ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਜੂਨ ਦੇ ਅੰਤ ਤੱਕ ਯੂਐਸ ਵਿੱਚ ਮਨਜੂਰਸ਼ੁਦਾ ਵੈਕਸੀਨ ਦੀ ਘੱਟ ਤੋਂ ਘੱਟ ਦੋ ਕਰੋੜ ਡੋਜ਼ ਦੂਸਰੇ ਦੇਸ਼ਾਂ ਨੂੰ ਭੇਜੇਗਾ। ਅਮਰੀਕਾ ਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਸਵੀਕਾਰ ਹੋਈ ਵੈਕਸੀਨ ਦੂਸਰੇ ਦੇਸ਼ਾਂ ਨੂੰ ਦੇਣ ਦੀ ਗੱਲ ਕੀਤੀ ਹੈ। ਅਮਰੀਕੀ ਪ੍ਰਸ਼ਾਸਨ ਪਹਿਲਾਂ ਹੀ 6 ਕਰੋੜ ਵੈਕਸੀਨ ਦੇਣ ਦਾ ਐਲਾਨ ਕਰ ਚੁੱਕਾ ਹੈ।
ਡਬਲਿਯੂ ਐਚ ਓ ਚੀਫ਼ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਮੀਰ ਦੇਸ਼ ਆਪਣੀ ਜਿੰਮੇਵਾਰੀ ਸਮਝਣ ਅਤੇ ਉਨ੍ਹਾਂ ਦੇਸ਼ਾਂ ਨੂੰ ਵੀ ਵੈਕਸੀਨ ਦੇਣ, ਜਿਹੜੇ ਦੇਸ਼ ਅਜੇ ਤੱਕ ਆਪਣੇ ਫਰੰਟਲਾਈਨ ਵਰਕਰਸ ਨੂੰ ਵੀ ਵੈਕਸੀਨੇਟ ਨਹੀਂ ਕਰ ਸਕੇ। ਬਾਈਡਨ ਨੇ ਕਿਹਾ ਕਿ ਉਹ ਫਾਈਜ਼ਰ, ਬਾਇਨਟਿਕ, ਜਾਨਸਨ ਐਂਡ ਜਾਨਸਨ, ਮਡਰਨਾ ਅਤੇ ਐਸਟਰਾਜੇਨੇਕਾ ਦੀ ਵੈਕਸੀਨ ਹੋਰ ਲੋੜਵੰਦ ਦੇਸ਼ਾਂ ਨੂੰ ਦੇਣ ਦੀ ਯੋਜਨਾ ਬਣਾ ਰਹੇ ਹਨ। ਭਾਂਵੇ ਕਿ ਹੋਰ ਵੈਕਸੀਨਾਂ ਦੀ ਤਰ੍ਹਾਂ ਐਸਟਰਾਜੇਨੇਕਾ ਦੀ ਵੈਕਸੀਨ ਨੂੰ ਅਮਰੀਕਾ ਵਿੱਚ ਇਸਤੇਮਾਲ ਕਰਨ ਦੀ ਮਨਜੂਰੀ ਨਹੀਂ ਮਿਲੀ।
ਰਾਸ਼ਟਰਪਤੀ ਬਾਈਡਨ ਨੇ ਕਿਹਾ ਹੈ ਕਿ ਦੁਨੀਆਂ ਦਾ ਕੋਈ ਵੀ ਦੇਸ਼ ਅਮਰੀਕਾ ਤੋਂ ਵੱਧ ਵੈਕਸੀਨ ਵਿਦੇਸ਼ ਨਹੀਂ ਭੇਜੇਗਾ। ਇੱਥੇ ਘੱਟ ਤੋਂ ਘੱਟ 60 ਫੀਸਦੀ ਨਾਗਰਿਕਾਂ ਨੂੰ ਘੱਟ ਤੋਂ ਘੱਟ ਇੱਕ ਡੋਜ਼ ਦਿੱਤੀ ਜਾ ਚੁੱਕੀ ਹੈ। ਟੀਕਾਕਰਣ ਦੇ ਮਾਮਲੇ ਵਿੱਚ ਉਹ ਭਾਰਤ ਅਤੇ ਬਰਾਜਿਲ ਵਰਗੇ ਕਈ ਹੋਰ ਦੇਸ਼ਾਂ ਤੋਂ ਅੱਗੇ ਹੈ, ਜੋ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਹੇ ਹਨ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਮਰੀਕਾ ਵੀ ਤਦ ਤੱਕ ਮਹਾਂਮਾਰੀ ਦੇ ਪ੍ਰਭਾਵ ਤੋਂ ਸੁਰੱਖਿਅਤ ਨਹੀਂ ਹੋ ਸਕਦਾ, ਜਦੋਂ ਤੱਕ ਪੂਰੀ ਦੁਨੀਆਂ ਵਿੱਚ ਇਸ ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ।