ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ‘ਚ ਸਿੱਧੀ ਭਰਤੀ ਦੇ ਮਾਮਲੇ ‘ਚ ਬੀਬੀ ਜਗੀਰ ਕੌਰ ਵੱਲੋਂ ਸੰਗਤ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਪ੍ਰੋ: ਸਰਚਾਂਦ ਸਿੰਘ ਨੇ ਬੇਨਿਯਮੀਆਂ ‘ਚ ਘਿਰੀ ਬੀਬੀ ਜਗੀਰ ਕੌਰ ਤੋਂ ਪ੍ਰਧਾਨਗੀ ਪਦ ‘ਤੋਂ ਅਸਤੀਫ਼ਾ ਮੰਗਦਿਆਂ ਉੱਚ ਪੱਧਰੀ ਨਿਰਪੱਖ ਜਾਂਚ ਪੜਤਾਲ ਦਾ ਸਾਹਮਣਾ ਕਰਨ ਦੀ ਚੁਨੌਤੀ ਦਿੱਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ‘ਤੇ ਦੋ ਦਰਜਨ ਤੋਂ ਵੱਧ ਮੁਲਾਜ਼ਮਾਂ ਦੀ ਭਰਤੀ ਮਾਮਲੇ ‘ਚ ਬੇਨਿਯਮੀਆਂ ਦੇ ਲਗਾਏ ਗਏ ਗੰਭੀਰ ਦੋਸ਼ਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪਦੇ ਭਾਣਜੇ ਬਲਰਾਜ ਸਿੰਘ ਪੁੱਤਰ ਹਰਦੀਪ ਸਿੰਘ ਜਿਸ ਨੂੰ ਦੋ ਮਹੀਨੇ ਪਹਿਲਾਂ ਜੋੜੀ ‘ਤੇ ਸਹਾਇਕ ਅਤੇ ਫਿਰ ਇਕ ਮਹੀਨੇ ਬਾਅਦ ਹੀ ਗੁ: ਸੁਖਚੈਆਣਾ ਸਾਹਿਬ ਫਗਵਾੜਾ ਵਿਖੇ ਹੈੱਡ ਰਾਗੀ ਵਜੋਂ ਪਦ ਉੱਨਤ ਕਰਨ ਅਤੇ ਆਪ ਦੇ ਇਕ ਨਜ਼ਦੀਕੀ ਅਧਿਕਾਰੀ ਦੇ ਭਤੀਜੇ ਜਗਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲਤੀਫਪੁਰ ਨੂੰ ਸ਼੍ਰੋਮਣੀ ਕਮੇਟੀ ‘ਚ ਸੁਪਰਵਾਈਜ਼ਰ ਦੀ ਅਹਿਮ ਅਸਾਮੀ ‘ਤੇ ਹਾਲ ਹੀ ‘ਚ ਭਰਤੀ ਕਰਨ ਪ੍ਰਤੀ ਨਿਰਪੱਖ ਜਾਂਚ ਕਰਾਉਣ ‘ਤੇ ਸਾਰਾ ਸੱਚ ਸੰਗਤ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਪ੍ਰਧਾਨ ਜੀ ਨੂੰ ਸੰਗਤ ਪ੍ਰਤੀ ਜਵਾਬ ਦੇ ਹੋਣ ਲਈ ਕਿਹਾ ਅਤੇ ਸਵਾਲ ਕੀਤਾ ਕਿ ਉਕਤ ਸੁਪਰਵਾਈਜ਼ਰ ਵਰਗੀ ਅਹਿਮ ਅਸਾਮੀ ਲਈ ਭਰਤੀ ਕਿਨ੍ਹਾਂ ਨਿਯਮਾਂ ਅਧੀਨ ਕੀਤੀ ਗਈ? ਕੀ ਕੋਈ ਇਸ਼ਤਿਹਾਰ ਦਿੱਤਾ ਗਿਆ? ਜੇ ਦਿੱਤਾ ਗਿਆ ਤਾਂ ਕਿਸ ਦਿਨ ਤੇ ਕਿਸ ਅਖ਼ਬਾਰ ‘ਚ ਦਿੱਤਾ ਗਿਆ? ਕਿਸ ਕਮੇਟੀ ਨੇ ਚੋਣ ਪ੍ਰਕ੍ਰਿਆ ਪੂਰੀ ਕੀਤੀ? ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮ ਭਰਤੀ ਕਰਨ ਦੇ ਖਿਲਾਫ਼ ਨਹੀਂ ਹਨ ਪਰ ਜਿੱਥੇ ਕਈ ਲੋਕ ਸਾਲਾਂ ਬਦੀ ਕੱਚੇ ਮੁਲਾਜ਼ਮ ਭਰਤੀ ਹੋਣ ਅਤੇ ਕਈ ਪਦ ਉੱਨਤੀ ਲਈ ਤਰਲੇ ਲੈ ਰਹੇ ਹੋਣ ਉੱਥੇ ਆਪਦੇ ਅਤੇ ਆਪਣੇ ਨਜ਼ਦੀਕੀਆਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਲਾਭ ਪਹੁੰਚਾਉਣਾ ਕੀ ਨਿਯਮਾਂ ਦੇ ਉਲਟ ਨਹੀਂ? ਉਨ੍ਹਾਂ ਕਿਹਾ ਕਿ ਅਜਿਹੀ ਗਲਤ ਪਹੁੰਚ ਨਾਲ ਉਹ ਸ਼੍ਰੋਮਣੀ ਕਮੇਟੀ ਵਰਗੀ ਮਹਾਨ ਪੰਥਕ ਸੰਸਥਾ ਦੀ ਗਰਿਮਾ ਨੂੰ ਠੇਸ ਪਹੁੰਚਾ ਰਹੇ ਹਨ। ਸਿੱਖ ਸੰਸਥਾਵਾਂ ‘ਚ ਕਿਸੇ ਵੀ ਕਿਸਮ ਦੀ ਬੇਨਿਯਮੀ ਨੂੰ ਸੰਗਤ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਯਾਦ ਦਵਾਇਆ ਕਿ ਬੀਤੇ ਦੌਰਾਨ 523 ਮੁਲਾਜ਼ਮਾਂ ਦਾ ਮਾਮਲਾ ਅਤੇ ਬਾਅਦ ‘ਚ ਵੀ ਕਈ ਅਜਿਹੇ ਮਾਮਲਿਆਂ ਨੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਧੁੰਦਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਟਰੱਸਟ ਅਤੇ ਸਿੱਖਿਆ ਅਦਾਰਿਆਂ ‘ਚ ਲੋੜ ਅਨੁਸਾਰ ਮੁਲਾਜ਼ਮਾਂ ਦੀ ਤਰਾਂ ਰੱਖਣ ਦੀ ਪ੍ਰਵਾਨਗੀ ਇਸ਼ਤਿਹਾਰ ਦੇਣ ਅਤੇ ਚੋਣ ਮੈਰਿਟ ਦੇ ਅਧਾਰ ‘ਤੇ ਕਰਨ ਦੀ ਲਾਜ਼ਮੀ ਸ਼ਰਤ ਅਜ ਵੀ ਲਾਗੂ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਤਿਹਾਸ ‘ਚ ਦੂਜੇ ਪ੍ਰਧਾਨ ਸਾਹਿਬਾਨ ਦੇ ਮੁਕਾਬਲੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੋਰ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਅਤੇ ਪ੍ਰਬੰਧਕੀ ਦਫ਼ਤਰਾਂ- ਸੰਸਥਾਵਾਂ ‘ਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਥਾਂ ਆਪਦੀ ਤਸਵੀਰ ਲਗਾਉਣ ਨੂੰ ਪਹਿਲ ਦੇ ਰਹੀ ਹੈ। ਜਿਸ ਲਈ ਉਨਾਂ ਵਲੋਂ ਗੁਰੂ ਘਰ ਦੇ ਖਜਾਨੇ ਵਿਚੋਂ ਸੈਕੜੇ ਹੀ ਤਸਵੀਰਾਂ ਬਣਵਾਈਆਂ ਗਈਆਂ ਹਨ।
ਬੇਨਿਯਮੀ ਭਰਤੀ ਮਾਮਲੇ ‘ਚ ਘਿਰੀ ਬੀਬੀ ਜਗੀਰ ਕੌਰ ਅਸਤੀਫ਼ਾ ਦੇਵੇ : ਪ੍ਰੋ. ਸਰਚਾਂਦ ਸਿੰਘ
This entry was posted in ਪੰਜਾਬ.