ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਘਨ ਮਾਰਕਲ ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਦੀ ਸਹਾਇਤਾ ਕਰਨ ਲਈ ‘ਵਿਸ਼ਵ ਸੈਂਟਰਲ ਕਿਚਨ’ ਦੇ ਸਹਿਯੋਗ ਨਾਲ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਇੱਕ ਰਾਹਤ ਕੇਂਦਰ ਖੋਲ੍ਹਣਗੇ। ਬੁੱਧਵਾਰ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਇਸ ਸ਼ਾਹੀ ਜੋੜੇ ਨੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਵਿਗੜ ਰਹੀ ਹਾਲਤ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਕਿਉਂਕਿ ਭਾਰਤ ਵਿੱਚ ਵਾਇਰਸ ਦੇ ਕੇਸ 25 ਮਿਲੀਅਨ ਤੋਂ ਵੱਧ ਹੋ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 260,000 ਨਵੇਂ ਕੇਸ ਅਤੇ 4,329 ਮੌਤਾਂ ਹੋਈਆਂ ਹਨ। ਸਹਾਇਤਾ ਦੀ ਇਸ ਯੋਜਨਾ ਦਾ ਐਲਾਨ ਆਰਚਵੈਲ ਫਾਉਂਡੇਸ਼ਨ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਕੀਤਾ ਗਿਆ ਹੈ, ਜੋ ਕਿ ਸੁਸੇਕਸ ਦੇ ਡਿਊਕ ਐਂਡ ਡਚੇਸ ਦੁਆਰਾ ਅਰੰਭ ਕੀਤੀ ਗਈ ਇਕ ਚੈਰਿਟੀ ਹੈ। ਜਿਸ ਅਨੁਸਾਰ ਆਰਚਵੈਲ ਫਾਉਂਡੇਸ਼ਨ ਅਤੇ ਵਰਲਡ ਸੈਂਟਰਲ ਕਿਚਨ ਭਾਰਤ ਵਿੱਚ ਆਪਣਾ ਅਗਲਾ ਕਮਿਊਨਿਟੀ ਰਿਲੀਫ ਸੈਂਟਰ ਬਣਾ ਰਹੇ ਹਨ। ਇਸ ਲਈ ਮੁੰਬਈ ਦਾ ਸਥਾਨ ਚਾਰ ਕਮਿਊਨਿਟੀ ਰਾਹਤ ਕੇਂਦਰਾਂ ਦੀ ਤੀਜੀ ਲੜੀ ਵਿੱਚ ਹੋਵੇਗਾ, ਜਦਕਿ ਇਸ ਸੰਸਥਾ ਦੇ ਦੋ ਕਾਮਨਵੈਲਥ ਡੋਮਿਨਿਕਾ ਅਤੇ ਪੋਰਟੋ ਰੀਕੋ ਵਿੱਚ ਪਹਿਲੇ ਦੋ ਰਾਹਤ ਕੇਂਦਰਾਂ ਦੀ ਉਸਾਰੀ ਚੱਲ ਰਹੀ ਹੈ। ਇਨ੍ਹਾਂ ਕੇਂਦਰਾਂ ਦਾ ਉਦੇਸ਼ ਪ੍ਰਭਾਵਿਤ ਖੇਤਰਾਂ ਵਿੱਚ ਕਮਿਊਨਿਟੀਆਂ ਲਈ ਰਾਹਤ ਅਤੇ ਹੋਰ ਸਹਾਇਤਾ, ਇਲਾਜ ਪ੍ਰਦਾਨ ਕਰਨਾ ਵੀ ਸ਼ਾਮਿਲ ਹੈ ।
ਪ੍ਰਿੰਸ ਹੈਰੀ ਅਤੇ ਮੇਘਨ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤ ਵਿੱਚ ਖੋਲ੍ਹਣਗੇ ਰਾਹਤ ਕੇਂਦਰ
This entry was posted in ਅੰਤਰਰਾਸ਼ਟਰੀ.