ਵਾਸ਼ਿੰਗਟਨ – ਇਸਰਾਈਲ ਅਤੇ ਫਲਸਤੀਨ ਦਰਮਿਆਨ ਪਿੱਛਲੇ 11 ਦਿਨਾਂ ਤੋਂ ਚੱਲ ਰਿਹਾ ਖੂਨੀ ਸੰਘਰਸ਼ ਰੁਕ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇਸਰਾਈਲੀ ਪ੍ਰਧਾਨਮੰਤਰੀ ਨੇਤਨਯਾਹੂ ਤੇ ਪਾਏ ਗਏ ਦਬਾਅ ਤੋਂ ਬਾਅਦ ਇਹ ਯੁੱਧ-ਵਿਰਾਮ ਸੰਭਵ ਹੋ ਸਕਿਆ। ਇਸ ਸੰਘਰਸ਼ ਵਿੱਚ 240 ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਦੁਨੀਆਂਭਰ ਦੇ ਦੇਸ਼ਾਂ ਵੱਲੋਂ ਇਸ ਪਹਿਲ ਦੀ ਸਲਾਘਾ ਕੀਤੀ ਗਈ ਹੈ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੇਨ ਸਾਕੀ ਨੇ ਇਸ ਸਬੰਧ ਵਿੱਚ ਉਠਾਏ ਗਏ ਕਦਮ ਨੂੰ ਉਤਸ਼ਾਹਜਨਕ ਕਰਾਰ ਦਿੱਤਾ ਹੈ।
ਇਸਰਾਈਲ ਦੀ ਕੈਬਨਿਟ ਵਿੱਚ ਇਸ ਫੈਂਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਯੁੱਧਵਿਰਾਮ ਦੇ ਲਾਗੂ ਹੁੰਦੇ ਸਾਰ ਹੀ ਭਾਰੀ ਸੰਖਿਆ ਵਿੱਚ ਫ਼ਲਸਤੀਨੀ ਲੋਕ ਗ਼ਜ਼ਾ ਦੀਆਂ ਸੜਕਾਂ ਤੇ ਉਤਰ ਕੇ ਜਸ਼ਨ ਮਨਾਉਣ ਲਗੇ। ਹਮਾਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਦੇ ਹੱਥ ਟਰਿਗਰ ਤੋਂ ਹਟੇ ਨਹੀਂ ਹਨ। ਸੰਘਰਸ਼-ਵਿਰਾਮ ਤੋਂ ਬਾਅਦ ਮਸਜਿਦਾਂ ਦੇ ਲਾਊਡਸਪੀਕਰਾਂ ਤੋਂ ਇਸ ਦਾ ਐਲਾਨ ਕੀਤਾ ਗਿਆ। ਇਸਰਾਈਲ ਅਤੇ ਹਮਾਸ ਦੋਵੇਂ ਹੀ ਇਸ ਸੰਘਰਸ਼ ਵਿਰਾਮ ਨੂੰ ਆਪਣੀ-ਆਪਣੀ ਜਿੱਤ ਦੱਸ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਫਲਸੀਨੀਆਂ ਅਤੇ ਇਸਰਾਈਲੀਆਂ ਨੂੰ ਸਮਾਨਤਾ ਦੇ ਤੌਰ ਤੇ ਸੁਰੱਖਿਅਤ ਢੰਗ ਨਾਲ ਜਿੰਦਗੀ ਜਿਊਣ ਅਤੇ ਸੁਤੰਤਰਤਾ ,ਸਮਰਿਦੀ ਅਤੇ ਲੋਕਤੰਤਰ ਦੇ ਬਰਾਬਰ ਉਪਾਵਾਂ ਨੂੰ ਹਾਸਿਲ ਕਰਨ ਦਾ ਅਧਿਕਾਰ ਹੈ। ਮੇਰਾ ਪ੍ਰਸ਼ਾਸਨ ਉਸ ਦਿਸ਼ਾ ਵਿੱਚ ਸਾਡੀ ਸ਼ਾਂਤ ਕੂਟਨੀਤੀ ਨੂੰ ਜਾਰੀ ਰੱਖੇਗਾ। ਮੇਰਾ ਇਹ ਵੀ ਮੰਨਣਾ ਹੈ ਕਿ ਸਾਡੇ ਕੋਲ ਉਨਤੀ ਕਰਨ ਦੇ ਵਾਸਤਵਿਕ ਮੌਕੇ ਹਨ ਅਤੇ ਮੈਂ ਇਸ ਤੇ ਕੰਮ ਕਰਨ ਦੇ ਲਈ ਵੱਚਨਬੱਧ ਹਾਂ।’