ਕਿਸਾਨ ਸੰਘਰਸ਼ ਪਹਿਲਾਂ ਨਾਲੋਂ ਵੀ ਹੋਰ ਤੱਕੜਾ ਅਤੇ ਸ਼ਕਤੀਸ਼ਾਲੀ ਹੋ ਗਿਆ ਹੈ। ਪਹਿਲਾਂ ਨਾਲੋਂ ਵੀ ਹੋਰ ਤੱਕੜਾ ਅਤੇ ਕਿਉਂ ਸ਼ਕਤੀਸ਼ਾਲੀ ਹੋ ਗਿਆ ਹੈ? ਕਿਉਂਕਿ ਇਹ ਸੰਘਰਸ਼ ਇੱਕਲਾ ਕਿਸਾਨਾਂ ਦੇ ਹਿੱਤਾਂ ਲਈ ਨਹੀਂ ਹੈ। ਇਹ ਸੰਘਰਸ਼ ਪੂਰੀ ਲੋਕਾਈ ਲਈ ਹੈ, ਭਾਵੇਂ ਦੇਖਣ ਨੂੰ ਉਪਰੋਂ ਉਪਰੋਂ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਭਾਸਦੇ ਲਗਦੇ ਹਨ। ਪਰ ਜਦੋਂ ਇਹਨਾਂ ਕਾਨੂੰਨਾਂ ਦੀਆਂ ਪਰਤਾਂ ਫਰੋਲਦੇ ਜਾਈਏ ਤਾਂ ਇਹ ਕਾਰਪੋਰੇਟ ਸੈਕਟਰ ਵੱਲੋਂ ਕੀਤੀ ਜਾ ਰਹੀ ਲੁੱਟ ਵੱਲ ਸੇਧਤ ਹੋ ਜਾਂਦੇ ਹਨ। ਇਹਨਾਂ ਕਾਨੂੰਨਾਂ ਰਾਹੀਂ ਭਾਰਤ ਦੀ ਵੰਨ ਸੁਵੰਨੀ ਉਪਜਾਉ ਧਰਤੀ ਨੂੰ ਹੜਪਣ ਲਈ ਦੇਸੀ ਅਤੇ ਵਿਦੇਸ਼ੀ ਪੂੰਜੀਪਤੀਆਂ ਵਿਚ ਹੋੜ ਲੱਗੀ ਹੋਈ ਹੈ ਅਤੇ ਸਾਡੀ ਬੀ.ਜੇ.ਪੀ. ਦੀ ਸਰਕਾਰ ਉਹਨਾਂ ਦੀ ਭਾਈਵਾਲ ਹੈ ਅਤੇ ਪੂਰੀ ਤਰ੍ਹਾਂ ਨਾਲ ਅਡਾਨੀ—ਅੰਬਾਨੀ ਅਤੇ ਉਹਨਾਂ ਵਰਗੇ ਹੋਰ ਪੂੰਜੀਪਤੀਆਂ ਨਾਲ ਘਿਓ—ਖਿਚੜੀ ਹੈ।
ਇਸੇ ਲਈ ਅੱਠ ਮਹੀਨਿਆਂ (ਸਣੇ ਪੰਜਾਬ) ਤੋਂ ਚੱਲ ਰਿਹਾ ਕਿਸਾਨ ਸੰਘਰਸ਼ ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੂੰ ਦਿਸਦਾ ਨਹੀਂ ਹੈ। ਇੱਕ ਸੌ ਪੰਜਾਹ ਦਿਨਾਂ ਤੋਂ ਉਪਰ ਦਿੱਲੀ ਦੇ ਬਾਡਰਾਂ ਉੱਤੇ ਬੈਠੇ ਕਿਸਾਨ ਸਰਕਾਰ ਨੂੰ ਨਜ਼ਰੀ ਨਹੀਂ ਪੈ ਰਹੇ। ਚਾਰ ਸੌ ਦੇ ਨੇੜੇ ਕਿਸਾਨਾਂ ਦੀ ਠੰਡ, ਬੀਮਾਰੀ ਅਤੇ ਹੋਰ ਕਾਰਣਾਂ ਕਰਕੇ ਹੋਈਆਂ ਮੌਤਾਂ ਵੀ ਸਰਕਾਰ ਦੀ ਜ਼ਮੀਰ ਨੂੰ ਝੰਜੋੜ ਨਹੀਂ ਸਕੀਆਂ।
ਠੀਕ ਬੀ.ਜੇ.ਪੀ. ਅਤੇ ਆਰ.ਐਸ.ਐਸ. ਦੀ ਸਰਕਾਰ ਦੀ ਜ਼ਮੀਰ ਝੰਜੋੜੀ ਨਹੀਂ ਗਈ। ਝੰਜੋੜੀ ਵੀ ਨਹੀਂ ਜਾ ਸਕਦੀ, ਕਿਉਂਕਿ ਇਹ ਲੋਕ ਆਮ ਲੋਕਾਂ ਤੇ ਗਰੀਬਾਂ ਲਈ ਸੰਵੇਦਨਸ਼ੀਲ ਨਹੀਂ ਹਨ। ਇਹ ਤਾਂ ਬਲਕਿ ਇਹਨਾਂ ਦੇ ਦੁਸ਼ਮਣ ਹਨ। ਦਿਲੋਂ ਮੰਨੋ ਵਿਰੋਧੀ। ਹਿੰਦੂ ਹਿੰਦੂ ਇਹ ਸਿਰਫ਼ ਲੋਕਾਂ ਨੂੰ ਪਾੜਣ ਲਈ ਹੀ ਅਲਾਪਦੇ ਰਹਿੰਦੇ ਹਨ। ਲੱਖਾਂ ਹਿੰਦੂ ਪਹਿਲੇ ਲਾਕ ਡਾਊਣ ਵਿਚ ਕਿਵੇਂ ਸੜ੍ਹਕਾਂ ਉੱਤੇ ਨੰਗੇ ਪੈਰ, ਭੁੱਖਣ—ਭਾਣੇ ਤੜਪ ਤੜਪ ਮਰਦੇ ਰਹੇ। ਕਿਵੇਂ ਰੇਲ ਗਡੀਆਂ ਹੇਠਾਂ ਆ ਕੇ ਕੁਚਲਦੇ ਰਹੇ। ਇਸੇ ਲਈ ਅੱਜ ਕਿਸਾਨ ਸੰਘਰਸ਼ ਵਿਚ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਿੰਦੂ ਕਿਸਾਨ—ਚਾਹੇ ਉਹ ਗੁ਼ਜਰਾਤ, ਯੂ.ਪੀ., ਹਰਿਆਣਾ, ਮਹਾਰਾਸ਼ਟਰ, ਝਾਰਖੰਡ ਦੇ ਹੋਣ, ਇਹ ਕਿਸਾਨ ਹੁਣ ਇਹਨਾਂ ਲਈ ਦੇਸ਼ ਧਰੋਹੀ, ਅੱਤਵਾਦੀ, ਮਾਓਵਾਦੀ, ਸ਼ਹਿਰੀ ਨਕਸਲੀ ਅਤੇ ਖਾਲਿਸਤਾਨੀ ਹਨ। ਹਿੰਦੂ ਨਹੀਂ ਹਨ।
ਕੋਰੋਨਾ ਦਾ ਬਹਾਨਾ ਕਰਕੇ ਹੁਣ ਸਰਕਾਰ ਆਪਰੇਸ਼ਨ ਕਲੀਨ ਕਰਕੇ ਗਾਜ਼ੀਪੁਰ, ਸਿੰਘੂ, ਟਿੱਕਰੀ ਬਾਰਡਰਾਂ ਉੱਤੇ ਆਪਣੇ ਆਰ.ਐਸ.ਐਸ. ਅਤੇ ਬੀ.ਜੇ.ਪੀ. ਦੇ ਵਰਕਰਾਂ ਨੂੰ ਭੇਜ ਕੇ ਕਿਸਾਨਾਂ ਨੂੰ ਉੱਥੋਂ ਖਦੇੜਨਾ ਚਾਹੁੰਦੀ ਹੈ। ਪਰ ਇਹ ਸਰਕਾਰ ਭੁਲਦੀ ਹੈ ਕਿ ਇਹ ਕਿਸਾਨ ਸੰਘਰਸ਼ ਨੂੰ ਸ਼ਾਹੀਨ ਬਾਗ਼ ਨਾ ਸਮਝ ਲਵੇ। ਇਹ ਸੰਘਰਸ਼ ਸਿਰਫ਼ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੀਮਤ ਨਹੀਂ ਰਿਹਾ। ਇਸ ਸੰਘਰਸ਼ ਨੇ ਦੂਰ, ਬਹੁਤ ਦੂਰ ਜਾਣਾ ਹੈ। ਇਸ ਸੰਘਰਸ਼ ਨੇ ਸੰਸਾਰ ਪੂੰਜੀ ਦੀ ਸੰਘੀ ਨੱਪਣੀ ਹੈ। ਇਸ ਸੰਘਰਸ਼ ਦੇ ਪਸਾਰ ਬਹੁਤ ਦੂਰ ਤੱਕ ਜਾਂਦੇ ਹਨ। ਆਜ਼ਾਦੀ ਮਗਰੋਂ ਇਹ ਪਹਿਲਾ ਸੰਘਰਸ਼ ਹੈ ਜਿਹੜਾ ਕਾਰਪੋਰੇਟ ਸੈਕਟਰ ਵਿਰੁੱਧ ਲਾਮਬੰਦ ਹੋ ਰਿਹਾ ਹੈ। ਪਹਿਲੋਂ ਸਿਰਫ਼ ਕਮਿਊਨਿਸਟ ਪਾਰਟੀਆਂ, ਖੱਬੀਆਂ ਪਾਰਟੀਆਂ ਹੀ ਇਸ ਮੁੱਦੇ ਨੂੰ ਛੁਹੰਦੀਆਂ ਸਨ। ਪਰ ਪੰਜਾਬ ਵਿਚੋਂ ਉਠਿਆ ਇਹ ਕਾਰਪੋਰੇਟ ਵਿਰੋਧੀ ਸੰਘਰਸ਼ ਦੇ ਅਰਥ ਹੁਣ ਪੰਜਾਬ ਦੇ ਬੱਚੇ ਬੱਚੇ ਨੂੰ ਸਮਝ ਪੈ ਰਹੇ ਹਨ। ਅਮਲੀ ਤੌਰ ’ਤੇ ਟੋਲ ਪਲਾਜਿ਼ਆਂ ਉੱਤੇ ਲੱਗੇ ਧਰਨਿਆਂ ਨੇ ਵਾਹਣਾਂ ਨੂੰ ਬਿਨਾਂ ਟੋਲ ਦਿੱਤਿਆਂ ਲੰਘਵਾਉਣਾ। ਇਸ ਨਾਲ ਆਮ ਬੰਦੇ ਨੂੰ ਕਾਰਪੋਰੇਟ ਸੈਕਟਰ ਦੀ ਲੁੱਟ ਦੀ ਸਮਝ ਪੈਂਦੀ ਹੈ। ਕੀ ਟੋਲ ਪਲਾਜਿ਼ਆਂ ਉਤੇ ਬਿਨਾਂ ਟੋਲ ਦਿੱਤਿਆਂ ਲੰਘਣ ਦੇਣਾ ਪੂਰੇ ਭਾਰਤ ਵਿਚ ਕਰਾਂਤੀਕਾਰੀ ਕਦਮ ਨਹੀਂ ਹੈ? ਇਸ ਨਾਲ ਭਾਰਤ ਦੇ ਵਾਸੀ ਜਿੱਥੇ ਖ਼ੁਸ਼ ਹੁੰਦੇ ਹਨ ਉੱਥੇ ਕਾਰਪੋਰੇਟ ਸੈਕਟਰ ਦੀ ਲੁੱਟ ਨੂੰ ਸਮਝਣ ਲਈ ਜਾਗ੍ਰਤ ਵੀ ਹੋ ਰਹੇ ਹਨ। ਫਿਰ ਅਡਾਨੀ—ਅੰਬਾਨੀ ਦੇ ਮਾਲਾਂ, ਪੈਟਰੋਲ ਪੰਪਾਂ, ਥਰਮਲ ਪਲਾਟਾਂ ਆਦਿ ਦੀ ਵੀ ਸਮਝ ਪੈ ਰਹੀ ਹੈ। ਇਸ ਮਗਰੋਂ ਪ੍ਰਾਈਵੇਟ ਬੱਸਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਆਦਿ ਬਾਰੇ ਵੀ ਸੋਚਣ ਲੱਗ ਜਾਣਗੇ। ਇਸੇ ਲਈ ਇਹ ਲੜਾਈ ਇੱਕਲੇ ਕਿਸਾਨਾਂ ਦੀ ਨਾ ਰਹਿ ਕੇ ਪੂਰੇ ਭਾਰਤ ਦੇ ਲੋਕਾਂ ਦੀ, ਸਗੋਂ ਕੁੱਲ ਸੰਸਾਰ ਦੀ ਹੈ। ਹਰ ਪ੍ਰਾਈਵੇਟ ਅਦਾਰਾ ਵਰਕਰਾਂ ਦੀ ਛਿੱਲ ਲਾਹੁਦਾ ਹੈ। ਪੰਦਰਾਂ ਪੰਦਰਾਂ ਸਾਲਾਂ ਤੋਂ ਨਿਗੂਣੀ ਤਨਖਾਹ ਉੱਤੇ ਰੱਖ
ਕੇ ਬਿਨਾਂ ਨੋਟਿਸ ਤੋਂ ਕੱਢ ਦਿੰਦਾ ਹੈ। ਇਸੇ ਲਈ ਮੋਦੀ ਟਾਹਰਾਂ ਮਾਰ ਮਾਰ ਕਹਿੰਦਾ ਹੈ ਕਿ ਆਜੋ! ਵਿਦੇਸ਼ੀ ਨਿਵੇਸ਼ਕੋ!! ਸਾਡੇ ਦੇਸ਼ ਆ ਕੇ ਪੈਸਾ ਲਾਵੋ! ਐਥੋਂ ਮਜ਼ਦੂਰੀ ਸਸਤੀ ਹੈ !! ਸਰਕਾਰ ਕਾਨੂੰਨ ਵੀ ਉਹਨਾਂ ਦੇ ਹੱਕ ਵਿਚ ਬਣਾਉਂਦੀ ਹੈ। ਉਹਨਾਂ ਉੱਤੇ ਕੋਈ ਸ਼ਰਤ ਨਹੀਂ ਲਾਈ ਜਾਂਦੀ। ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਦਾ ਵੀ ਇਹੋ ਹਾਲ ਹੈ। ਐਗਰੀਮੈਂਟ ਹੋਰ ਕਰਦੇ ਹਨ। ਅਮਲ ਇਹ ਕੁੱਝ ਹੋਰ ਕਰਦੇ ਹਨ। ਐਗਰੀਮੈਂਟ ਕਰਨਗੇ ਚਾਲੀ ਘੰਟੇ ਕੰਮ ਕਰਵਾਉਣ ਦੇ। ਦੇਣਗੇ ਰੋ ਪਿੱਟ ਕੇ ਮਸਾਂ ਵੀਹ ਘੰਟੇ। ਸ਼ਰਤ ਹੋਵੇਗੀ ਕਿ ਵਰਕਰ ਕਿਸੇ ਹੋਰ ਕੰਪਨੀ ਵਿਚ ਕੰਮ ਨਹੀਂ ਕਰ ਸਕਣਗੇ। ਕਿਉਂਕਿ ਕੰਪਨੀ ਵਰਕਰ ਨੂੰ ਚੌਵੀ ਘੰਟਿਆਂ ਵਿਚ ਲੋੜ ਪੈਣ ਤੇ ਕਦੇ ਵੀ ਬੁਲਾ ਸਕਦੀ ਹੈ। ਇਸੇ ਲਈ ਇਹ ਪੰਜਾਬ ਤੋਂ ਉੱਠਿਆ ਕਿਸਾਨੀ ਸੰਘਰਸ਼ ਹਰਿਆਣਾ ਤੋਂ ਹੁੰਦਾ ਹੋਇਆ ਯੂ.ਪੀ., ਮਹਾਰਾਸ਼ਟਰ, ਉਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਆਦਿ ਸੂਬਿਆਂ ਵਿਚ ਫੈਲ ਰਿਹਾ ਹੈ। ਅਤੇ ਅੱਗੋਂ ਇਸ ਦਾ ਅਸਰ ਸੰਸਾਰ ਪੱਧਰ ਉੱਤੇ ਉਦਾਰੀਕਰਨ, ਸੰਸਾਰੀਕਰਣ, ਖੁੱਲ੍ਹੀ ਮੰਡੀ, ਸੰਸਾਰ ਵਪਾਰ ਸੰਗਠਨ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਵਿਰੁੱਧ ਲੋਕਾਂ ਨੇ ਲਾਮਬੰਦ ਹੋਣਾ ਸੁਰੂ ਹੋ ਜਾਣਾ ਹੈ। ਕਾਰਲ ਮਾਰਕਸ ਦੀ ਕਹੀ ਗੱਲ ਕਿ “ਦੁਨਿਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ” ਸੱਚ ਸਾਬਤ ਹੋ ਜਾਣ ਵੱਲ ਵਧਣ ਲੱਗੀ ਹੈ।
ਪਰ ਕਾਰਲ ਮਾਰਕਸ ਦੀ ਕਹੀ ਇਸ ਗੱਲ ਨੂੰ ਸੱਚ ਸਾਬਤ ਕਰਨ ਲਈ ਲੰਮੇ, ਅਕਾਊ ਅਤੇ ਥਕਾਊ ਸੰਘਰਸ਼ ਵੰਡਣੇ ਪੈਣੇ ਹਨ। ਜਿਵੇਂ ਸੱਠਵਿਆਂ ਵਿਚ ਕਿਊਬਾ ਵਿਚ ਫੀਦਲ ਕਾਸਟਰੋ ਅਤੇ ਸੰਸਾਰ ਪ੍ਰਸਿੱਧ ਗੁਰੀਲਾ ਚੀ ਗਵੇਰਾ ਦੀ ਅਗਵਾਈ ਵਿਚ ਹੋਇਆ ਸੀ। ਉਹਨਾਂ ਸਰਕਾਰ ਬਣਾਉਂਦੇ ਸਾਰ ਅਮਰੀਕਾ ਦੀਆਂ ਖੰਡ ਦੀਆਂ ਕੰਪਨੀਆਂ ਦਾ ਕੌਮੀਕਰਨ ਕੀਤਾ। ਅਮਰੀਕਾ ਮਹਾਂ ਸ਼ਕਤੀ ਨੱਬੇ ਕਿਲੋਮੀਟਰ ਦੇ ਫ਼ਾਸਲੇ ਉੱਤੇ ਕਿਊਬਾ ਦਾ ਵਾਲ ਵਿੰਗਾ ਨਹੀਂ ਕਰ ਸਕੀ। ਫੀਦਲ ਕਾਸਤਰੋ ਸਦਾ ਅਮਰੀਕਾ ਦੇ ਰਾਸ਼ਟਰਪਤੀ ਦੀ ਅੱਖ ਵਿਚ ਅੱਖ ਪਾ ਕੇ ਵੇਖਦਾ ਰਿਹਾ ਤੇ ਅੱਖਾਂ ਵਿਚ ਰੜਕਦਾ ਰਿਹਾ।
ਠੀਕ 26 ਜਨਵਰੀ ਨੂੰ ਸਰਕਾਰ ਨੇ ਆਪਣੇ ਗੁਮਾਸ਼ਤਿਆਂ ਰਾਹੀਂ ਲਾਲ ਕਿਲੇ ਦੀ ਵਾਰਦਾਤ ਕਰਵਾਈ। ਸਰਕਾਰ ਦੀ ਪੁਲਿਸ ਆਪ ਹੀ ਕਹਿੰਦੀ ਰਹੀ ਸੀ ਕਿ ਕਿਸਾਨ ਅੰਦੋਲਨ ਵਿਚ ਖ਼ਾਲਿਸਤਾਨੀ ਘੁਸਪੈਠ ਕਰ ਗਏ ਹਨ। ਉਹ ਸੱਚ ਬੋਲਦੇ ਸਨ। ਕਿਉਂਕਿ ਉਹਨਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਆਪ ਹੀ ਤਾਂ ਸ਼ਾਜਿਸ ਰਚੀ ਸੀ।
ਪਰ ਇਹਨਾਂ ਸਾਜਿਸ਼ਾਂ ਨਾਲ ਸਰਕਾਰ ਕਿਸਾਨ ਅੰਦੋਲਨ ਦਾ ਵਾਲ ਵਿੰਗਾ ਨਹੀਂ ਕਰ ਸਕੀ। ਇੱਕ ਵਾਰ ਤਾਂ ਕਿਸਾਨ ਅੰਦੋਲਨ ਦੇ ਹਿਤੈਸ਼ੀਆਂ ਦਾ ਦਿਲ ਧੜਕਣ ਲੱਗ ਗਿਆ ਸੀ। ਰਾਕੇਸ਼ ਟਿਕੈਤ ਦੇ ਹੰਝੂਆਂ ਅਤੇ ਕਿਸਾਨ ਸੰਘਰਸ਼ ਦੇ ਆਗੂਆਂ ਦੀ ਸੂਝ ਅਤੇ ਸਾਬਤ ਕਦਮੀ ਨੇ ਕਿਸਾਨ ਸੰਘਰਸ਼ ਨੂੰ ਮੁੜ ਲੀਹ ਉੱਤੇ ਲੈ ਆਂਦਾ ਹੈ।ਕਵੀ ਰੰਜੀਵਨ ਸਿੰਘ ਨੇ ਰਾਕੇਸ਼ ਟਿਕੈਤ ਦੇ ਹੰਝੂਆਂ ਦੀ ਵਿਆਖਿਆ ਆਪਣੀ ਕਵਿਤਾ ‘ਹੰਝੂ ਤੇਰੇ’ ਰਾਹੀਂ ਜਿਵੇਂ ਕੀਤੀ ਹੈ ਉਹ ਦੇਖਣ ਵਾਲੀ ਹੈ:—
ਨਾ ਸਮਝੇ ਹਾਕਮ
ਕੰਮਜ਼ੋਰੀ ਤੇਰੇ ਹੰਝੂਆਂ ਨੂੰ
ਵਹਿ ਜਾਣਗੇ ਵਿਚ ਹੰਝੂਆਂ ਦੇ
ਹਾਕਮ ਦੇ ਨਾਪਾਕ ਇਰਾਦੇ
ਕੰਬ ਜਾਣਗੇ ਦਿਲੀ ਦੇ ਤਖ਼ਤ
ਹਿਲ ਜਾਣਗੇ ਸੱਤਾ ਦੇ ਪਾਵੇ
ਨਿਰਸੰਦੇਹ 26 ਜਨਵਰੀ ਦੀ ਲਾਲ ਕਿਲੇ ਦੀਆਂ ਘਟਨਾ ਤੋਂ ਬੜਾ ਕੁੱਝ ਸਿਖਣ ਨੂੰ ਮਿਲਿਆ।ਸੰਘਰਸ਼ਾਂ ਵਿਚ ਨਾਲ ਵਿਚਰਦੇ ਲੋਕ ਕਿਵੇਂ ਬੇਸ਼ਰਮੀ ਨਾਲ ਗੱਦਾਰੀ ਕਰਦੇ ਹਨ। ਇਹ ਸਾਨੂੰ ਇਤਿਹਾਸ ਤੋਂ ਪਤਾ ਲਗਦਾ ਹੈ। ਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਿਚ ਅੰਗ੍ਰੇਜ਼ਾਂ ਦੀਆਂ ਫ਼ੋਜਾਂ ਵਿਚ ਬਗ਼ਾਵਤ ਕਰਨ ਦੀ ਕਾਰਵਾਈ ਕਿਵੇਂ ਕ੍ਰਿਪਾਲ ਸਿੰਘ ਨੇ ਗੱਦਾਰੀ ਕਰਕੇ ਫੇਲ ਕਰਵਾ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਵੇਂ ਧਿਆਨ ਸਿੰਘ ਡੋਗਰਾ ਅਤੇ ਲਾਲ ਸਿੰਘ ਨੇ ਗੱਦਾਰੀ ਕਰਕੇ ਫੋ਼ਜਾਂ ਨੂੰ ਬਾਰੂਦ ਦੀ ਥਾਂ ਸਰੋਂ ਭੇਜ ਕੇ ਕਿਵੇਂ ਮਹਾਰਾਣੀ ਜਿੰਦਾਂ ਨੂੰ ਹਰਾ ਦਿੱਤਾ ਸੀ।
ਜਦੋਂ ਸੰਘਰਸ਼ ਲੰਮਾ ਹੁੰਦਾ ਹੈ ਤਾਂ ਕਿਵੇਂ ਨਾਲ ਦੇ ਸਾਥੀ ਹੋਂਸਲਾ ਛੱਡ ਜਾਂਦੇ ਹਨ। ਜਿਵੇਂ ਚਾਲੀ ਮੁਕਤੇ ਆਨੰਦਪੁਰ ਸਾਹਿਬ ਦੇ ਘੇਰੇ ਤੋਂ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਅਵਾ ਦੇ ਆਏ ਸਨ। ਮਾਈ ਭਾਗੋ ਦੇ ਵੰਗਾਰਨ ਮਗਰੋਂ ਚਾਲੀ ਮੁਕਤੇ ਮੁੜ ਮੁਕਤਸਰ ਵਿਚ ਸ਼ਹੀਦੀਆਂ ਪਾ ਗਏ ਸਨ। ਅੱਜ ਵੀ ਸੁਆਣੀਆਂ ਨੇ ਮੂਹਰੇ ਹੋ ਕੇ ਲੜਨ ਨਾਲ ਕਿਸਾਨ ਸੰਘਰਸ਼ ਵਿਚ ਨਵੀਂ ਜਾਨ ਪਾ ਦਿੱਤੀ ਹੈ।
ਇੱਕ ਗੱਲ ਦੀ ਮੈਨੂੰ ਸਮਝ ਨਹੀਂ ਪੈ ਰਹੀ। ਜਦੋਂ ਕਈ ਕਹਿੰਦੇ ਹਨ ਕਿ ਕਿਸਾਨ ਸੰਘਰਸ਼ ਵਿਚ ਸਿਆਸਤ ਦਾਖਿ਼ਲ ਹੋ ਗਈ ਹੈ। ਸਿਆਸਤ ਤਾਂ ਹਰ ਇੱਕ ਗੱਲ ਵਿਚ ਹੁੰਦੀ ਹੈ। ਕਿਸਾਨ ਸੰਘਰਸ਼ ਆਪਣੇ ਆਪ ਵਿਚ ਇੱਕ ਸਿਆਸੀ ਮਸਲਾ ਹੈ। ਖੇਤੀ ਕਾਨੂੰਨ, ਸਿੱਖਿਆ ਨੀਤੀ, ਸਿਹਤ ਨੀਤੀ, ਰੇਲਵੇ ਦਾ ਨਿੱਜੀਕਰਨ, ਸ਼ਾਮਲਾਤ ਜ਼ਮੀਨਾਂ ਕੰਪਨੀਆਂ ਨੂੰ ਵੇਚਣ, ਏਅਰ ਇੰਡੀਆ ਦਾ ਨਿੱਜੀਕਰਨ, ਵਿਦੇਸ਼ੀ ਅਤੇ ਦੇਸੀ ਨਿਵੇਸ਼ ਨੂੰ ਕੌਡੀਆਂ ਦੇ ਭਾਅ ਸਰਕਾਰੀ ਜਾਇਦਾਦਾਂ ਵੇਚਣਾ। ਇਹ ਸੱਭ ਸਿਆਸੀ ਗੱਲਾਂ ਹਨ। ਜਦੋਂ ਸਰਕਾਰ ਕਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ, ਸਿਆਸਤ ਵੱਲ ਨਹੀਂ ਜਾਣਾ ਚਾਹੀਦਾ। ਇਹ ਗੱਲ ਕਹਿਣਾ ਵੀ ਇੱਕ ਸਿਆਸਤ ਹੈ। ਰਮਾਇਣ, ਮਹਾਂਭਾਰਤ ਸਿਆਸਤ ਨਾਲ ਭਰੀਆਂ ਪਈਆਂ ਹਨ। ਰਮਾਇਣ ਵਿਚ ਕੇਕਈ ਨੇ ਆਪਣੇ ਬੇਟੇ ਭਰਤ ਲਈ ਰਾਜ ਭਾਗ ਮੰਗਿਆ। ਮਹਾਂਭਾਰਤ ਵਿਚ ਦਰਯੋਧਨ ਪਾਂਡੋਆ ਨੂੰ ਸੂਈ ਦੇ ਨਿੱਕੇ ਜਿੰਨੀ ਧਰਤੀ ਦੇਣ ਨੂੰ ਤਿਆਰ ਨਹੀਂ ਸੀ। ਬਾਈਧਾਰ ਦੇ ਪਹਾੜੀ ਰਾਜਿਆਂ ਵੱਲੋਂ ਆਟੇ ਦੀ ਗਊ ਦੀ ਸਹੁੰ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਦਾ ਕਿਲਾ ਛੁਡਵਾਉਣਾ ਅਤੇ ਕਹਿਣਾ ਕਿ ਉਹ ਪਿਛੋਂ ਹਮਲਾ ਨਹੀਂ ਕਰਨਗੇ। ਪਰ ਮਗਰੋਂ ਹਮਲਾ ਕਰਕੇ ਕਿਵੇਂ ਗੁਰੂ ਗੋਬਿੰਦ ਸਿੰਘ ਨਾਲ ਵਿਸ਼ਵਾਸ਼ਘਾਤ ਕੀਤਾ।
ਅੱਜ ਵੀ ਸਾਡੇ ਦੇਸ ਵਿਚ ਸੰਘਰਸ਼ ਕਰ ਰਹੇ ਲੋਕਾਂ ਵੱਲ ਇਹੋ ਰਵੱਈਆ ਹੈ। ਸਰਕਾਰ ਦੇ ਕਰਤੇ ਧਰਤੇ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹਨ। ਉਹਨਾਂ ਦਾ ਰਵੱਈਆ ਮੱਕਾਰੀ ਭਰਿਆ ਅਤੇ ਖ਼ਤਰਨਾਕ ਹੈ। ਗ਼ਾਜੀਪੁਰ, ਸਿੰਘੂ, ਟੀਕਰੀ ਆਦਿ ਬਾਰਡਰਾਂ ਉੱਤੇ ਜਿਵੇਂ ਕਿੱਲਾਂ, ਕੰਢਿਆਲੀ ਤਾਰਾਂ, ਕੰਧਾਂ, ਖਾਈਆ ਪੁਟੀਆਂ ਗਈਆਂ ਸਨ। ਲਗਦਾ ਹੈ ਕਿ ਇਹ ਮਿਥਿਹਾਸ ਦੇ ਰਾਖ਼ਸ਼ਾਂ ਦੇ ਕਾਰਨਾਮਿਆਂ ਨੂੰ ਮਾਤ ਪਾ ਰਹੇ ਹਨ। ਜਿਵੇਂ ਦੇਵਤਿਆਂ ਵੱਲੋਂ ਕੀਤੇ ਜਾਂਦੇ ਹਵਨਕੁੰਡਾਂ ਵਿਚ ਰਾਖ਼ਸ਼ਸ਼ ਹੱਡੀਆਂ ਸੁੱਟ ਜਾਂਦੇ ਹਨ। ਦੇਵਤਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ। ਪਰ ਅਖ਼ੀਰ ਜਿੱਤਦੇ ਦੇਵਤੇ ਹੀ ਸਨ। ਜਦੋਂ ਕਿਸੇ ਸੱਚੇ ਅਤੇ ਸ਼ਰੀਫ਼ ਬੰਦੇ ਨੂੰ ਗੁੱਸਾ ਆ ਜਾਵੇ ਤਾਂ ਬਦਮਾਸ਼ਾਂ ਨੂੰ ਨੱਠਦਿਆਂ ਨੂੰ ਰਾਹ ਨਹੀਂ ਲੱਭਦਾ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਨੇ ਜਿੱਤਨਾ ਹੈ। ਕਿਉਂਕਿ ਸੱਚ ਉਹਨਾਂ ਵੱਲ ਹੈ। ਸੁਹਿਰੱਦਤਾ ਉਹਨਾਂ ਵੱਲ ਹੈ। ਕਿਸਾਨ ਲੀਡਰਸਿ਼ਪ ਸਾਓੂ, ਨੇਕ ਅਤੇ ਸਿਆਣੀ ਹੈ।
ਕਾਲੇ ਤਿੰਨੇ ਕਾਨੂੰ ਵਾਪਿਸ ਹੋਣ ਚਾਹੇ ਨਾ ਹੋਣ, ਪਰ ਕਿਸਾਨ ਸੰਘਰਸ਼ ਨੇ ਆਮ ਲੋਕਾਂ ਨੂੰ ਕਾਰਪੋਰੇਟ ਸੈਕਟਰ, ਸੰਸਾਰੀਕਰਣ ਅਤੇ ਅਡਾਨੀ—ਅੰਬਾਨੀ ਦੀ ਲੁੱਟ ਵਿਰੁੱਧ ਸੇਧਿਤ ਕਰ ਦਿਤਾ ਹੈ। ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਹੁਣ ਧਰਤੀ ਵਿਚ ਡੂੰਘੀਆਂ ਲਹਿ ਗਈਆ ਹਨ।