ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਚਾਨਕ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਇਹ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੋ ਪੰਥਕ ਸਫ਼ਾਂ ’ਚ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ। ਉਨ੍ਹਾਂ ਕਿਹਾ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਿੱਥੇ ਹਰੇਕ ਦੀ ਮਦਦ ਲਈ ਤਤਪਰ ਰਹਿਣ ਵਾਲੇ ਇਕ ਨੇਕ ਇਨਸਾਨ ਸਨ ਉੱਥੇ ਗੁਰਬਾਣੀ ਦੇ ਉੱਚ ਕੋਟੀ ਦੇ ਗਿਆਤਾ ਵਿਆਖਿਆਕਾਰ ਵੀ ਸਨ। ਸਿੱਖੀ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਪ੍ਰਣਾਈ ਹੋਣ ਸਦਕਾ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਤੌਰ ਜਥੇਦਾਰ ਨਿਭਾਈਆਂ ਗਈਆਂ ਪੰਥਕ ਸੇਵਾਵਾਂ ਤੇ ਅਹਿਮ ਫ਼ੈਸਲੇ ਆਉਣ ਵਾਲੀਆਂ ਪੀੜੀਆਂ ਨੂੰ ਮਾਰਗ ਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਸਮਰੱਥਾ ਪ੍ਰਦਾਨ ਕਰਨ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਦਮਦਮੀ ਟਕਸਾਲ ਦੇ ਮੁਖੀ ਦੀ ਤਰਫ਼ੋਂ ਅੱਜ ਭਾਈ ਅਜੈਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ਉੱਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਬੇਵਕਤ ਅਕਾਲ ਚਲਾਣੇ ’ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਜਤਾਇਆ ਅਫ਼ਸੋਸ
This entry was posted in ਪੰਜਾਬ.