੋਨਾ ਵਾਇਰਸ ਰੂਪ ਦੇ ਮਾਮਲੇ ਸਾਹਮਣੇ ਆਉਣ ਕਾਰਨ ਸ਼ਹਿਰ ਦੇ ਪੱਧਰ ਨੂੰ ਤਬਦੀਲ ਕਰਨ ਵਿੱਚ ਦੇਰੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਗਲਾਸਗੋ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਾਂਗ, ਸੋਮਵਾਰ ਨੂੰ ਪੱਧਰ 2 ‘ਚ ਜਾਣ ਵਾਲਾ ਸੀ। ਇਸ ਪੱਧਰ ਵਿੱਚ ਜਾਣ ‘ਤੇ ਪੱਬਾਂ ਦੇ ਅੰਦਰ ਸ਼ਰਾਬ ਦੀ ਸੇਵਾ ਬਹਾਲ ਹੋਣ ਦੇ ਨਾਲ ਲੋਕ ਇੱਕ ਦੂਜੇ ਦੇ ਘਰਾਂ ਵਿੱਚ ਮਿਲ ਸਕਦੇ ਹਨ ਅਤੇ 3 ਘਰਾਂ ਦੇ 6 ਲੋਕਾਂ ਨੂੰ ਰਾਤ ਭਰ ਨਿੱਜੀ ਘਰਾਂ ਵਿੱਚ ਮਿਲਣ ਦੀ ਆਗਿਆ ਵੀ ਦਿੱਤੀ ਹੋਵੇਗੀ। ਵਾਇਰਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 11 ਮਈ ਤੋਂ ਸੱਤ ਦਿਨਾਂ ਵਿੱਚ ਗਲਾਸਗੋ ‘ਚ ਪ੍ਰਤੀ 100,000 ਲੋਕਾਂ ਪਿੱਛੇ 80.4 ਕੇਸ ਹੋਏ ਹਨ, ਜੋ ਇਸ ਸ਼ਹਿਰ ਨੂੰ ਮੋਰੇ ਖੇਤਰ ਤੋਂ ਅੱਗੇ ਲਿਜਾਂਦੇ ਹਨ, ਜਿੱਥੇ 68.9 ਕੇਸ ਸਨ। ਸਟਰਜਨ ਅਨੁਸਾਰ ਮਾਹਰਾਂ ਨੂੰ ਅੰਕੜਿਆਂ ਦਾ ਮੁਲਾਂਕਣ ਕਰਨ ਲਈ ਕੁੱਝ ਹੋਰ ਦਿਨਾਂ ਦੀ ਲੋੜ ਹੈ ਇਸ ਲਈ ਗਲਾਸਗੋ ਸ਼ਹਿਰ ਇੱਕ ਹਫ਼ਤੇ ਲਈ ਤੀਜੇ ਪੱਧਰ ਵਿੱਚ ਰਹੇਗਾ। ਇਸਦੇ ਇਲਾਵਾ ਮੋਰੇ ਸਕਾਟਲੈਂਡ ਦਾ ਇੱਕ ਹੋਰ ਖੇਤਰ ਹੈ ਜਿਸਦੇ ਪੱਧਰ 2 ਵੱਲ ਜਾਣ ਵਿੱਚ ਦੇਰੀ ਕੀਤੀ ਗਈ ਹੈ। ਜਨਤਕ ਸਿਹਤ ਸਿਹਤ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਗਲਾਸਗੋ ਵਿੱਚ ਲਾਗ ਦੇ ਵਾਧੇ ਵਿੱਚ ਭਾਰਤੀ ਬੀ 1617.2 ਰੂਪ ਸ਼ਾਮਲ ਹੋ ਸਕਦਾ ਹੈ।
ਗਲਾਸਗੋ ਨੂੰ ਕੋਰੋਨਾ ਕੇਸਾਂ ਵਿੱਚ ਵਾਧਾ ਹੋਣ ਕਾਰਨ ਅਜੇ ਰੱਖਿਆ ਜਾਵੇਗਾ ਪੱਧਰ ਤਿੰਨ ‘ਚ
This entry was posted in ਅੰਤਰਰਾਸ਼ਟਰੀ.