ਧਰਮਾਂ ਦੇ ਪ੍ਰਚਾਰ ਖੇਤਰ ਦੀ ਗਲ ਕਰੀਏ ਤਾਂ ਹੋਰਨਾਂ ਦੇ ਮੁਕਾਬਲੇ ਸਿੱਖੀ ’ਚ ਗ੍ਰੰਥੀ ਦੀ ਪਦਵੀ ਨੂੰ ਇਕ ਵਿਲੱਖਣ, ਵਧੇਰੇ ਪ੍ਰਭਾਵਸ਼ਾਲੀ ਅਤੇ ਪ੍ਰਮੁੱਖ ਸਥਾਨ ਹਾਸਲ ਹੈ। ਸਤਿਗੁਰੂ ਸੱਚੇ ਪਾਤਿਸ਼ਾਹ ਹੈ ਤਾਂ ਗ੍ਰੰਥੀ ਸਿੰਘ ਨੂੰ ਵਜ਼ੀਰ ਵਜੋਂ ਪੁਕਾਰਿਆ ਜਾਂਦਾ ਹੈ। ਗ੍ਰੰਥੀ ਸਾਹਿਬਾਨ ਖ਼ੁਦ ਸ਼ਬਦ ਗੁਰੂ ਦਾ ਉਪਾਸ਼ਕ ਅਤੇ ’’ਬਾਣੀ ਗੁਰੂ ਗੁਰੂ ਹੈ ਬਾਣੀ’’ ਦੇ ਅਮੋਲਕ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ, ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਦਰਮਿਆਨ ਸੁਮੇਲ ਦੀ ਕੜੀ, ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਸ਼ੋਭਿਤ ਮਹਾਨ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਵਾਲੇ ਗ੍ਰੰਥੀ ਸਾਹਿਬਾਨ ਦਾ ਰੁਤਬਾ ਪੰਥ ’ਚ ਸਿਰਮੌਰ ਤੇ ਸਭ ਤੋਂ ਵੱਧ ਸਤਿਕਾਰਯੋਗ ਸਥਾਨ ਰੱਖਦਾ ਹੈ, ਇਸ ਪਦਵੀ ਲਈ ਯੋਗ ਗੁਰਸਿੱਖ ਦੀ ਚੋਣ ਪ੍ਰਤੀ ਇਸ ਕਰ ਕੇ ਵੀ ਖ਼ਾਸ ਧਿਆਨ ਦਿੱਤਾ ਜਾਂਦਾ ਕਿਉਂਕਿ ਇੱਥੋਂ ਦੇ ਸਿੰਘ ਸਾਹਿਬਾਨ ਹੀ ਅੱਗੇ ਚੱਲ ਕੇ ਕਈ ਵਾਰ ਤਖ਼ਤਾਂ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੌਮੀ ਮਾਮਲਿਆਂ ’ਤੇ ਫ਼ੈਸਲੇ ਲੈਣ ਸਮੇਂ ਪੰਜ ਸਿੰਘ ਸਾਹਿਬਾਨ ’ਚ ਸਥਾਨ ਗ੍ਰਹਿਣ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਦਰੋਂ ਸੁਦੀ ਏਕਮ 1661 ਬਿਕਰਮੀ ਵਾਲੇ ਦਿਨ ਜਦ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤਾਂ ਉਸ ਵਕਤ ਜਾਤ ਅਭਿਮਾਨੀਆਂ ਨੂੰ ਛੱਡ ਕੇ ਮਨ ਨੀਵਾਂ ਤੇ ਨਿਰਹੰਕਾਰ ਸੇਵਾ ਨਿਭਾਉਣ ਦੀ ਯੋਗਤਾ ਨੂੰ ਮੁੱਖ ਰੱਖਦਿਆਂ ਬਾਬਾ ਬੁੱਢਾ ਜੀ ਨੂੰ ਪ੍ਰਮੁੱਖ ਗ੍ਰੰਥੀ ਵਜੋਂ ਸਥਾਪਿਤ ਕੀਤਾ ਗਿਆ, ਇੰਜ ਇਸ ਪਰਮ ਪਵਿੱਤਰ ਸੇਵਾ ਲਈ ਗ੍ਰੰਥੀ ਦੀ ਪਦਵੀ ਦੀ ਪ੍ਰਥਾ ਦੀ ਆਰੰਭਤਾ ਦੇ ਨਾਲ ਨਾਲ ਯੋਗ ਉਮੀਦਵਾਰ ਪ੍ਰਤੀ ਮਾਪਦੰਡ ਵੀ ਦ੍ਰਿਸ਼ਟੀਗੋਚਰ ਹੋਇਆ। ਸ੍ਰੀ ਦਸਮੇਸ਼ ਪਿਤਾ ਦੇ ਹੁਕਮਾਂ ’ਤੇ ਭਾਈ ਮਨੀ ਸਿੰਘ ਜੀ ਸ਼ਹੀਦ ਨੇ ਵੀ ਸੇਵਾ ਨਿਭਾਉਂਦਿਆਂ ਇਸ ਇਸ ਮਹਾਨ ਪਦਵੀ ਦੀ ਸੋਭਾ ਵਧਾਈ।
ਵਰਤਮਾਨ ਸਮੇਂ ਇਸ ਮਹਾਨ ਪਦਵੀ ’ਤੇ ਨਿਯੁਕਤੀ ਦੇ ਨਿਯਮ ਅਤੇ ਇਸ ਪਦਵੀ ਲਈ ਯੋਗ ਗੁਰਸਿੱਖਾਂ ਦੀ ਚੋਣ ਗੰਭੀਰ ਚਿੰਤਨ ਦਾ ਵਿਸ਼ਾ ਹੈ। ਸ਼੍ਰੋਮਣੀ ਕਮੇਟੀ ਦੀ ਸਥਾਪਤੀ ਨਾਲ ਇਸ ਪਦਵੀ ’ਤੇ ਨਿਯੁਕਤੀ ਲਈ ਸਹੀ ਚੋਣ ਦਾ ਜਿਮਾ ਵੀ ਕਮੇਟੀ ਦੇ ਹਿੱਸੇ ਆਇਆ। ਮੌਜੂਦਾ ਸਮੇਂ ਤ੍ਰਾਸਦੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਗ੍ਰੰਥੀ ਸਿੰਘਾਂ ਦੀ ਚੋਣ ਪ੍ਰਣਾਲੀ ਇਕ ਆਮ ਅਤੇ ਪ੍ਰਬੰਧਕੀ ਚੋਣ ਬਣਾ ਦਿੱਤੀ ਗਈ ਹੈ। ਜਿਵੇਂ ਇਕ ਮਹਾਨ ਪਦਵੀ ਲਈ ਨਾ ਹੋਕੇ ਪ੍ਰਬੰਧਕੀ ਖਾਨਾ ਪੂਰਤੀ ਲਈ ਹੋਵੇ। ਨਵੇਂ ਗ੍ਰੰਥੀ ਸਿੰਘਾਂ ਦੀ ਚੋਣ ਲਈ ਸ਼੍ਰੋਮਣੀ ਕਮੇਟੀ ਆਪਣੇ ਹੀ ਪ੍ਰਬੰਧਕੀ ਦਾਇਰੇ ਨੂੰ ਪੱਤਰ ਲਿਖਦਾ ਹੈ, ਅੱਗੋਂ ਪ੍ਰਬੰਧਕੀ ਇੰਚਾਰਜ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਪ੍ਰਚਾਰਕਾਂ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਅਤੇ ਸ੍ਰੀ ਹਰਿੰਦਰ ਸਾਹਿਬ ਦੇ ਮੈਨੇਜਰ ਦੀ ਤਰਫ਼ੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਨਾਲ ਸਬੰਧਿਤ ਗੁਰਦੁਆਰਿਆਂ ਦੇ ਸਮੂਹ ਨਿਗਰਾਨ / ਗ੍ਰੰਥੀ ਸਾਹਿਬਾਨ ਨੂੰ ਸਰਕੁਲਰ ਜਾਰੀ ਕਰਦਿਆਂ ਉਕਤ ਅਸਾਮੀ ਲਈ ਦਰਖਾਸਤਾਂ ਮੰਗੀਆਂ ਜਾਂਦੀ ਹਨ। ਜਿਸ ਵਿਚ ਸਾਫ਼ ਲਿਖਿਆ ਜਾਂਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਲਈ ਗ੍ਰੰਥੀ ਸਿੰਘਾਂ ਦੀ ਜ਼ਰੂਰਤ ਹੈ। ਪ੍ਰਚਾਰਕ, ਪੰਜ ਪਿਆਰੇ ਸਾਹਿਬਾਨ ਜਿਨ੍ਹਾਂ ਦੀ ਸਰਵਿਸ / ਤਜਰਬਾ 10 ਸਾਲ ਤੋਂ ਵਧ ਅਤੇ ਉਮਰ ਮਿਥੇ ਤਰੀਕੇ ਤਕ 40 ਸਾਲ ਤੋਂ ਵਧ ਹੋਵੇ, ਦਰਸ਼ਨੀ ਗੁਰਸਿੱਖ ਵਿਦਵਾਨ ਵਿਆਖਿਆਕਾਰ, ਸ਼ੁੱਧ ਉਚਾਰਨ ਸੁਰੀਲੀ ਅਵਾਜ਼ ਵਾਲੇ ਹੋਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਸਮਰਪਿਤ ਹੋਣ , ਸੇਵਾ ਨਿਭਾਉਣ ਦੇ ਚਾਹਵਾਨ ਦਰਖਾਸਤਾਂ ਦਫ਼ਤਰ ਨੂੰ ਭੇਜੀਆਂ ਜਾਣ।
ਜਦ ਕਿ ਗੁਰਧਾਮਾਂ ਨੂੰ ਮਨਮਤੀ ਮਸੰਦਾਂ ਤੋਂ ਅਜ਼ਾਦ ਕਰਾਉਣ ਦੇ ਸੰਘਰਸ਼ ਦੌਰਾਨ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਆਗੂ ਪ੍ਰਬੰਧਕਾਂ ਨੂੰ ਸ਼ੁਰੂਆਤੀ ਦੌਰ ’ਚ ਸਿੱਖੀ ਸਿਧਾਂਤ ਅਤੇ ਰਵਾਇਤਾਂ ਨੂੰ ਅੱਗੇ ਤੋਰਨ ਦੀ ਚਿੰਤਾ ਸੀ, ਇਹੀ ਕਾਰਨ ਹੈ ਕਿ ਉਨ੍ਹਾਂ ਅਤੀਤ ਤੇ ਵਰਤਮਾਨ ’ਚ ਕਾਰਜਸ਼ੀਲ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੀ ਭੂਮਿਕਾ ਅਤੇ ਸਤਿਕਾਰ ਨੂੰ ਕਦੀ ਅੱਖੋਂ ਪਰੋਖੇ ਨਹੀਂ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘਾਂ ਦੀ ਕੌਮ ’ਚ ਅਹਿਮੀਅਤ ਨੂੰ ਜਾਣਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਲਈ ਸਮੂਹ ਸਿੱਖ ਸੰਪਰਦਾਵਾਂ, ਸਿੱਖ ਸਭਾ ਸੁਸਾਇਟੀਆਂ, ਗੁ: ਕਮੇਟੀਆਂ ਸਿੰਘ ਸਭਾਵਾਂ ਅਤੇ ਅਕਾਲੀ ਜਥਿਆਂ ਤੋਂ ਰਾਏ ਅਤੇ ਸਿਫ਼ਾਰਸ਼ਾਂ ਮੰਗੀਆਂ ਜਾਂਦੀਆਂ ਰਹੀਆਂ। ਇੱਥੇ ਜੁਲਾਈ, 1980 ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਗਿਆਨੀ ਭਰਪੂਰ ਸਿੰਘ ਜੀ ਵੱਲੋਂ ਨਵੇਂ ਗ੍ਰੰਥੀ ਸਿੰਘਾਂ ਦੀ ਚੋਣ ਲਈ ਸਿੱਖ ਸੰਪਰਦਾਵਾਂ – ਜਥੇਬੰਦੀਆਂ ਨੂੰ ਭੇਜੀ ਗਈ ਚਿੱਠੀ ਦਾ ਹਵਾਲਾ ਦੇਣਾ ਕੁਥਾਂ ਨਹੀਂ ਹੋਵੇਗਾ। ਉਹ ਲਿਖਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਲਈ ਗ੍ਰੰਥੀ ਸਿੰਘਾਂ ਦੀ ਲੋੜ ਹੈ, ਆਪ ਜੀ ਆਪਣਾ ਉਚੇਚਾ ਧਿਆਨ ਅਤੇ ਸਮਾਂ ਇਸ ਜ਼ਰੂਰੀ ਕਾਰਜ ਲਈ ਦਿੰਦੇ ਹੋਏ ਸ਼ੀਘਰ ਹੀ ਹੇਠ ਲਿਖੇ ਯੋਗਤਾ ਵਾਲੇ ਸੁਯੋਗ ਸੱਜਣਾਂ ਦੇ ਨਾਮਾਂ ਦੀ ਸਿਫ਼ਾਰਸ਼ ਭੇਜਣ ਦੀ ਕਿਰਪਾਲਤਾ ਕਰਨੀ। ਉਮੀਦਵਾਰ ਦਰਸ਼ਨੀ ਦੀਦਾਰੀ ਹੋਣ। ਚੰਗੇ ਜੀਵਨ ਵਾਲੇ ਗੁਰਮਤਿ ਦੇ ਧਾਰਨੀ , ਤਿਆਰ ਭਰ ਤਿਆਰ ਤੇ ਵਿਦਵਾਨ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸ੍ਰੀ ਨਾਨਕ ਪ੍ਰਕਾਸ਼ ਅਤੇ ਪੰਥ ਪ੍ਰਕਾਸ਼ ਆਦਿ ਗ੍ਰੰਥਾਂ ਦੀ ਪ੍ਰਭਾਵਸ਼ਾਲੀ ਕਥਾ ਕਰ ਸਕਦੇ ਹੋਣ ਜਿਸ ਨੂੰ ਸਰਵਣ ਕਰਕੇ ਸੰਗਤਾਂ ਭਲੀ ਪ੍ਰਕਾਰ ਪ੍ਰਭਾਵਿਤ ਹੋ ਸਕਣ। ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿੱਤ ਸਵੱਯਾਂ ਦੀ ਕਥਾ ਕਰ ਸਕਦੇ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਿਖਤੀ ਬੀੜਾਂ ਤੋਂ ਸੁੱਧ ਪਾਠ ਕਰ ਸਕਦੇ ਹੋਣ। ਹੁਕਮਨਾਮਾ ਉੱਚੀ ਅਤੇ ਮਧੁਰ ਸੁਰ ’ਚ ਲੈ ਸਕਦੇ ਹੋਣ। ਉਮਰ 35 ਤੋਂ ਉੱਪਰ ਤੇ 50 ਤੋਂ ਘਟ ਹੋਵੇ। ਪ੍ਰਭਾਵਸ਼ਾਲੀ ਲੈਕਚਰ ਦੇ ਸਕਦੇ ਹੋਣ ਅਤੇ ਸੰਗਤਾਂ ਪ੍ਰਭਾਵਿਤ ਹੋ ਸਕਣ। ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚੌਕੜੀ ਮਾਰ ਕੇ ਤਾਬਿਆ ਬੈਠਣ ਦੀ ਡਿਊਟੀ ਪੂਰੀ ਤਰਾਂ ਨਿਭਾਉਣ ਦੇ ਯੋਗ ਹੋਣ।
ਮੌਜੂਦਾ ਅਤੇ ਪੁਰਾਤਨ ਸਰਕੁਲਰਾਂ ਨੂੰ ਧਿਆਨ ਨਾਲ ਘੋਖ ਦੇ ਹਾਂ ਤਾਂ ਸਪਸ਼ਟ ਹੈ ਕਿ ਮੌਜੂਦਾ ਸਰਕੁਲਰਾਂ ’ਚ ਸਿੱਖ ਸੰਪਰਦਾਵਾਂ ਜਥੇਬੰਦੀਆਂ ਦੀ ਭੂਮਿਕਾ ਨੂੰ ਪੂਰੀ ਤਰਾਂ ਮਨਫ਼ੀ ਕਰ ਦਿੱਤਾ ਗਿਆ। ਉੱਥੇ ਹੀ ਉਮੀਦਵਾਰ ਦੀ ਯੋਗਤਾ ’ਚ ਪ੍ਰਚਾਰਕ ਅਤੇ ਪੰਜ ਪਿਆਰੇ ਸਾਹਿਬਾਨ ਜਿਨ੍ਹਾਂ ਦੀ ਸਰਵਿਸ/ ਤਜਰਬਾ 10 ਸਾਲ ਦਾ ਹੋਵੇ ਉਹ ਦਰਖਾਸਤ ਦੇ ਸਕਦਾ ਹੈ। ਜਦ ਕਿ ਪੁਰਾਤਨ ਸਰਕੂਲੇਸ਼ਨ ’ਚ ਸਿੱਖ ਸੰਪਰਦਾਵਾਂ ਜਥੇਬੰਦੀਆਂ ਤੋਂ ਇਸ ਗਲ ਦੀ ਵਿਸ਼ੇਸ਼ ਮੰਗ ਕਰਦੀ ਸੀ ਕਿ ਉਹ ਉਨ੍ਹਾਂ ਉਮੀਦਵਾਰਾਂ ਦੀ ਸਿਫ਼ਾਰਸ਼ ਭੇਜਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਿਖਤੀ ਬੀੜਾਂ ਤੋਂ ਸੁੱਧ ਪਾਠ ਕਰ ਸਕਦੇ ਹੋਣ। ਹੁਕਮਨਾਮਾ ਉੱਚੀ ਅਤੇ ਮਧੁਰ ਸੁਰ ’ਚ ਲੈ ਸਕਦੇ ਹੋਣ। ਉਹ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸ੍ਰੀ ਨਾਨਕ ਪ੍ਰਕਾਸ਼, ਪੰਥ ਪ੍ਰਕਾਸ਼ ਆਦਿ ਗ੍ਰੰਥਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿੱਤ ਸਵੱਯਾਂ ਦੀ ਪ੍ਰਭਾਵਸ਼ਾਲੀ ਕਥਾ ਕਰ ਸਕਦੇ ਹੋਣ ਅਤੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚੌਕੜੀ ਮਾਰ ਕੇ ਤਾਬਿਆ ਬੈਠਣ ਦੀ ਡਿਊਟੀ ਪੂਰੀ ਤਰਾਂ ਨਿਭਾਉਣ ਦੇ ਯੋਗ ਹੋਣ ਦੀ ਸ਼ਰਤ ਵੀ ਲਾਗੂ ਸੀ।
ਸਾਫ਼ ਹੈ ਕਿ ਪੁਰਾਤਨ ਸਰਕੂਲੇਸ਼ਨ ’ਚ ਉਮੀਦਵਾਰ ਦਾ ਕਿਰਦਾਰ, ਰਹਿਣੀ ਸਹਿਣੀ, ਉਸ ਦਾ ਸਿੱਖੀ, ਦਸਮ ਗ੍ਰੰਥ ਅਤੇ ਸਿੱਖੀ ਦੇ ਪੁਰਾਤਨ ਗ੍ਰੰਥਾਂ ਪ੍ਰਤੀ ਵਿਸ਼ਵਾਸ ਨੂੰ ਮੁੱਖ ਰੱਖਿਆ ਗਿਆ ਸੀ। ਕਿਸੇ ਕੋਲ 10 ਸਾਲ ਦਾ ਤਜਰਬਾ ਹੋਣਾ ਚੰਗੀ ਗਲ ਹੈ ਪਰ ਇਕ ਵਿਅਕਤੀ ’ਚ ਉਕਤ ਸਾਰੇ ਗੁਣਾਂ ਦੀ ਪਰਖ ਪੜਚੋਲ ਲਈ ਸੰਪਰਦਾਵਾਂ ਜਥੇਬੰਦੀਆਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸੀ। ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਕਾਸ਼ਿਤ ਪੁਸਤਕ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ’ਚ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਸ੍ਰੀ ਹਰਮਿੰਦਰ ਸਾਹਿਬ ਲਈ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਬਾਰੇ ਆਪਣੇ ਤਜਰਬੇ ਨਾਲ ਲਿਖਦੇ ਹਨ ਕਿ ਗ੍ਰੰਥੀ ਸਿੰਘ ਸ਼ਬਦ ਗੁਰੂ ਦਾ ਉਪਾਸ਼ਕ ਹੋਵੇ, ਸਿੱਖ ਇਤਿਹਾਸ ਅਤੇ ਗੁਰਮਤਿ ਰਹੁ ਰੀਤਾਂ ਦਾ ਧਾਰਨੀ ਜਿਸ ਨੇ ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਹੋਇਆ ਹੋਵੇ, ਉਸ ਦੀ ਹਰ ਗਲ ਹਰ ਹਰਕਤ ਵਿਚ ਰੂਹਾਨੀ ਰਸ ਅਤੇ ਆਪਾ ਗਵਾ ਕੇ ਲੋਕਾਈ ਦੇ ਭਲੇ ਦੀਆਂ ਭਾਵਨਾਵਾਂ ਤੋਂ ਦਰਸ਼ਕ ਚੰਗਾ ਪ੍ਰਭਾਵ ਗ੍ਰਹਿਣ ਕਰਨ। ਅੰਮ੍ਰਿਤਧਾਰੀ ਪੰਜ ਕਕਾਰਾਂ ਦਾ ਧਾਰਨੀ, ਕੁਰਹਿਤਾਂ ਤੋਂ ਬਚਿਆ ਹੋਵੇ, ਤਿਆਰ ਭਰ ਤਿਆਰ ਖ਼ਾਲਸਾ, ਘੱਟੋ ਘਟ ਪੰਜ ਬਾਣੀਆਂ, ਰਹਿਰਾਸ ਤੇ ਸੋਹਿਲੇ ਦਾ ਨਿੱਤਨੇਮੀ ਹੋਵੇ, ਆਚਰਨ ਦੀ ਪਵਿੱਤਰਤਾ, ਸੇਵਾ ਭਾਵ, ਤਿਆਗ ਬਿਰਤੀ ਨਿਮਰਤਾ ਅਤੇ ਵੀਰਤਾ ਆਦਿ ਦੈਵੀ ਗੁਣਾਂ ਦਾ ਮਾਲਕ ਹੋਵੇ। ਦੁਨਿਆਵੀ ਗਿਆਨ ਵਿਗਿਆਨ ’ਚ ਰੁਚੀ ਪਰ ਰੂਹਾਨੀ ਸਾਹਿਤ ਅਤੇ ਪੰਥਕ ਮਸਲਿਆਂ ਵਲ ਵਿਸ਼ੇਸ਼ ਦਿਲਚਸਪੀ ਹੋਵੇ।
ਸੋ ਸਪਸ਼ਟ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਲਈ ਨਵੇਂ ਗ੍ਰੰਥੀ ਸਿੰਘਾਂ ਦੀ ਚੋਣ ਮਹਿਜ਼ ਖਾਨਾ ਪੂਰਤੀ ਦਾ ਮਾਮਲਾ ਨਹੀਂ ਹੈ। ਇਸ ਮਹਾਨ ਤੇ ਅਹਿਮ ਪਦਵੀ ਲਈ ਚੋਣ ਸਿਆਸੀ ਪ੍ਰਭਾਵ ਹੇਠ ਨਾ ਹੋ ਕੇ ਕੌਮ ਦੀਆਂ ਭਾਵਨਾਵਾਂ ਤੇ ਰਵਾਇਤਾਂ ਦਾ ਖ਼ਿਆਲ ਰੱਖਿਆ ਜਾਣਾ ਜ਼ਰੂਰੀ ਹੈ। ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨੀਂ ਗ੍ਰੰਥੀ ਸਿੰਘਾਂ ਦੀ ਚੋਣ ਲਈ ਸਿਆਸੀ ਪ੍ਰਭਾਵ ਨੂੰ ਕਬੂਲਣ ਤੋਂ ਇਨਕਾਰ ਕੀਤਾ ਹੈ । ਪਰ ਦੇਖਣਾ ਇਹ ਕਿ ਉਹ ਭਵਿੱਖ ’ਚ ਪੰਥਕ ਰਵਾਇਤਾਂ ਪਰੰਪਰਾਵਾਂ ’ਤੇ ਪਹਿਰਾ ਦੇਣ ’ਚ ਕਿੰਨੀ ਸਸ਼ਮ – ਸਮਰੱਥ ਹੋਵੇਗੀ।