ਸਿੱਖਿਆ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਡਾ. ਜੇ.ਐਸ. ਧਾਲੀਵਾਲ, ਸ. ਚਰਨਜੀਤ ਸਿੰਘ ਵਾਲੀਆ ਅਤੇ ਪ੍ਰੋ. ਅਵਤਾਰ ਸਿੰਘ ਜੀ ਦੇ ਦੇਹਾਂਤ ਨਾਲ ਸਮੁੱਚੇ ਸਿੱਖਿਅਕ ਭਾਈਚਾਰੇ ’ਚ ਸਦਮੇ ਅਤੇ ਸੋਗ ਦੀ ਲਹਿਰ ਹੈ। ਉਚੇਰੀ ਸਿੱਖਿਆ ਦੇ ਖੇਤਰ ’ਚ ਪਾਏ ਬੇਮਿਸਾਲ ਯੋਗਦਾਨਾਂ ਅਤੇ ਅਣਥੱਕ ਸੇਵਾਵਾਂ ਨੂੰ ਸਨਮਾਨ ਦੇਣ ਲਈ ਜੁਆਇੰਟ ਐਸੋਸੀਏਸ਼ਨ ਆਫ਼ ਕਾਲਿਜਜ਼ ਵੱਲੋਂ ਇਨ੍ਹਾਂ ਮਰਹੂਮ ਸਖ਼ਸ਼ੀਅਤਾਂ ਨੂੰ ਮਰਨ ਉਪਰੰਤ ‘ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਜੁਆਇੰਟ ਐਸੋਸੀਏਸ਼ਨ ਆਫ਼ ਕਾਲਿਜਜ਼ ਦੇ ਨੁਮਾਇੰਦਿਆਂ ਵੱਲੋਂ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਮੌਕੇ ਸਿੱਖਿਆ ਜਗਤ ਨਾਲ ਜੁੜੀਆਂ ਸ਼ਖਸ਼ੀਅਤਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਜੈਕ ਦੇ ਚੀਫ਼ ਪੈਟਰਨ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਚਾਂਸਲਰ ਡਾ. ਜੇ.ਐਸ. ਧਾਲੀਵਾਲ, ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਟਰੱਸਟ ਦੇ ਚੇਅਰਮੈਨ ਅਤੇ ਜੈਕ ਦੇ ਫ਼ਾਊਂਡਿੰਗ ਪੈਟਰਨ ਸ.ਚਰਨਜੀਤ ਸਿੰਘ ਵਾਲੀਆ ਅਤੇ ਸ਼੍ਰੀ ਸੁਖਮਨੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੇ ਸੰਸਥਾਪਕ ਅਤੇ ਪੁਟੀਆ ਦੇ ਫਾਊਡਿੰਗ ਫਾਈਨਾਂਸ ਸੈਕਟਰੀ ਪ੍ਰੋ. ਅਵਤਾਰ ਸਿੰਘ ਦਾ ਸੂਬੇ ਦੇ ਵਿਦਿਅਕ ਢਾਂਚੇ ਨੂੰ ਮਜ਼ਬੂਤ ਬਣਾਉਣ ’ਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਕਨੀਕੀ ਸਿੱਖਿਆ ਦੇ ਖੇਤਰ ’ਚ ਪ੍ਰਫੁੱਲਿਤ ਕਰਨ ’ਚ ਇਨ੍ਹਾਂ ਮਰਹੂਮ ਸਖ਼ਸ਼ੀਅਤਾਂ ਦੀ ਸਖ਼ਤ ਮੁਸ਼ੱਕਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸ. ਸੰਧੂ ਨੇ ਕਿਹਾ ਕਿ ਇਨ੍ਹਾਂ ਸਖ਼ਸ਼ੀਅਤਾਂ ਦਾ ਨਾ ਸਿਰਫ਼ ਹਮਦਰਦੀ, ਦਿਆਲਤਾ ਵਜੋਂ ਚੰਗਾ ਅਕਸ਼ ਸੀ ਬਲਕਿ ਉਨ੍ਹਾਂ ਨੇ ਪੰਜਾਬ ’ਚ ਤਕਨੀਕੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਨਿੱਜੀ ਖੇਤਰ ਦੀ ਸਥਾਪਨਾ ਕਰਨ ਸਬੰਧੀ ਆਪਣੀ ਯਾਤਰਾ ’ਚ ਅਣਸੁਖਾਵੀਂਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਵੱਲੋਂ ਰੱਖੀ ਨੀਂਹ ਦੇ ਸਿੱਟੇ ਵਜੋਂ, ਪੰਜਾਬ ’ਚ 90 ਫ਼ੀਸਦੀ ਨਿੱਜੀ ਅਦਾਰਿਆਂ ਵੱਲੋਂ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿੱਖਿਆ ਦੇ ਪੱਧਰ ਨੂੰ ਉਪਰ ਚੁੱਕਣ ’ਚ ਪਾਏ ਇਨ੍ਹਾਂ ਸਖ਼ਸ਼ੀਅਤਾਂ ਦੇ ਯੋਗਦਾਨਾਂ ਨੂੰ ਸਮਰਪਿਤ ਕਰਦਿਆਂ ਇਹ ਵਕਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਸ. ਸੰਧੂ ਨੇ ਕਿਹਾ ਕਿ ਡਾ. ਜੇ.ਐਸ ਧਾਲੀਵਾਲ ਨੇ 19 ਮਈ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਆਖਰੀ ਸੁਆਸ ਲਏ। ਉਨ੍ਹਾਂ ਕਿਹਾ ਕਿ ਡਾ. ਜੇ.ਐਸ ਧਾਲੀਵਾਲ ਦਾ ਸੂਬੇ ’ਚ ਤਕਨੀਕੀ ਸਿੱਖਿਆ ਦਾ ਮੁੱਢ ਬਨਣ ’ਚ ਅਹਿਮ ਯੋਗਦਾਨ ਰਿਹਾ ਹੈ।ਉਨ੍ਹਾਂ ਕਿਹਾ ਕਿ ਡਾ. ਧਾਲੀਵਾਲ ਨੂੰ ਪੰਜਾਬ ਵਿੱਚ ਤਕਨੀਕੀ ਸਿੱਖਿਆ ਦੇ ਮੋਢੀ ਵਜੋਂ ਹਮੇਸ਼ਾਂ ਯਾਦ ਕੀਤਾ ਜਾਵੇਗਾ, ਉਨ੍ਹਾਂ ਵੱਲੋਂ ਉਨ੍ਹਾਂ ਸਮਿਆਂ ’ਚ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਸ਼ੁਰੂਆਤ ਕਰਕੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦਾ ਨਿਰਮਾਣ ਕਰਨ ਲਈ ਪ੍ਰੇਰਿਆ ਗਿਆ, ਜਦੋਂ ਸ਼ਾਇਦ ਹੀ ਕੋਈ ਇਸ ਦੀ ਮਹੱਤਤਾ ਬਾਰੇ ਜਾਣਦਾ ਸੀ।ਪੁਟੀਆ ਦੇ ਫਾਊਂਡਰ ਪ੍ਰੈਜੀਡੈਂਟ ਵਜੋਂ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਵੱਲੋਂ ਸੂਬੇ ਦੇ ਕਾਲਜਾਂ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦਾ ਰਾਹ ਵਿਖਾਉਣ ’ਚ ਯੋਗਦਾਨ ਪਾਇਆ ਗਿਆ।ਉਨ੍ਹਾਂ ਨੇ ਦੇਸ਼-ਵਿਦੇਸ਼ ’ਚ ਇੰਜੀਨੀਅਰਿੰਗ, ਮੈਡੀਕਲ, ਕਮਰਸ ਅਤੇ ਐਜੂਕੇਸ਼ਨ ਖੇਤਰਾਂ ਨਾਲ ਸਬੰਧਿਤ ਸੈਕੜੇ ਕਾਲਜਾਂ ’ਚ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਵਰਲਡ ਕਲਾਸ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਸੂਬੇ ’ਚ ਪ੍ਰਾਈਵੇਟ ਯੂਨੀਵਰਸਿਟੀ ਦੀ ਸਥਾਪਨਾ ਕੀਤੀ।ਉਨ੍ਹਾਂ ਕਿਹਾ ਕਿ ਸਵੈ-ਰੋਜ਼ਗਾਰੀਆਂ ਨੂੰ ਇੱਕ ਮੰਚ ’ਤੇ ਲਿਆਉਣ ਵਿੱਚ ਡਾ. ਧਾਲੀਵਾਲ ਵੱਲੋਂ ਨਿਭਾਈ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਵੱਲੋਂ ਪਿੰਡਾਂ ’ਚ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਕਮਿਊਨਟੀ ਪੌਲੀਟੈਕਨਿਕ ਸੰਸਥਾਵਾਂ ਖੁਲਵਾਈਆਂ ਗਈਆਂ।
ਸ.ਸੰਧੂ ਨੇ ਕਿਹਾ ਕਿ ਪ੍ਰੋ. ਅਵਾਤਾਰ ਸਿੰਘ ਦਾ ਦਿ੍ਰੜਤਾ, ਲਗਨ ਅਤੇ ਹਿੰਮਤ ਨਾਲ ਭਰਿਆ ਕੱਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।ਉਨ੍ਹਾਂ ਦਾ ਵਿੱਤੀ ਤੌਰ ’ਤੇ ਕਮਜ਼ੋਰ ਪਿਛੋਕੜ ਹੋਣ ਦਾ ਬਾਵਜੂਦ ਪੰਜਾਬ ’ਚ ਨਿੱਜੀ ਸਿੱਖਿਆ ਦੇ ਵਿਕਾਸ ਲਈ ਵਢਮੁੱਲਾ ਯੋਗਦਾਨ ਪਾਇਆ, ਜਿਨ੍ਹਾਂ ਦੀ ਜ਼ਿੰਦਗੀ ਸਾਨੂੰ ਸਖ਼ਤ ਮਿਹਨਤ ਅਤੇ ਲਗਨ ਦੀ ਮਹੱਤਤਾ ਸਿਖਾਉਂਦੀ ਹੈ।ਉਚ ਪੱਧਰੀ ਸਿੱਖਿਆ ਦੇ ਜ਼ਰੀਏ ਪੰਜਾਬ ਦੇ ਪੇਂਡੂ ਖੇਤਰਾਂ ਅਤੇ ਔਤਰਾਂ ਦੇ ਵਿਕਾਸ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਸ. ਸੰਧੂ ਨੇ ਕਿਹਾ ਕਿ ਦੋ ਹਫ਼ਤੇ ਕੋਵਿਡ ਮਹਾਂਮਾਰੀ ਨਾਲ ਜੂਝਣ ਮਗਰੋਂ ਸ. ਚਰਨਜੀਤ ਸਿੰਘ ਵਾਲੀਆ ਦਾ ਮੋਹਾਲੀ ਦੇ ਨਿੱਜੀ ਹਸਪਤਾਲ ’ਚ 10 ਮਈ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਵਾਲੀਆ ਦਾ ਸਮਾਜਿਕ ਅਤੇ ਸਿੱਖਿਆ ਦੇ ਖੇਤਰ ਤੋਂ ਇਲਾਵਾ ਫ਼ਿਲਮ ਜਗਤ ’ਚ ਵੀ ਵੱਡਾ ਯੋਗਦਾਨ ਹੈ। ਸਮਾਜ ਸੇਵੀ, ਸਿੱਖਿਆ ਸਾਸ਼ਤਰੀ ਅਤੇ ਫ਼ਿਲਮ ਨਿਰਮਾਤਾ ਵਜੋਂ ਸਮਾਜ ਦੀ ਭਲਾਈ ਲਈ ਉਨ੍ਹਾਂ ਵਲੋਂ ਕੀਤੇ ਅਨੇਕਾ ਕਾਰਜਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਜੁਆਇੰਟ ਐਸੋਸੀਏਸ਼ਨ ਆਫ਼ ਕਾਲਿਜਜ਼ ਦੀ ਮੀਟਿੰਗ ਦੌਰਾਨ ਜੈਕ ਦੇ ਪ੍ਰਧਾਨ ਜਗਜੀਤ ਸਿੰਘ, ਚੇਅਰਮੈਨ ਜੈਕ ਅਤੇ ਪੁਟੀਆ ਪ੍ਰਧਾਨ ਡਾ. ਗੁਰਮੀਤ ਸਿੰਘ ਧਾਲੀਵਾਲ, ਕੋ-ਚੇਅਰਮੈਨ ਜੈਕ ਅਤੇ ਪੁੱਕਾ ਚੇਅਰਮੈਨ ਅੰਸ਼ੂ ਕਟਾਰੀਆ, ਬੀਐਡ ਕਾਲਜਿਜ਼ ਫੈਡਰੇਸ਼ਨ ਦੇ ਪ੍ਰੈਜੀਡੈਂਟ ਮਨਜੀਤ ਸਿੰਘ, ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਰਜਿੰਦਰ ਧਨੋਆ ਅਤੇ ਆਈ.ਟੀ.ਆਈ ਕਾਲਜਿਜ਼ ਐਸੋਸੀਏਸ਼ਨ ਸੁਖਮੰਦਰ ਸਿੰਘ ਚੱਠਾ ਉਚੇਚੇ ਤੌਰ ’ਤੇ ਹਾਜ਼ਰ ਰਹੇ।