ਸ੍ਰੀ ਅੰਮ੍ਰਿਤਸਰ ਸਾਹਿਬ – ਸ਼੍ਰੋਮਣੀ ਕਮੇਟੀ ‘ਚ ਬੇਨਿਯਮੀ‘ਮੁਲਾਜ਼ਮ ਭਰਤੀ‘ ਮਾਮਲੇ ਵਿਚ ਘਿਰੀ ਬੀਬੀ ਜਗੀਰ ਕੌਰ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਹੱਕ ਨਾ ਹੋਣ ਅਤੇ ਇਤਿਹਾਸਕ ਗੁਰ ਅਸਥਾਨਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਅਦਾਰਿਆਂ ਦੇ ਦਫ਼ਤਰਾਂ ਵਿਚੋਂ ਕਮੇਟੀ ਪ੍ਰਧਾਨ ਵੱਲੋਂ ਲਗਵਾਈਆਂ ਗਈਆਂ ਆਪ ਦੀਆਂ ਤਸਵੀਰਾਂ ਨੂੰ ਤੁਰੰਤ ਹਟਾਉਣ ਦੀ ਮੰਗ ਕਰਦਿਆਂ ਸਿੱਖ ਨੌਜਵਾਨਾਂ ਦੀ ਜਥੇਬੰਦੀ ਅਮਰ ਖ਼ਾਲਸਾ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਭਾਈ ਅਵਤਾਰ ਸਿੰਘ ਖ਼ਾਲਸਾ ਨੇ ਕਿਹਾ ਕਿ ਜੇ ਬੀਬੀ ਜਗੀਰ ਕੌਰ ਨੇ ਆਪ ਦੀਆਂ ਤਸਵੀਰਾਂ ਨੂੰ ਹਟਾਉਣ ਦੀ ਹਦਾਇਤ ਨਾ ਕੀਤੀ ਤਾਂ ਸੰਗਤ ਨੂੰ ਗੁਰਧਾਮਾਂ ‘ਚ ਪੁਰਾਤਨ ਰਵਾਇਤ ਨੂੰ ਕਾਇਮ ਰੱਖਣ ਲਈ ਆਪ ਹੀ ਯੋਗ ਕਾਰਵਾਈ ਕਰਨ ਦਾ ਹੱਕ ਹਾਸਲ ਹੈ।
ਫਾਊਂਡੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚ ਦੋ ਦਰਜਨ ਬੇਨਿਯਮੀ ਭਰਤੀ ਕਰਨ ਸੰਬੰਧੀ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਅਤੇ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਅਤੇ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਵੱਲੋਂ ਕੀਤੇ ਗਏ ਖ਼ੁਲਾਸੇ ਦੀ ਬਿਨਾਂ ਦੇਰੀ ਉੱਚ ਪੱਧਰੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਅਮਰ ਖ਼ਾਲਸਾ ਫਾਊਂਡੇਸ਼ਨ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਦੇ ਭਾਣਜੇ ਬਲਰਾਜ ਸਿੰਘ ਪੁੱਤਰ ਹਰਦੀਪ ਸਿੰਘ ਨੂੰ ਗੁ: ਸੁਖਚੈਆਣਾ ਸਾਹਿਬ ਫਗਵਾੜਾ ਵਿਖੇ ਹੈੱਡ ਰਾਗੀ ਵਜੋਂ ਪਦ ਉੱਨਤ ਕਰਨ ਅਤੇ ਆਪ ਦੇ ਇਕ ਨਜ਼ਦੀਕੀ ਅਧਿਕਾਰੀ ਦੇ ਭਤੀਜੇ ਜਗਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲਤੀਫਪੁਰ ਨੂੰ ਸਿੱਧਾ ਸੁਪਰਵਾਈਜ਼ਰ ਦੀ ਅਹਿਮ ਅਸਾਮੀ ‘ਤੇ ਹਾਲ ਹੀ ‘ਚ ਕੀਤੀ ਗਈ ਭਰਤੀ ਨਿਯਮਾਂ ਦੇ ਉਲਟ ਅਤੇ ਸੰਗਤ ਨਾਲ ਬਹੁਤ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੇਰੁਜ਼ਗਾਰ ਨੌਜਵਾਨਾ ਮੁਲਾਜ਼ਮ ਭਰਤੀ ਹੋਣ ਲਈ ਅਤੇ ਕਈ ਮੁਲਾਜ਼ਮ ਪਦ ਉੱਨਤੀ ਲਈ ਵੀ ਡੇਢ, ਦੋ ਸਾਲਾਂ ਤੋਂ ਉਡੀਕ ਵਿਚ ਤੇ ਤਰਲੇ ਲੈ ਰਹੇ ਹੋਣ ਉਨ੍ਹਾਂ ਦੀਆਂ ਪਦ ਉੱਨਤ ਹੋਣ ਲਈ ਅਰਜ਼ੀਆਂ ਫਾਈਲਾਂ ਵਿੱਚ ਹੀ ਦੱਬੀਆਂ ਰਹਿ ਜਾਣ ਤੇ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਵੇ, ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਆਪਦੇ ਅਤੇ ਆਪਣੇ ਨਜ਼ਦੀਕੀਆਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਸਿੱਧੀ ਭਰਤੀ ਕਰ ਲਾਭ ਪਹੁੰਚਾਉਣਾ ਦੂਜਿਆਂ ਨਾਲ ਧੱਕਾ ਹੈ। ਭਾਈ ਖ਼ਾਲਸਾ ਨੇ ਕਿਹਾ ਕਿ ਅਜਿਹੀ ਗ਼ਲਤ ਪਹੁੰਚ ਨਾਲ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਵਰਗੀ ਮਹਾਨ ਪੰਥਕ ਸੰਸਥਾ ਨੂੰ ਠੇਸ ਪਹੁੰਚਾ ਰਹੀ ਹੈ ਅਤੇ ਸਿੱਖ ਕੌਮ ਅੰਦਰ ਦੁਬਿਧਾ ਵੀ ਪੈਦਾ ਕਰ ਰਹੀ ਹੈ । ਸਿੱਖ ਸੰਸਥਾਵਾਂ ‘ਚ ਕਿਸੇ ਵੀ ਕਿਸਮ ਦੀ ਬੇਨਿਯਮੀ ਨੂੰ ਸੰਗਤ ਬਰਦਾਸ਼ਤ ਨਹੀਂ ਕਰੇਗੀ। ਭਾਈ ਖ਼ਾਲਸਾ ਨੇ ਯਾਦ ਦਵਾਇਆ ਕਿ ਬੀਤੇ ਇਸ ਸਮੇਂ ਦੌਰਾਨ 523 ਮੁਲਾਜ਼ਮਾਂ ਦਾ ਮਾਮਲਾ ਅਤੇ ਬਾਅਦ ‘ਚ ਵੀ ਕਈ ਅਜਿਹੇ ਮਾਮਲਿਆਂ ਨੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਧੁੰਦਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਟਰੱਸਟ ਅਤੇ ਸਿੱਖਿਆ ਅਦਾਰਿਆਂ ‘ਚ ਲੋੜ ਅਨੁਸਾਰ ਮੁਲਾਜ਼ਮਾਂ ਦੀ ਤਰਾਂ ਰੱਖਣ ਦੀ ਪ੍ਰਵਾਨਗੀ ਇਸ਼ਤਿਹਾਰ ਦੇਣ ਅਤੇ ਚੋਣ ਮੈਰਿਟ ਦੇ ਅਧਾਰ ‘ਤੇ ਹੀ ਹੋਣੀ ਚਾਹੀਦੀ ਹੈ। ਭਾਈ ਖ਼ਾਲਸਾ ਨੇ ਨਿਖੇਧੀ ਕਰਦਿਆਂ ਰੋਸ ਵਜੋਂ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੋਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਅਤੇ ਪ੍ਰਬੰਧਕੀ ਦਫ਼ਤਰਾਂ- ਸੰਸਥਾਵਾਂ ‘ਚ ਗੁਰੂ ਸਾਹਿ੍ਤਾਨ ਦੀਆਂ ਤਸਵੀਰਾਂ ਦੀ ਥਾਂ ਆਪਣੀ ਤਸਵੀਰ ਲਗਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਤਿ ਨਿੰਦਣਯੋਗ ਹੈ ਕਿਉਂਕਿ ਜੇਕਰ ਐਸੀ ਮਹਾਨ ਸੰਸਥਾ ਦੇ ਪ੍ਰਧਾਨ ਹੀ ਇਹ ਕੰਮ ਕਰਨਗੇ ਤਾਂ ਦੂਸਰਿਆਂ ਨੂੰ ਕਿਵੇਂ ਰੋਕ ਸਕਾਂਗੇ ਅਤੇ ਕੀ ਸਿਹਤ ਦੇ ਸਕਾਂਗੇ । ਇਸ ਲਈ ਬੀਬੀ ਜਗੀਰ ਕੌਰ ਨੂੰ ਬਿਨਾਂ ਦੇਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਲਾਂਭੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਇਸ ਮਹਾਨ ਸੰਸਥਾ ਦੀ ਮਾਣ ਮਰਿਆਦਾ ਬਰਕਰਾਰ ਰਹਿ ਸਕੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੰਤ ਬਾਬਾ ਪਰਮਜੀਤ ਸਿੰਘ ਜੀ ਮੂਲੇਚੱਕ, ਭਾਈ ਬਲਰਾਮ ਸਿੰਘ ਸ਼ੇਰਗਿੱਲ, ਜਨਰਲ ਸਕੱਤਰ ਭਾਈ ਹਰਜਿੰਦਰ ਸਿੰਘ ਰਾਜਾ, ਭਾਈ ਜਰਨੈਲ ਸਿੰਘ ਹਰੀਪੁਰਾ,ਸ਼ੰਕਰ ਸਿੰਘ ਜਗਜੀਤ ਸਿੰਘ ਗੁਲਾਲੀਪੁਰ,ਭਾਈ ਅਮਰੀਕ ਸਿੰਘ ਇਬਨ, ਭਾਈ ਸਤਨਾਮ ਸਿੰਘ,ਭਾਈ ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ ।