ਇਸ ਸਦੀ ਦੇ ਮਹਾਨ ਪ੍ਰਚਾਰਕ ਬਾਬਾ ਮਸਕੀਨ ਜੀ ਦੇ ਫੁਰਮਾਣ ਇੱਕ ਲੇਖਕ ਦੀ ਅਵਸਥਾ ਨੂੰ ਦਰਸਾਉਣ ਲਈ ਬਹੁਤ ਹਨ ਕਿ ”ਜੇ ਕਿਸੇ ਦੀ ਦੋ ਬੋਲਾਂ ਰਾਹੀ ਲਿਖਤ ਦੀ ਸਿਫ਼ਤ ਨਹੀਂ ਕਰ ਸਕਦੇ ਤਾਂ ਨਿੰਦਾ ਵੀ ਕਰਨਾ ਜ਼ਰੂਰੀ ਨਹੀਂ ਹੋਣੀ ਚਾਹੀਦੀ”। ਮੁਆਫ਼ ਕਰਨਾ ਦਾਸ ਨੇ ਕਦੇ ਨਹੀਂ ਕਿਹਾ ਕਿ ਮੈ ਕੋਈ ਕਵੀ ਹਾਂ, ਗੀਤਕਾਰ ਹਾਂ, ਕੋਈ ਰਚਨਾਕਾਰ ਹਾਂ, ਕੋਈ ਕਹਾਣੀਕਾਰ ਹਾਂ ਜਾਂ ਇੰਜ ਕਹਿ ਦੋ ਕਿ ਲਿਖਣ ਯੋਗ ਹਾਂ। ਹਾਂ ਬਸ ਲਿਖਦਾ ਹਾਂ ਜਿਸ ਕਰ ਕੇ ਆਪਣੇ ਆਪ ਨੂੰ ਲਿਖਾਰੀ ਜਾਂ ਲੇਖਕ ਕਹਿ ਦਿੰਦਾ ਹਾਂ। ਮੇਰੇ ਲਈ ਉਹ ਹਰ ਲਿਖਿਆ ਹੋਇਆ ਪਾਵਨ ਸ਼ਬਦ(ਅੱਖਰ) ਸਤਿਕਾਰਯੋਗ ਹਨ ਚਾਹੇ ਉਸ ਦੀ ਕੋਈ ਵਿਧਾ ਹੈ ਚਾਹੇ ਨਾ। ਚਾਹੇ ਕੰਧਾ ਤੇ ਮਾਰੀਆਂ ਹੋਈਆਂ ਲੀਕਾਂ ਹੀ ਹਨ ਉਹ ਵੀ ਸਤਿਕਾਰ ਯੋਗ ਹਨ।
ਹਾਂ ਇੱਥੇ ਸਪਸ਼ਟ ਕਰਦਾ ਹਾਂ ਕਿ ਮੈਨੂੰ ਇਹ ਲੇਖ ਇਸ ਕਰ ਕੇ ਲਿਖਣ ਲਈ ਜ਼ਰੂਰਤ ਮਹਿਸੂਸ ਹੋਈ ਕਿ ਕਈ ਮੇਰੇ ਵਰਗੇ ਚੰਦ ਰਚਨਾਵਾਂ ਨੂੰ ਅਖ਼ਬਾਰਾਂ, ਕਿਤਾਬਾਂ ਛਪਵਾ ਕੇ ਜਾਂ ਸਨਮਾਨ ਪ੍ਰਾਪਤ ਕਰ ਕੇ ਬਹੁਤ ਮਾਣ ਮਹਿਸੂਸ ਕਰਨ ਲੱਗ ਜਾਂਦੇ ਹਨ ਅਤੇ ਆਪਣੇ ਆਪ ਨੂੰ ਸਿਖਰ ਤੇ ਸਮਝਣਾ ਇਹ ਅਣਭੋਲਪੁੱਣਾ ਹੈ ਜੋ ਮੈਨੂੰ ਮਹਿਸੂਸ ਹੋਇਆ ਓ ਹੀ ਲਿਖਾਂਗਾ ਕਿਸੇ ਨੂੰ ਵੀ ਇਸ ਲੇਖ ਵਿਚ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਜਿਸ ਤੇ ਇਤਰਾਜ਼ ਕੀਤਾ ਜਾਵੇ ਮੇਰੇ ਲਈ ਸਾਰੇ ਹੀ ਸਤਿਕਾਰ ਯੋਗ ਹਨ (ਨੋਟ:- ਇਸ ਕਰ ਕੇ ”ਹਰਮਿੰਦਰ ਸਿੰਘ ਭੱਟ ਕੋਈ ਮਹਾਨ ਕਵੀ ਜਾਂ ਲੇਖਕ” ਨਹੀਂ ਹੈ ਜੋ ਕਿ ਆਪਣੇ ਮਿੱਤਰ ਸੂਚੀ ਵਿਚ ਦਰਜ ਕੀਤਾ ਜਾਵੇ) ਤੇ ਉਨ੍ਹਾਂ ਦੀ ਇਸ ਲਿਖਣ ਦੀ ਪ੍ਰਕ੍ਰਿਆ ਨੂੰ ਸਲਾਮ ਕਰਦਾ ਹਾਂ ਤੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕਿ ਸਿੱਖਣ ਤੇ ਲਿਖਣ ਯੋਗ ਹੋ ਰਿਹਾ ਹਾਂ ਜੋ ਰਹਿੰਦੇ ਸਾਹਾਂ ਤੱਕ ਜਾਰੀ ਰਹਿਣ ਦੀ ਨਿਰੰਤਰ ਕੋਸ਼ਿਸ਼ ਕਰਦਾ ਰਹਾਂਗਾ।
ਹੁਣ ਗੱਲ ਕਰਦੇ ਹਾਂ ਕਿ ਅਗਲੇ ਵਿਚਾਰ ਦੀ ਲੇਖਕ ਦੀ ਭਾਵਨਾ ਦਾ ਲਿਖਣ ਦਾ ਮੁੱਖ ਕੇਂਦਰ ਭਾਵ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਜਿਸ ਅਵਸਥਾ ਚ ਲਿਖ ਰਿਹਾ ਹੈ ਉਹ ਉਹੀ ਸਮਝ ਸਕਦਾ ਹੈ ਜਾਂ ਉਹ ਜੋ ਇਸ ਅਵਸਥਾ ਵਿਚ ਰਹਿ ਰਿਹਾ ਹੋਵੇ ਜਾਂ ਰਿਹਾ ਹੋਵੇ। ਅੱਖਰ ਦੀ ਗਹਿਰਾਈ ਵਿਚ ਜਾਣਾ ਹੀ ਲੇਖਕ ਦੀ ਮੁੱਖ ਨਿਸ਼ਾਨੀ ਹੁੰਦਾ ਹੈ। ਜੇਕਰ ਕੋਈ ਸ਼ਬਦ ਸਮਝ ਨਾ ਆਵੇ ਤਾਂ ਪੁੱਛਿਆ ਜਾ ਸਕਦਾ ਹੈ, ਹੋ ਸਕਦਾ ਹੈ ਕਿ ਉਹ ਸਵੈ ਸ਼ਬਦ ਹੋਵੇ ਜਿਵੇਂ ਕਿ ਕਈ ਸ਼ਬਦ ਹਨ ਜੋ ਲਿਖਣ ਦੀ ਪ੍ਰਕ੍ਰਿਆ ਹੇਠ ਸਮਾਨਰਥਕ ਸਵੈਸਬਦ ਘੜਦਾ ਹੈ। ਇਸ ਦੀ ਬੇਅੰਤ ਉਦਾਹਰਨਾਂ ਹਨ ਜੋ ਕਿ ਆਮ ਬੋਲੀ ਵਿੱਚ ਵੀ ਮਿਲ ਜਾਂਦੇ ਹਨ ਇਹ ਸਵੈ ਘੜੇ ਸ਼ਬਦ ਹੀ ਸਮੇਂ ਨਾਲ ਲੋਕ ਗੀਤ ਜਾਂ ਲੋਕ ਸ਼ਬਦ(ਅੱਖਰ) ਬਣ ਜਾਂਦੇ ਹਨ ਜਿਵੇਂ ਬੇਅੰਤ ਬੋਲੀਆਂ ਹਰ ਇੱਕ ਵਿਰਸੇ ਦੀ, ਹਰ ਇੱਕ ਖ਼ਿੱਤੇ ਦੀ, ਹਰ ਇੱਕ ਕੌਮ ਦੀ ਤੇ ਹਰ ਇੱਕ ਉਸ ਸੰਸਥਾ ਦੀ ਜੋ ਉਹ ਸੰਸਥਾ ਦੀ ਸਹਿਯੋਗੀ ਹੀ ਸਮਝ ਸਕਦੇ ਹਨ।
ਬਾਬਾ ਮਸਕੀਨ ਜੀ ਕਹਿੰਦੇ ਹਨ ਕਿ, ਇਹ ਕੁਦਰਤੀ ਕਿਰਿਆ ਹੈ ਜਿਵੇਂ ਹਰ ਵਸਤੂ ਅੰਦਰੋਂ ਬਾਹਰ ਨੂੰ ਆਉਂਦੀ ਹੈ, ਜਿਵੇਂ ਕਿ ਬੱਚਾ ਪੈਦਾ ਹੁੰਦਾ ਹੈ , ਜਿਵੇਂ ਕਿ ਧਰਤੀ ਵਿਚੋਂ ਪੌਦੇ ਫੁੱਟਕੇ ਬਾਹਰ ਨੂੰ ਆਉਂਦੇ ਹਨ। ਜੋ ਕੁਦਰਤੀ ਕਿਰਿਆ ਹੈ ਉਹੀ ਸੱਚੀ ਹੈ। ਬਨਾਵਟੀ ਫ਼ੁਲ ਸੋਹਣੇ ਤਾਂ ਬਹੁਤ ਹੋਣਗੇ ਪਰ ਕੁਦਰਤੀ ਖ਼ੁਸ਼ਬੂ ਉਸ ਵਿਚ ਨਹੀਂ ਹੋਵੇਗੀ। ਏਸੇ ਤਰਾਂ ਜਿਹੜੀ ਵਸਤੂ ਬਾਹਰੋਂ ਅੰਦਰ ਜਾਂਦੀ ਹੈ ਉਸ ਵਿੱਚ ਏਨੇ ਵਿਸ਼ੇਸ਼ ਗੁਣ ਨਹੀਂ ਹੋਣਗੇ, ਜਿੰਨੇ ਕਿ ਅੰਦਰੋਂ ਬਾਹਰ ਆਉਣ ਦੀ ਪ੍ਰਕਿਰਿਆ ਵਿਚ ਹੋਣਗੇ। ਉਦਾਹਰਨ ਦੇ ਤੌਰ ਤੇ ਹਰ ਇੱਕ ਧਰਮ ਦੇ ਪੁਰਾਤਨ ਪਾਵਨ ਪਵਿੱਤਰ ਗ੍ਰੰਥ ਸਾਹਿਬ, ਉਨ੍ਹਾਂ ਦੇ ਸਟੀਕ, ਕਿਸੇ ਮਹਾਨ ਲੇਖਕ ਦੀ ਹੰਢਾਈ ਤੇ ਲੁਕਾਈ ਦੇ ਦਰਦ ਨੂੰ ਮਹਿਸੂਸ ਕੀਤੇ ਗਏ ਮੌਲਿਕ ਵਿਚਾਰ ਉਹ ਚਾਹੇ ਗੀਤ ਦੇ ਜਰੀਏ ਹੋਣ ਜਾਂ ਲੇਖ ਦੇ, ਜਾਂ ਕਿਸੇ ਹੋਰ ਬੇਅੰਤ ਕਹਾਣੀਆਂ-ਨਾਵਲ ਦੀਆਂ ਛਪੀਆਂ ਪਾਵਨ ਜਾਂ ਵਿੱਦਿਅਕ ਕਿਤਾਬਾਂ ਹੋਣ।
ਲੇਖਣੀ ਵੀ ਅਜਿਹੀ ਹੈ, ਜੇਕਰ ਅੰਦਰੋਂ ਬਾਹਰ ਨੂੰ ਆਵੇਗੀ ਤਾਂ ਕੁਦਰਤੀ ਹੋਵੇਗੀ। ਮਨਾ ਨੂੰ ਖਿੱਚ ਪਾਵੇਗੀ , ਇੱਕ ਸਕੂਨ ਦੇਵੇਗੀ। ਪਰ ਜੇਕਰ ਬਾਹਰੋਂ ਅੰਦਰ ਜਾਵੇਗੀ , ਮਤਲਬ ਕਿ ਦੁਨਿਆਵੀ ਸਿੱਖਿਆ ਹੋਵੇਗੀ ਤਾਂ ਉਸ ਵਿਚ ਇਤਨਾ ਰਸ ਨਹੀਂ ਹੋਵੇਗਾ ਜੇਕਰ ਰਸ ਹੋਵੇਗਾ ਵੀ ਤਾਂ ਦੁਨਿਆਵੀ ਜੀਵਨ ਰਸਾਂ ਨੂੰ ਪ੍ਰਾਪਤ ਕਰਨ ਦਾ ਸਕੂਨ ਹੋਵੇਗਾ। ਸਕੂਲਾਂ ਕਾਲਜਾ ਦੇ ਲੈਕਚਰਾਰ ਪੜ੍ਹ ਰਹੇ ਹਨ ਅਤੇ ਪੜਾ ਰਹੇ ਹਨ।
ਰੂਹਾਨੀ ਸਕੂਨ ਦੀ ਉਦਾਹਰਨ ਵੀ ਉਹ ਦਿੰਦੇ ਹਨ ਕਿ ਜਿਵੇਂ ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਜਾ ਫਿਰ ਬਾਬਾ ਫ਼ਰੀਦ ਜੀ , ਜਿੰਨਾ ਦੇ ਅੰਦਰੋਂ ਸ਼ਬਦਾਂ ਦੇ ਫੁਹਾਰੇ ਉੱਠਦੇ ਹਨ। ਜਿੰਨਾ ਕੋਲ ਦੁਨਿਆਵੀ ਸਿੱਖਿਆ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਸ਼ਬਦਾਂ ਉੱਪਰ ਵੱਡੀਆਂ ਵਿੱਦਿਅਕ ਪ੍ਰਾਪਤੀਆਂ ਹੋ ਰਹਿਆਂ ਹਨ। ਅੰਦਰੋਂ ਬਾਹਰ ਦੀ ਪ੍ਰਕਿਰਿਆ ਸਦਾ ਵਗਦੀ ਰਹਿੰਦੀ ਹੈ। ਜਿੰਨਾ ਲੇਖਕਾ ਵਿਚ ਇਹ ਅੰਦਰੋਂ ਬਾਹਰ ਨੂੰ ਵਗਦੀ ਹੈ, ਉਹ ਨੂੰ ਕਿਸੇ ਵੀ ਖ਼ਾਸ ਮਾਹੌਲ ਜਾਂ ਵਡਿਆਈ ਜਾਂ ਸ਼ੁਹਰਤ ਦੀ ਜਾ ਕਿਸੇ ਵੀ ਤਰਾਂ ਦੇ ਨਸ਼ੇ ਦੇ ਸੇਵਨ ਦੀ ਜ਼ਰੂਰਤ ਨਹੀਂ ਹੁੰਦੀ। ਉਹ ਜਦ ਵੀ ਕਲਮ ਚੁੱਕਦੇ ਹਨ ਵਹਾਣ ਤੇਜ਼ੀ ਨਾਲ ਵਗਣ ਲੱਗ ਜਾਂਦਾ ਹੈ। ਪਰ ਅੱਜ ਕੱਲ੍ਹ ਸਾੜੇ ਦੇ ਮਾਰੇ ਲੇਖਕ ਬਾਹਰੋਂ – ਅੰਦਰ ਦੀ ਕਿਰਿਆ ਵਿਚ ਉਲਝੇ ਹਨ। ਏਸੇ ਲਈ ਖ਼ੂਬਸੂਰਤੀ ਨਿੱਖਰ ਕੇ ਸਾਹਮਣੇ ਨਹੀਂ ਆਉਂਦੀ ਉਹ ਕਹਿੰਦੇ ਹਨ ਕਿ ਜੇ ਕਿਸੇ ਦੀ ਦੋ ਬੋਲਾਂ ਰਾਹੀ ਲਿਖਤ ਦੀ ਸਿਫ਼ਤ ਨਹੀਂ ਕਰ ਸਕਦੇ ਤਾਂ ਨਿੰਦਾ ਵੀ ਕਰਨਾ ਜ਼ਰੂਰੀ ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਹਨ ਕਿ ਅਜੋਕੇ ਲੇਖਕ ਦੀ ਤਿੰਨ ਤਰ੍ਹਾਂ ਦਾ ਜੀਵਨ ਹੈ ਇੱਕ ਨਿੰਦਕ ਦਾ, ਦੂਜਾ ਪ੍ਰਸੰਸਕ ਦਾ ਤੇ ਤੀਜਾ ਆਲੋਚਕ ਦਾ।
(1) ਨਿੰਦਕ :- ਸਾੜੇ ਵਿਚ ਆ ਕਿ ਬਗੈਰ ਕਿਸੇ ਸ਼ਬਦ(ਅੱਖਰ) ਦੀ ਗਹਿਰਾਈ ਨੂੰ ਸਮਝਣ ਤੋਂ ਬਿਨਾ ਨਿੰਦਾ ਕਰਨੀ ਤੇ ਹਾਸੋਹੀਣੀ ਸਥਿਤੀ ਬਣਾਉਣੀ।
(2) ਪ੍ਰਸੰਸਕ - ਪ੍ਰਸੰਸਕ ਦਾ ਹੋਣਾ ਵੀ ਬਹੁਤ ਲਾਜ਼ਮੀ ਹੁੰਦਾ ਹੈ ਜੇ ਪ੍ਰਸੰਸਾ ਨਹੀਂ ਹੋਵੇਗੀ ਤਾਂ ਲੇਖਕ ਦੇ ਲਿਖਣ ਦੀ ਪ੍ਰਬਲਤਾ ਨਹੀਂ ਆਵੇਗੀ ਪਰ ਇੱਥੇ ਆਪਣੇ ਨੂੰ ਖ਼ੁਦ ਹੀ ਅੰਦਾਜ਼ਾ ਲਗਾਉਣਾ ਪੈਣਾ ਮੁੱਖ ਹੈ ਕਿ ਉਹ ਪ੍ਰਸੰਸਾ ਦਾ ਪ੍ਰਕਾਰ ਕੀ ਹੈ ਸਵਾਰਥ ਜਾਂ ਨਿਰਸਵਾਰਥ।
(3) ਆਲੋਚਕ :- ਕਿਸੇ ਲਿਖੀ ਗਈ ਰਚਨਾ ਵਿਚ ਬੇਅੰਤ ਤਰੁੱਟੀਆਂ ਹੋਣਗੀਆਂ ਉਸ ਨੂੰ ਉਸ ਦੀ ਗ਼ਲਤੀ ਬਾਰੇ ਦੱਸਿਆ ਜਾਣਾ ਤੇ ਉਸ ਤਰੁੱਟੀ (ਗ਼ਲਤੀ) ਦਾ ਹੱਲ ਵੀ ਦਰਸਾਉਣਾ ਬਹੁਤ ਲਾਜ਼ਮੀ ਹੁੰਦਾ ਹੈ ਸਾਨੂੰ ਆਲੋਚਕ ਬਣਨਾ ਚਾਹੀਦਾ ਹੈ।
ਨਾ ਕਿ ਨਿਰਾ ਪੁਰਾ ਪਹਿਲੀਆਂ ਦੋ ਅਵਸਥਾਵਾਂ ਨੂੰ ਦਰਸਾ ਕਿ ਕਿਸੇ ਨੂੰ ਕਹਿਣਾ ਕਿ ”ਮੈ ਤਾਂ ਤੇਰਾ ਭਲਾ ਲੋਚਦਾ ਹਾਂ ਬਾਕੀ ਤੇਰੀ ਮਰਜ਼ੀ” ਇਹ ਕਹਿਣਾ ਸਿਰਫ਼ ਖ਼ੁਦ ਅਣਜਾਣ ਪੁਣੇ ਦੀਆਂ ਨਿਸ਼ਾਨੀਆਂ ਹਨ ਦਾਸ ਵੀ ਇੰਨਾ ਦੋ ਅਵਸਥਾਵਾਂ ਤੋਂ ਬੇਅੰਤ ਬਾਰ ਗੁਜ਼ਰ ਚੁੱਕਾ ਹੈ। ਸੋ ਇਸ ਕਰ ਕੇ ਲੇਖਕ ਬਣਿਆ ਜਾਵੇ ਤੇ ਹਾਂ ਇੱਥੇ ਇਹ ਵੀ ਕਹਿ ਦੇਵਾਂ ਕਿ ਲੇਖਕ ਦੀ ਕੋਈ ਵੀ ਰਚਨਾ ਲਿਖਣ ਦੀ ਅਵਸਥਾ ਤੇ ਹਾਲਤਾਂ ਨੂੰ ਵੀ ਸਮਝਣਾ ਅਤਿ ਜ਼ਰੂਰੀ ਹੈ। ਇਹ ਵੀ ਸਹੀ ਕੀ ਕਿਸੇ ਵੀ ਰਚਨਾ ਨੂੰ ਲਿਖਣ ਜਾਂ ਸਮਝਣ ਲਈ ਉਸ ਲੇਖਕ ਨਾਲ ਵਿਚਾਰ ਕਰੋ ਤਕਰਾਰ ਨਾ ਕਰੋ ਤਾਂ ਕਿ ਜੰਗ ਤੋਂ ਬਚਿਆ ਜਾਵੇ। ਸੱਚ ਇਹ ਵੀ ਹੈ ਕਿ ਹਰ ਰਚਨਾ ਦੀ ਉਪਜ ਲਈ ਨਿਯਮ ਤੇ ਸ਼ਰਤਾਂ ਹੁੰਦੀਆਂ ਹਨ ਉਹ ਹੌਲੀ ਹੌਲੀ ਸਮਝ ਤੇ ਰਮਜ਼ ਵਿਚ ਆਉਂਦੀਆਂ ਹਨ ਇਸ ਲਈ ਮੇਰੇ ਬੇਨਤੀ ਹੈ ਕਿ ਬਸ ਲਿਖਦੇ ਰਹੇ ਤੇ ਸਿੱਖਦੇ ਰਹੋ ਤੇ ਸਿੱਖਣ ਤੋਂ ਬਾਅਦ ਆਲੋਚਕ ਬਣ ਕੇ ਕਿਸੇ ਲਈ ਯੋਗ ਰਾਹ ਦਸੇਰਾ ਬਣੋ। ਹੱਥ ਬਣ ਕੇ ਬੇਨਤੀ ਹੈ ਕਿ ਤੋੜੇ ਨਾ ਜੋੜਦੇ ਰਹੋ।