ਗਲਾਸਗੋ /ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਸ਼ਨੀਵਾਰ ਨੂੰ ਗਾਜ਼ਾ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਇਜ਼ਰਾਈਲ ਦੇ ਦੂਤਘਰ ਬਾਹਰ ਫਲਸਤੀਨ ਦੇ ਲੋਕਾਂ ਨਾਲ ਏਕਤਾ ਦਿਖਾਉਂਦਿਆਂ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ 13 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਵਿਭਾਗ ਦੇ ਨੌਂ ਅਧਿਕਾਰੀ ਵੀ ਜ਼ਖਮੀ ਹੋਏ। ਇਸ ਪ੍ਰਦਰਸ਼ਨ ਦੌਰਾਨ ਹਿੰਸਕ ਕਾਰਵਾਈ ਦੇ ਸ਼ੱਕ ਤਹਿਤ ਨੌਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਜਦਕਿ ਸਿਹਤ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਲਈ ਹੋਰ ਚਾਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੇ ਗਾਜ਼ਾ ਵਿੱਚ ਫਲਸਤੀਨੀਆਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ ਲਈ ਕੇਂਦਰੀ ਲੰਡਨ ਵਿੱਚ ਹਾਈਡ ਪਾਰਕ ਵਿੱਚ ਮਾਰਚ ਕੀਤਾ ਸੀ ਇਸਦੇ ਪ੍ਰਬੰਧਕਾਂ ਅਨੁਸਾਰ ਬ੍ਰਿਟੇਨ ਦੀ ਸਰਕਾਰ ਤੋਂ ਇਸ ਵਹਿਸ਼ੀ ਹਿੰਸਾ ਨੂੰ ਖਤਮ ਕਰਨ ਵਿੱਚ ਸਹਾਇਤਾ ਲਈ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਪੂਰਬੀ ਯਰੂਸ਼ਲਮ ਦੇ ਸ਼ੇਖ ਜਰਰਾਹ ਇਲਾਕੇ ਤੋਂ ਅਰਬਾਂ ਨੂੰ ਬੇਦਖਲ ਕਰਨ ਦੀ ਕੋਸ਼ਿਸ਼ ਨਾਲ ਸ਼ੁਰੂ ਹੋਈ ਹਿੰਸਾ ਤੋਂ ਬਾਅਦ, ਗਾਜ਼ਾ ਪੱਟੀ ਵਿੱਚ ਘੱਟੋ ਘੱਟ 139 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 39 ਬੱਚੇ ਵੀ ਸ਼ਾਮਿਲ ਹਨ। ਇਜ਼ਰਾਈਲ ਵਿੱਚ ਵੀ ਘੱਟੋ ਘੱਟ ਸੱਤ ਲੋਕ ਮਾਰੇ ਗਏ ਹਨ, ਜਿਹਨਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਲੰਡਨ ਵਿੱਚ ਇਹ ਪ੍ਰਦਰਸ਼ਨ ਫਲਸਤੀਨ ਏਕਤਾ ਮੁਹਿੰਮ, ਫ੍ਰੈਂਡਜ਼ ਆਫ ਅਲ-ਅਕਸਾ, ਬ੍ਰਿਟੇਨ ਵਿੱਚ ਫਿਲਸਤੀਨੀ ਫੋਰਮ, ਪਰਮਾਣੂ ਨਿਹੱਥੇਬੰਦੀ ਲਈ ਮੁਹਿੰਮ ਅਤੇ ਬ੍ਰਿਟੇਨ ਦੀ ਮੁਸਲਿਮ ਐਸੋਸੀਏਸ਼ਨ ਦੁਆਰਾ ਕੀਤਾ ਗਿਆ ਸੀ। ਬ੍ਰਿਟੇਨ ਦੀ ਸਰਕਾਰ ਉਦੋਂ ਤੱਕ ਇਨ੍ਹਾਂ ਕੰਮਾਂ ਵਿੱਚ ਸ਼ਮੂਲੀਅਤ ਹੈ ਜਿੰਨੀ ਦੇਰ ਤੱਕ ਉਹ ਇਜ਼ਰਾਈਲ ਨੂੰ ਸੈਨਿਕ, ਕੂਟਨੀਤਕ ਅਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਦੀ ਹੈ। ਇਸ ਤੋਂ ਇਲਾਵਾ ਗਲਾਸਗੋ, ਬਰਮਿੰਘਮ, ਕੋਵੈਂਟਰੀ, ਬ੍ਰਿਸਟਲ, ਕਾਰਡਿਫ, ਐਡਿਨਬਰਾ ਅਤੇ ਯੂਕੇ ਦੇ ਹੋਰ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਲੰਡਨ ‘ਚ ਗਾਜ਼ਾ ਵਿੱਚ ਹਿੰਸਾ ਦੇ ਵਿਰੋਧ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਕੀਤਾ ਪ੍ਰਦਰਸ਼ਨ
This entry was posted in ਅੰਤਰਰਾਸ਼ਟਰੀ.