ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਈਪ੍ਰਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਬ੍ਰਿਟਿਸ਼ ਫੌਜ ਦੇ 10 ਸੈਨਿਕ ਕੋਕੀਨ ਲੈਂਦੇ ਫੜੇ ਜਾਣ ਤੋਂ ਬਾਅਦ ਫੌਜ ਵਿਚੋਂ ਬਾਹਰ ਕੱਢੇ ਜਾਣ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਬ੍ਰਿਟਿਸ਼ ਫੌਜ ਦੇ 120 ਮਿਲੀਅਨ ਪੌਂਡ ਦੇ ਐਕਸਪੈਰੀਮੈਂਟਲ ਬੈਟਲ ਗਰੁੱਪ ਦੇ ਇਹ ਸੈਨਿਕ ਸਾਈਪ੍ਰਸ ਵਿੱਚ ਉਨ੍ਹਾਂ ਦੇ ਬੇਸ ‘ਤੇ ਹੋਏ ਡਰੱਗ ਟੈਸਟਾਂ ਵਿੱਚ ਅਸਫਲ ਰਹੇ ਹਨ। ਬੁੱਧਵਾਰ ਰਾਤ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਿਪਾਹੀ ਪਾਫੋਸ ਦੇ ਇੱਕ ਰਿਜੋਰਟ ਵਿੱਚ ਕੋਕੀਨ ਦੀ ਵਰਤੋਂ ਕਰਨ ਦੇ ਬਾਅਦ ਸੈਨਾ ਵਿੱਚੋਂ ਫਾਰਗ ਕੀਤੇ ਜਾ ਸਕਦੇ ਹਨ। ਇਹ ਰਿਜੋਰਟ ਐਪੀਸਕੋਪੀ ਗੈਰਿਸਨ ਵਿਖੇ ਸਥਿਤ ਉਨ੍ਹਾਂ ਦੇ ਬੇਸ ਤੋਂ 30 ਮੀਲ ਦੀ ਦੂਰੀ ‘ਤੇ ਹੈ।
ਇਹ ਸੈਨਿਕ ਸਵੇਰੇ ਜਲਦੀ ਰਿਜੋਰਟ ਵਿੱਚੋਂ ਆਪਣੇ ਬੇਸ ‘ਚ ਪਰਤ ਗਏ ਸਨ ਪਰ ਬਾਅਦ ਵਿੱਚ ਫੌਜ ਦੇ ਡਰੱਗ ਟੈਸਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕੋਕੀਨ ਦੀ ਜਾਂਚ ਅਪ੍ਰੈਲ ਵਿੱਚ ਕੀਤੀ ਗਈ ਸੀ, ਜਿਸ ਉਪਰੰਤ ਬੇਸ ਉੱਤੇ ਸੇਵਾ ਕਰਨ ਵਾਲੇ ਹਰੇਕ ਦੀ ਜਾਂਚ ਵੀ ਕੀਤੀ ਗਈ ਸੀ। ਇਹ ਜਾਂਚ ਸੈਨਾ ਦੇ ਬੈਟਲ ਗਰੁੱਪ ਨੂੰ ਦੋ ਮਹੀਨੇ ਪਹਿਲਾਂ ਯੌਰਕਸ਼ਾਇਰ ਰੈਜੀਮੈਂਟ (2 ਯੌਰਕਸ) ਦੀ ਦੂਜੀ ਬਟਾਲੀਅਨ ਨੂੰ ਸੌਂਪੇ ਜਾਣ ਦੇ ਬਾਅਦ ਹੋਈ ਹੈ। ਇਹ ਨਵਾਂ ਬੈਟਲ ਗਰੱਪ ਟੈਕਨਾਲੌਜੀ ਅਤੇ ਨਵੀਂ ਤਕਨੀਕ ਦੇ ਅਭਿਆਸਾਂ ਲਈ ਲਈ ਤਿਆਰ ਕੀਤਾ ਗਿਆ ਸੀ।ਇਹ ਸੈਨਿਕ ਸਮੂਹ ਦਸੰਬਰ 2020 ਵਿੱਚ ਦੋ ਸਾਲਾਂ ਦੀ ਡਿਊਟੀ ਲਈ ਸਾਈਪ੍ਰਸ ਭੇਜਿਆ ਗਿਆ ਸੀ। ਇਸ ਮਾਮਲੇ ਵਿੱਚ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਅਨੁਸਾਰ ਫੌਜ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਕਰਕੇ ਇਹਨਾਂ ਸੈਨਿਕਾਂ ਨੂੰ ਕੱਢਿਆ ਜਾ ਰਿਹਾ ਹੈ।