ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਸਰਕਾਰ ਵੱਲੋਂ ਕੌਮੀ ਪੱਧਰ ‘ਤੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕਰਨ ਦੇ ਬਾਅਦ ਤਾਲਾਬੰਦੀ ਵਿੱਚ ਢਿੱਲਾਂ ਦਿੱਤੀਆਂ ਗਈਆਂ ਹਨ। ਪਰ ਦੇਸ਼ ਦੇ ਕਈ ਭਾਗਾਂ ਵਿੱਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਸਾਹਮਣੇ ਆ ਰਹੇ ਮਾਮਲੇ ਪ੍ਰਸ਼ਾਸਨ ਲਈ ਸਿਰ ਦਰਦ ਬਣ ਰਹੇ ਹਨ। ਵਾਇਰਸ ਸੰਬੰਧੀ ਅੰਕੜਿਆਂ ਦੇ ਅਨੁਸਾਰ ਸਭ ਤੋਂ ਪਹਿਲਾਂ ਭਾਰਤ ਵਿੱਚ ਪਛਾਣਿਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਹੁਣ ਇੰਗਲੈਂਡ ਦੇ ਤਕਰੀਬਨ 40% ਖੇਤਰਾਂ ਵਿੱਚ ਸਾਹਮਣੇ ਆਇਆ ਹੈ। ਭਾਰਤੀ ਕੋਰੋਨਾ ਵਾਇਰਸ ਦਾ ਇਹ ਪਰਿਵਰਤਨਸ਼ੀਲ ਰੂਪ, ਜੋ ਕਿ ਵਧੇਰੇ ਛੂਤਕਾਰੀ ਮੰਨਿਆ ਗਿਆ ਹੈ, 8 ਮਈ ਤੱਕ ਦੇ ਹਫ਼ਤੇ ਵਿੱਚ 127 ਖੇਤਰਾਂ ਵਿੱਚ ਪਾਇਆ ਗਿਆ। ਇੰਗਲੈਂਡ ਵਿੱਚ 3 ਅਪ੍ਰੈਲ ਨੂੰ ਖ਼ਤਮ ਹੋਣ ਵਾਲੇ ਹਫਤੇ ਵਿੱਚ ਇਹ ਵਾਇਰਸ ਸਿਰਫ ਇੱਕ ਸਥਾਨਕ ਅਥਾਰਟੀ ਵਿੱਚ ਪਹਿਚਾਣਿਆ ਗਿਆ ਸੀ ਪਰ ਅਪ੍ਰੈਲ ਦੇ ਅੱਧ ਤੱਕ ਇਹ 26 ਸਥਾਨਕ ਅਥਾਰਟੀਆਂ ਵਿੱਚ ਫੈਲ ਗਿਆ ਸੀ।
ਜਦਕਿ ਤਾਜ਼ਾ ਅੰਕੜਿਆਂ ਅਨੁਸਾਰ ਇਸ ਭਾਰਤੀ ਵਾਇਰਸ ਦੇ ਹੁਣ 19.6% ਕੇਸ ਦਰਜ ਹੋਏ ਹਨ ਹਾਲਾਂਕਿ ਇਸ ਵੇਲੇ ਯੂਕੇ ਦੇ ਪ੍ਰਭਾਵਸ਼ਾਲੀ ਵਾਇਰਸ ਦੇ ਕੇਸਾਂ ਵਿੱਚ ਗਿਰਾਵਟ ਆ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ ਇਹ ਬੀ 1617.2 ਵਾਇਰਸ ਦਾ ਰੂਪ ਇੰਨੀ ਤੇਜ਼ੀ ਨਾਲ ਫੈਲ ਸਕਦਾ ਹੈ ਕਿ ਇਹ ਟੀਕੇ ਦੇ ਰੋਲਆਊਟ ਅਤੇ ਹਸਪਤਾਲਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਬਹੁਤੀਆਂ ਥਾਵਾਂ ‘ਤੇ ਅਜੇ ਵੀ ਭਾਰਤੀ ਰੂਪ ਦਾ ਕੇਸ ਦਰਜ ਨਹੀਂ ਕੀਤਾ ਗਿਆ ਹੈ ਪਰ ਅੰਕੜੇ ਦਰਸਾਉਂਦੇ ਹਨ ਕਿ ਇਹ ਬਿਮਾਰੀ ਫੈਲ ਰਹੀ ਹੈ। ਬੋਲਟਨ ਵਿੱਚ ਇਸਦੇ ਵਿਸ਼ਲੇਸ਼ਣ ਕੀਤੇ ਗਏ ਮਾਮਲਿਆਂ ਵਿੱਚ 81.4% ਮਾਮਲੇ ਸਾਹਮਣੇ ਆਏ ਹਨ, ਜਦੋਂਕਿ 22 ਹੋਰ ਸਥਾਨਕ ਖੇਤਰਾਂ ਵਿੱਚ ਇਹ ਪ੍ਰਭਾਵਸ਼ਾਲੀ ਰੂਪ ਬਣ ਗਿਆ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਭਾਰਤੀ ਰੂਪ ਦੇ 2,323 ਪੁਸ਼ਟੀ ਕੀਤੇ ਗਏ ਮਾਮਲੇ ਸਾਹਮਣੇ ਆਏ ਹਨ, ਜੋ ਕਿ 10 ਦਿਨ ਪਹਿਲਾਂ ਨਾਲੋਂ 520 ਗੁਣਾ ਵੱਧ ਹਨ। ਇੰਗਲੈਂਡ ਦੇ ਕਈ ਖੇਤਰ ਜਿਵੇਂ ਕਿ ਬੋਲਟਨ, ਬਲੈਕਬਰਨ, ਬੈੱਡਫੋਰਡ, ਸੇਫਟਨ, ਹਾਰਟ, ਓਡਬੀ ਅਤੇ ਵਿਗਸਟਨ, ਸਾਊਥ ਨੌਰਥਮਪਟਨਸ਼ਾਇਰ, ਸਟੀਵਨੇਜ, ਕ੍ਰਾਈਡਨ, ਕੈਂਟਰਬਰੀ, ਚੇਲਮਸਫੋਰਡ, ਹੰਸਲੋ ਦੇ ਨਾਲ ਕਈ ਹੋਰ ਇਲਾਕੇ ਵੀ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਤੋਂ ਪ੍ਰਭਾਵਿਤ ਹਨ।