ਕੁੱਝ ਸੁਣਿਉ ਬੋਲ ਮੇਰੇ, ਬਹਿ ਗੱਲ ਸੁਣਾਵਾਂ।
ਜਾ ਉੱਡਜਾ ਦੂਰ ਕਿਤੇ, ਤੂੰ ਕਾਲਿਆ ਕਾਵਾਂ।
ਪਿੰਡ ਮੇਰੇ ਤੋਂ ਦੀ, ਜਾ ਕੱਢਿਆ ਗੇੜਾ।
ਹਾਲ ਸੁਣਾਵਾਂ ਥੋਨੂੰ ਕੀ, ਦਿਲ ਕਹਿੰਦਾ ਮੇਰਾ।
ਸਖੀਓ ਵੰਨ੍ਹ-ਸੁਵੰਨੇ ਆਉਣ, ਖਿਆਲ ਕਿੰਜ ਰਾਹੇ ਪਾਵਾਂ ..।
“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “।
ਮਾਂ ਮੇਰੀ ਦੀਆਂ ਕੱਢੀਆਂ ਚਾਦਰਾਂ, ਹੋਰ ਵੀ ਗੂੜ੍ਹੀਆਂ ਹੋ ਚੱਲੀਆਂ।
ਬਹਿ ਬਾਬੁਲ ਜੋ ਸਮਝਾਈਆਂ ਗੱਲਾਂ, ਦਿਲ ਮੇਰੇ ਨੂੰ ਛੂਹ ਚੱਲੀਆਂ।
ਆਪਣੀ ਇੱਜ਼ਤ ਹੱਥ ਤੁਹਾਡੇ, ਵੀਰ ਮੇਰੇ ਸਮਝਾਇਆ ਏ।
ਮੈਂ ਤਿੰਨੋ ਜਾਇਆ ਦੀ ਹਾਂ ਲਾਡੋ ,ਬਣਦਾ ਹੱਕ ਜਤਾਇਆ ਏ।
ਕਦੀ ਲੱਗਦਾ ਏ ਵਾਧੂ ਮਿਲਿਆ ਕੁੱਝ ਹੋਰ ਨਾ ਚਾਵਾਂ ..
“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “।
ਅੱਖੀਂ ਡਿੱਠੇ ਹਾਲ ਨੇ ਦੇਖੇ ।
ਖੜ੍ਹ ਦਰਵਾਜੇ ਨਾਲ ਨੇ ਦੇਖੇ।
ਮਾਂ ਮੇਰੀ ਜੋ ਦੁੱਖ ਹੰਢਾਏ।
ਬਣੇ ਹੱਥ ਬਾਪੂ ਦੇ ਢਾਲ ਨੇ ਦੇਖੇ।
ਇਹ ਸਿਰ ਦਾ ਤਾਜ ਨਾ ਰੋਲਿਉ।
ਸੁਖੀ ਵਸੋ, ਦਿਉ ਪਿਆਰ ਮੁਹੱਬਤ, ਦਿਲ ਤੋਂ ਕਰਾਂ ਦੁਆਵਾਂ ..।
“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “।