ਫ਼ਤਹਿਗੜ੍ਹ ਸਾਹਿਬ – “ਇੰਡੀਆ ਉਤੇ ਹਕੂਮਤ ਕਰ ਰਹੀ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਜਮਾਤ ਦੇ ਆਗੂਆਂ ਦੇ ਮਨਾਂ ਵਿਚ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਪ੍ਰਤੀ ਕਿੰਨੀ ਗਿਰੀ ਹੋਈ ਨਫ਼ਰਤ ਹੈ ਉਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦੀ ਹੈ ਕਿ ਮੁਸਲਿਮ ਕੌਮ ਦੇ ਵੱਡੇ ਈਦ ਦੇ ਦਿਹਾੜੇ ਉਤੇ ਜੋ ਪੰਜਾਬ ਸਰਕਾਰ ਵੱਲੋਂ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਉਸਨੂੰ ਆਧਾਰ ਬਣਾਕੇ ਯੂ.ਪੀ. ਦੇ ਮੁੱਖ ਮੰਤਰੀ ਜੋਗੀ ਅਦਿਤਿਆਨਾਥ ਨੇ ਸਿੱਖ ਕੌਮ, ਪੰਜਾਬੀਆ ਅਤੇ ਮੁਸਲਿਮ ਕੌਮ ਵਿਚ ਵੱਡੀ ਨਫ਼ਰਤ ਦੀ ਦੀਵਾਰ ਖੜ੍ਹੀ ਕਰਨ ਹਿੱਤ ਗੈਰ-ਤਰਕ ਬਿਆਨਬਾਜੀ ਕਰਕੇ ਜਿਥੇ ਆਪਣੀ ਕੱਟੜਵਾਦੀ ਸੋਚ ਨੂੰ ਪ੍ਰਤੱਖ ਕੀਤਾ ਹੈ, ਉਥੇ ਆਪਣੀ ਅਕਲ ਦਾ ਜਨਾਜਾਂ ਵੀ ਕੱਢ ਦਿੱਤਾ ਗਿਆ ਹੈ । ਇਹ ਕੀਤੀ ਗਈ ਬਿਆਨਬਾਜੀ ਮੰਨੂਵਾਦੀ ਸੋਚ ਅਧੀਨ ਵੱਖ-ਵੱਖ ਕੌਮਾਂ ਅਤੇ ਧਰਮਾਂ ਵਿਚ ਵੰਡੀਆ ਪਾ ਕੇ ਨਫ਼ਰਤ ਫੈਲਾਕੇ ਆਪਣੀ ਹਿੰਦੂਤਵ ਸੋਚ ਨੂੰ ਪੂਰਨ ਕਰਨ ਦੀ ਜਿਥੇ ਅਤਿ ਸ਼ਰਮਨਾਕ ਸਾਜਿਸ ਦਾ ਹਿੱਸਾ ਹੈ, ਉਥੇ ਇੰਡੀਆ ਵਿਚ ਵੱਸਣ ਵਾਲੀਆ ਸਮੁੱਚੀਆ ਘੱਟ ਗਿਣਤੀ ਕੌਮਾਂ, ਸਿੱਖਾਂ, ਮੁਸਲਿਮ, ਇਸਾਈ, ਰੰਘਰੇਟਿਆਂ, ਲਿੰਗਾਇਤਾਂ, ਕਬੀਲਿਆਂ, ਆਦਿਵਾਸੀਆਂ ਆਦਿ ਲਈ ਵੱਡੀ ਖ਼ਤਰੇ ਦੀ ਘੰਟੀ ਵੀ ਹੈ, ਜਿਸ ਤੋਂ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਰਹਿੰਦੇ ਹੋਏ ਇਕ ਤਾਕਤ ਹੋ ਕੇ ਇਨ੍ਹਾਂ ਮੰਨੂਵਾਦੀ ਤਾਕਤਾਂ ਨੂੰ ਨਿਜੱਠਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੋਗੀ ਅਦਿਤਿਆਨਾਥ ਵੱਲੋਂ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਨ ਉਤੇ ਦਿੱਤੀ ਗਈ ਨਫ਼ਰਤ ਭਰੀ ਅਤੇ ਅਤਿ ਸ਼ਰਮਨਾਕ ਬਿਆਨਬਾਜੀ ਵਿਰੁੱਧ ਸਖਤ ਸਟੈਂਡ ਲੈਦੇ ਹੋਏ ਤੇ ਸਮੁੱਚੀਆਂ ਘੱਟ ਗਿਣਤੀਆਂ ਨੂੰ ਬੀਜੇਪੀ-ਆਰ.ਐਸ.ਐਸ. ਦੀਆਂ ਮਾਰੂ ਨੀਤੀਆ ਤੋਂ ਸੁਚੇਤ ਕਰਕੇ ਅਮਲੀ ਰੂਪ ਵਿਚ ਇਕ ਹੋਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋਗੀ ਨੂੰ ਮੁਸਲਿਮ ਭਾਈਚਾਰੇ ਖਿਲਾਫ ਬੋਲਣ ਦਾ ਕੋਈ ਇਖਲਾਕੀ ਅਧਿਕਾਰ ਨਹੀਂ । ਕਿਉਂਕਿ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਦੇ ਮੁਸਲਮਾਨਾਂ ਨਾਲ ਡੂੰਘੇ ਸੰਬੰਧ ਹਨ । ਜੋਗੀ ਅਤੇ ਉਸ ਵਰਗੇ ਕੱਟੜਵਾਦੀ ਹਿੰਦੂਤਵ ਆਗੂਆਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮਲੇਰਕੋਟਲਾ ਦੇ ਨਵਾਬ ਮੁਹੰਮਦ ਸ਼ੇਰ ਖਾ ਨੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ, ਬਾਬਾ ਜੋਰਾਵਰ ਸਿੰਘ ਮਾਸੂਮ ਜਿੰਦਾ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਕੇ ਜਾਬਰ ਸੂਬਾ ਸਰਹਿੰਦ ਨੂੰ ਕਿਹਾ ਸੀ ਕਿ ”ਇਸਲਾਮ ਧਰਮ ਮਾਸੂਮਾਂ ਉਤੇ ਕਿਸੇ ਤਰ੍ਹਾਂ ਦਾ ਵੀ ਜ਼ਬਰ ਕਰਨ ਦੀ ਬਿਲਕੁਲ ਇਜਾਜਤ ਨਹੀਂ ਦਿੰਦਾ”। ਇਸ ਲਈ ਸਾਹਿਬਜ਼ਾਦਿਆਂ ਨਾਲ ਇਹ ਹੋ ਰਿਹਾ ਅਪਰਾਧ ਨਹੀਂ ਹੋਣਾ ਚਾਹੀਦਾ । ਕਿਉਂਕਿ ਸ਼ੇਰ ਮੁਹੰਮਦ ਖਾ ਮਲੇਰਕੋਟਲਾ ਨਾਲ ਸੰਬੰਧਤ ਸਨ । ਜੇਕਰ ਇਸਲਾਮਿਕ ਤਿਉਹਾਰ ਈਦ ਦੇ ਮੌਕੇ ਉਤੇ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ, ਇਹ ਤਾਂ ਹਰ ਤਰਫੋ ਸਵਾਗਤ ਹੋਣਾ ਹੀ ਇਨਸਾਨੀਅਤ ਅਤੇ ਕੌਮੀਅਤ ਪੱਖੀ ਹੈ । ਸ. ਮਾਨ ਨੇ ਬੀਜੇਪੀ-ਆਰ.ਐਸ.ਐਸ. ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜਦੋਂ ਪੰਜਾਬ ਵਿਚ ਫਾਜਿਲਕਾ ਤੇ ਪਠਾਨਕੋਟ ਨਵੇ ਜ਼ਿਲ੍ਹੇ ਬਣਾਏ ਗਏ ਸਨ ਉਸ ਵੇਲੇ ਜੇਕਰ ਇਨ੍ਹਾਂ ਨੂੰ ਕੋਈ ਤਕਲੀਫ ਨਹੀਂ ਹੋਈ ਤਾਂ ਅੱਜ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਉਤੇ ਅਜਿਹਾ ਕਿਉਂ ?
ਸ. ਮਾਨ ਨੇ ਬੀਜੇਪੀ-ਆਰ.ਐਸ.ਐਸ. ਤੇ ਜੋਗੀ ਅਦਿਤਿਆਨਾਥ ਅਤੇ ਹੋਰ ਆਗੂਆਂ ਵੱਲੋਂ ਘੱਟ ਗਿਣਤੀਆਂ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮ ਦੀ ਗੱਲ ਕਰਦੇ ਹੋਏ ਕਿਹਾ ਕਿ ਹੋਰ ਧਰਮਾਂ ਨਾਲ ਸੰਬੰਧ ਰੱਖਦੇ ਨਾਮ ਜਿਵੇਂ ਫੈਜਲਾਬਾਦ ਦਾ ਨਾਮ ਬਣਕੇ ਅਯੁੱਧਿਆ ਰੱਖਣਾ, ਮੁਗਲ ਸਰਾਏ ਦਾ ਨਾਮ ਪੰਡਿਤ ਦੀਨ ਦਿਆਲ ਅਤੇ ਇਲਾਹਾਬਾਦ ਦਾ ਨਾਮ ਬਦਲਕੇ ਪ੍ਰਯਾਗਰਾਜ ਰੱਖਣਾ, ਇਸ ਤੋਂ ਇਲਾਵਾ ਕਈ ਰੇਲਵੇ ਸਟੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਦੇ ਨਾਮ ਹਟਾਕੇ ਹਿੰਦੂ ਧਰਮ ਨਾਲ ਸੰਬੰਧਤ ਨਾਮ ਰੱਖਣੇ ਤਾਂ ਇਨ੍ਹਾਂ ਵੱਲੋਂ ਯੂ.ਪੀ. ਨੂੰ ਇਕ ਸਾਜ਼ਿਸ ਤਹਿਤ ਹਿੰਦੂਤਵ ਰਾਜ ਵੱਲ ਧਕੇਲਿਆ ਜਾ ਰਿਹਾ ਹੈ ਅਤੇ ਇਹੀ ਸੋਚ ਹੋਰ ਸੂਬਿਆਂ ਵਿੱਚ ਅਪਣਾਉਣ ਤੇ ਅਮਲ ਕਰਨ ਜਾ ਰਹੇ ਹਨ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਘੱਟ ਗਿਣਤੀ ਕੌਮਾਂ ਕਤਈ ਕਾਮਯਾਬ ਨਹੀਂ ਹੋਣ ਦੇਣਗੀਆਂ ਅਤੇ ਇਥੇ ਬਹੁਭਾਸੀ, ਬਹੁਬੋਲੀ, ਬਹੁਧਰਮੀ, ਬਹੁਕੌਮੀ ਮੁਲਕ ਵਿਚ ਇਨ੍ਹਾਂ ਦੇ ਫਿਰਕੂ ਪ੍ਰੋਗਰਾਮਾਂ ਨੂੰ ਅਸੀਂ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ ਅਤੇ ਨਾ ਹੀ ਇਨ੍ਹਾਂ ਨੂੰ ਅਜਿਹੇ ਮਨਸੂਬਿਆਂ ਉਤੇ ਕਾਮਯਾਬ ਹੋਣ ਦੇਵਾਂਗੇ ।