ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ‘ਬਲੈਕ ਲਾਈਵਜ਼ ਮੈਟਰ’ ਦੀ ਇੱਕ ਸਰਗਰਮ ਮੈਂਬਰ ਸਾਸ਼ਾ ਜੌਹਨਸਨ ਨੂੰ ਦੱਖਣੀ ਲੰਡਨ ‘ਚ ਸਿਰ ਵਿੱਚ ਗੋਲੀ ਮਾਰੀ ਗਈ ਹੈ, ਜਿਸ ਕਰਕੇ ਉਹ ਗੰਭੀਰ ਜਖਮੀ ਹੋ ਗਈ ਹੈ ਅਤੇ ਹਸਪਤਾਲ ਵਿੱਚ ਦਾਖਲ ਹੈ। ਉਸ ਦੇ ਜਖਮੀ ਹੋਣ ਦਾ ਐਲਾਨ ਉਸ ਨਾਲ ਸੰਬੰਧਿਤ ਸਮੂਹ ‘ਟੇਕਿੰਗ ਦ ਇਨੀਸ਼ਿਏਟਿਵ ਪਾਰਟੀ’ ਨੇ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਇਸ ਸਮੂਹ ਦੇ ਫੇਸਬੁੱਕ ਪੇਜ ਅਨੁਸਾਰ ਇਹ ਘਟਨਾ ਐਤਵਾਰ ਦੀ ਸਵੇਰ ਹੋਈ ਹੈ ਅਤੇ ਇਸ ਤੋਂ ਪਹਿਲਾਂ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਸਾਸ਼ਾ ਨੇ ਕਾਲੇ ਮੂਲ ਦੇ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਇਸਦੇ ਇਲਾਵਾ ਉਹ ਬੀ ਐਲ ਐਮ ਅਤੇ ‘ਟੇਕਿੰਗ ਦ ਇਨੀਸ਼ਿਏਟਿਵ ਪਾਰਟੀ’ ਦੀ ਸਰਗਰਮ ਮੈਂਬਰ ਵੀ ਹੈ। ਪਿਛਲੇ ਸਾਲ ਦੇ ਬੀ ਐਲ ਐਮ ਦੇ ਵਿਰੋਧ ਪ੍ਰਦਰਸ਼ਨਾਂ ਦੇ ਦੇਸ਼ ਭਰ ਵਿੱਚ ਫੈਲਣ ਤੋਂ ਬਾਅਦ, ਇਸਦੇ ਮਾਰਚਾਂ ਦਾ ਆਯੋਜਨ ਕਰਨ ਅਤੇ ਭੀੜ ਨੂੰ ਸੰਬੋਧਿਤ ਕਰਨ ਵਿੱਚ ਸਹਾਇਤਾ ਦੇ ਬਾਅਦ ਉਸਨੇ ਪ੍ਰਸਿੱਧੀ ਪ੍ਰਾਪਤ ਹੋਈ ਕੀਤੀ ਅਤੇ ਉਹ ਸਮਾਜ ਵਿਚ ਬੇਇਨਸਾਫ਼ੀ ਦੇ ਖਾਤਮੇ ਲਈ ਸਰਗਰਮੀ ਨਾਲ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਹੈ। ਜੌਹਨਸਨ ਨੇ ਕਮਿਊਨਿਟੀ ਸਹਾਇਤਾ ਵਿੱਚ ਵੀ ਕੰਮ ਕੀਤਾ ਹੈ ਅਤੇ ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿੱਚੋਂ ਸਮਾਜਿਕ ਦੇਖਭਾਲ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ। ਇਸ ਮਾਮਲੇ ਵਿੱਚ ਮੈਟਰੋਪੋਲੀਟਨ ਪੁਲਿਸ ਨੇ ਗਵਾਹਾਂ ਲਈ ਅਪੀਲ ਜਾਰੀ ਕੀਤੀ ਹੈ। ਪੁਲਿਸ ਅਨੁਸਾਰ ਅਧਿਕਾਰੀਆਂ ਨੇ ਦੱਖਣ-ਪੂਰਬੀ ਲੰਡਨ ਦੇ ਪੈਕਹੇਮ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲਣ ਦੇ ਬਾਅਦ ਉਸਨੂੰ ਜਖਮੀ ਪਾਇਆ। ਇਹ ਮੰਨਿਆ ਜਾਂਦਾ ਹੈ ਕਿ ਗੋਲੀਬਾਰੀ ਉਸ ਘਰ ਦੇ ਆਸ ਪਾਸ ਹੋਈ ਹੈ, ਜਿੱਥੇ ਇੱਕ ਪਾਰਟੀ ਚੱਲ ਰਹੀ ਸੀ। ਪੁਲਿਸ ਦੁਆਰਾ ਇਸ ਘਟਨਾ ਦੀ ਜਾਂਚ ਜਾਰੀ ਹੈ ਜਦਕਿ ਇਸ ਸੰਬੰਧੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਯੂਕੇ: ‘ਬਲੈਕ ਲਾਈਵਜ਼ ਮੈਟਰ’ ਦੀ ਕਾਰਕੁੰਨ ਸਾਸ਼ਾ ਜੌਹਨਸਨ ਸਿਰ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜਖਮੀ
This entry was posted in ਅੰਤਰਰਾਸ਼ਟਰੀ.