ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ । ਜਿਸਦੀ ਜ਼ਿੰਮੇਵਾਰੀ ਗੁਰੂਘਰਾਂ ਦੇ ਪ੍ਰਬੰਧ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸਿੱਖ ਧਰਮ ਅਤੇ ਕੌਮ ਦਾ ਸੰਸਾਰ ਪੱਧਰ ਤੇ ਪ੍ਰਚਾਰ ਕਰਨਾ ਹੈ । ਇਹ ਸੰਸਥਾਂ ਅੰਗਰੇਜ਼ਾਂ ਸਮੇਂ ਬਣੇ 1925 ਦੇ ਐਕਟ ਦੇ ਅਧੀਨ ਸਿੱਖਾਂ ਦੀਆਂ ਵੋਟਾਂ ਅਨੁਸਾਰ ਚੁਣੀ ਜਾਂਦੀ ਹੈ । ਇਸਦੀ ਕਾਨੂੰਨੀ ਮਿਆਦ 5 ਸਾਲ ਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਰਵਾਇਤੀ ਅਕਾਲੀਆ, ਬਾਦਲ ਦਲੀਆ ਜਿਨ੍ਹਾਂ ਦੀ ਸਾਂਝ ਇੰਡੀਆ ਦੀਆਂ ਮੁਤੱਸਵੀ ਤੇ ਹਿੰਦੂਤਵ ਜਮਾਤਾਂ ਬੀਜੇਪੀ-ਆਰ.ਐਸ.ਐਸ. ਤੇ ਕਾਂਗਰਸ ਨਾਲ ਹੈ, ਉਹ ਇਸ ਕੌਮੀ ਮਹਾਨ ਸੰਸਥਾਂ ਉਤੇ ਆਪਣੇ ਗੈਰ-ਕਾਨੂੰਨੀ ਅਤੇ ਗੈਰ-ਇਖਲਾਕੀ ਕਬਜੇ ਨੂੰ ਨਿਰੰਤਰ ਚੱਲਦਾ ਰੱਖਣ ਲਈ ਉਪਰੋਕਤ ਜਮਾਤਾਂ ਦੇ ਸਹਿਯੋਗ ਨਾਲ ਬੀਤੇ 10 ਸਾਲਾ ਤੋਂ ਇਸ ਮਹਾਨ ਸੰਸਥਾਂ ਦੀ ਕਾਨੂੰਨੀ ਚੋਣ ਨਹੀਂ ਕਰਵਾ ਰਹੇ । ਇਹ ਸੰਸਥਾਂ ਹੁਣ ਲੇਮਡੱਕ ਵਿਚ ਜਾ ਚੁੱਕੀ ਹੈ । ਜਿਸਨੂੰ ਸਿੱਖ ਕੌਮ ਨਾਲ ਸੰਬੰਧਤ ਜਾਂ ਐਸ.ਜੀ.ਪੀ.ਸੀ. ਦੇ ਅਹਿਮ ਮੁੱਦਿਆ ਨਾਲ ਸੰਬੰਧਤ ਫੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ । ਜੋ ਐਸ.ਜੀ.ਪੀ.ਸੀ. ਨੇ ਸਿੱਖ ਇਤਿਹਾਸ ਨਾਲ ਸੰਬੰਧਤ ਗੁਰੂਘਰ ਦੇ ਭਗਤਾਂ ਦੀਆਂ ਡਾਕੂਮੈਟਰੀ ਫ਼ਿਲਮਾਂ ਬਣਾਉਣ ਦੀ ਗੱਲ ਕੀਤੀ ਹੈ, ਇਹ ਸਿੱਖ ਕੌਮ ਦੇ ਵੱਡਮੁੱਲੇ ਇਤਿਹਾਸ, ਰਵਾਇਤਾ, ਅਸੂਲਾਂ, ਨਿਯਮਾਂ ਦਾ ਅਤਿ ਮਹੱਤਵਪੂਰਨ ਮੁੱਦਾ ਹੈ । ਜਿਸ ਉਤੇ ਮੌਜੂਦਾ ਗੈਰ-ਕਾਨੂੰਨੀ ਤੌਰ ਤੇ ਕਾਬਜ ਚੱਲਦੇ ਆ ਰਹੇ ਐਸ.ਜੀ.ਪੀ.ਸੀ. ਦੇ ਪ੍ਰਧਾਨ, ਅਗਜੈਕਟਿਵ ਅਤੇ ਮੈਂਬਰ ਫੈਸਲਾ ਲੈਣ ਦਾ ਕੋਈ ਵੀ ਕਾਨੂੰਨੀ, ਇਖਲਾਕੀ ਅਤੇ ਧਰਮੀ ਅਧਿਕਾਰ ਹੀ ਨਹੀਂ ਰੱਖਦੇ । ਫਿਰ ਅਜਿਹੇ ਕੌਮ ਨੂੰ ਨਜ਼ਰ ਅੰਦਾਜ ਕਰਕੇ ਫੈਸਲੇ ਕਿਉਂ ਕੀਤੇ ਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਐਸ.ਜੀ.ਪੀ.ਸੀ. ਅਤੇ ਹੋਰ ਕਈ ਬੁੱਧੀਜੀਵੀਆਂ ਵੱਲੋਂ ਸਿੱਖ ਕੌਮ ਦੇ ਇਤਿਹਾਸ ਨਾਲ ਸੰਬੰਧਤ ਅਨਿਨ ਭਗਤਾਂ ਉਤੇ ਡਾਕੂਮੈਟਰੀ ਫ਼ਿਲਮਾਂ ਬਣਾਉਣ ਦੇ ਕੀਤੇ ਗਏ ਐਲਾਨ ਉਤੇ ਸਖ਼ਤ ਨੋਟਿਸ ਲੈਦੇ ਹੋਏ ਅਤੇ ਲੇਮਡੱਕ ਵਿਚ ਜਾ ਚੁੱਕੀ ਐਸ.ਜੀ.ਪੀ.ਸੀ. ਨੂੰ ਅਜਿਹੇ ਅਧਿਕਾਰ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੌਜੂਦਾ ਐਸ.ਜੀ.ਪੀ.ਸੀ. ਉਤੇ ਕਾਬਜ ਬਾਦਲ ਦਲੀਆ ਵੱਲੋਂ ਇਸ ਸੰਸਥਾਂ ਦੇ ਕੌਮਾਂਤਰੀ ਪੱਧਰ ਦੇ ਮਾਣ-ਸਨਮਾਨ ਨੂੰ ਹਰ ਤਰਫ ਡੂੰਘੀ ਠੇਸ ਪਹੁੰਚਾਈ ਗਈ ਹੈ । ਕਿਉਂਕਿ ਲੰਮੇਂ ਸਮੇਂ ਤੋਂ ਇਹ ਬਾਦਲ ਦਲੀਏ ਐਸ.ਜੀ.ਪੀ.ਸੀ. ਦੇ ਸਾਧਨਾਂ, ਗੋਲਕ, ਵਹੀਕਲਜ, ਇਸਦੇ ਸਟਾਫ ਦੀ ਨਿਰੰਤਰ ਦੁਰਵਰਤੋਂ ਕਰਦੇ ਹੋਏ ਵੱਡੇ ਪੱਧਰ ਤੇ ਘਪਲੇਬਾਜ਼ੀ, ਲੁੱਟ-ਖਸੁੱਟ ਕਰਦੇ ਆ ਰਹੇ ਹਨ । ਇਥੋਂ ਤੱਕ ਜੋ ਐਸ.ਜੀ.ਪੀ.ਸੀ. ਅਧੀਨ ਵਿਦਿਅਕ ਅਦਾਰੇ, ਸਿਹਤਕ ਅਦਾਰੇ ਹਨ, ਉਨ੍ਹਾਂ ਦੇ ਬਾਦਲ ਪਰਿਵਾਰ ਨੇ ਆਪਣੇ ਚਿਹਤਿਆ, ਰਿਸਤੇਦਾਰਾਂ ਦੇ ਨਾਮ ਟਰੱਸਟ ਕਾਇਮ ਕਰਕੇ ਕੌਮ ਦੇ ਇਨ੍ਹਾਂ ਅਦਾਰਿਆ ਉਤੇ ਨਿੱਜੀ ਕਬਜੇ ਕਰ ਲਏ ਹਨ ਅਤੇ ਇਨ੍ਹਾਂ ਅਦਾਰਿਆ ਦੀ ਆਮਦਨ ਉਨ੍ਹਾਂ ਪਰਿਵਾਰਾਂ ਨੂੰ ਜਾ ਰਹੀ ਹੈ । ਜਦੋਂਕਿ ਇਹ ਸਭ ਅਦਾਰੇ ਕਾਨੂੰਨੀ ਤੌਰ ਤੇ ਐਸ.ਜੀ.ਪੀ.ਸੀ. ਦੇ ਅਧੀਨ ਹੀ ਪ੍ਰਬੰਧ ਹੇਠ ਚੱਲਣੇ ਚਾਹੀਦੇ ਹਨ, ਜਿਸਨੂੰ ਇਨ੍ਹਾਂ ਨੇ ਮੰਦਭਾਵਨਾ ਅਧੀਨ ਤਹਿਸ-ਨਹਿਸ ਕਰ ਦਿੱਤਾ ਹੈ । ਜੋ ਗੁਰੂਘਰਾਂ ਦੀਆਂ ਜ਼ਮੀਨਾਂ ਹਨ ਅਤੇ ਜਿਨ੍ਹਾਂ ਦਾ ਸਲਾਨਾ ਬਜਾਰ ਦੀ ਕੀਮਤ ਦਾ ਠੇਕਾ 50 ਹਜ਼ਾਰ ਰੁਪਏ ਪ੍ਰਤੀ ਏਕੜ ਬਣਦਾ ਹੈ, ਉਹ ਵੀ ਕੌਡੀਆਂ ਦੇ ਭਾਅ ਇਨ੍ਹਾਂ ਨੇ ਆਪਣੇ ਰਿਸਤੇਦਾਰਾਂ, ਸੰਬੰਧੀਆਂ ਨੂੰ ਦੇ ਕੇ ਉਸਦੀ ਵੀ ਲੁੱਟ-ਖਸੁੱਟ ਲੰਮੇਂ ਸਮੇਂ ਤੋਂ ਜਾਰੀ ਕੀਤੀ ਹੋਈ ਹੈ । ਸ੍ਰੀ ਦਰਬਾਰ ਸਾਹਿਬ ਅਤੇ ਹੋਰ ਵੱਡੇ ਇਤਿਹਾਸਿਕ ਗੁਰੂਘਰਾਂ ਦੇ ਲੰਗਰ ਵਿਚ ਵਰਤੋਂ ਆਉਣ ਵਾਲੀਆ ਵਸਤਾਂ, ਦੇਗ ਵਿਚ ਵਰਤੋਂ ਆਉਣ ਵਾਲੇ ਦੇਸ਼ੀ ਘਿਓ, ਸਿਰਪਾਓ ਆਦਿ ਦੀ ਖਰੀਦੋ-ਫਰੋਖਤ ਕਰਦੇ ਸਮੇਂ ਵੱਡੇ ਘਪਲੇ ਹੁੰਦੇ ਆ ਰਹੇ ਹਨ । ਇਮਾਰਤੀ ਸਾਜੋ-ਸਮਾਨ ਰੇਤਾ, ਸੀਮਿੰਟ, ਬਜਰੀ, ਲੋਹਾ, ਲੱਕੜ ਆਦਿ ਦੀ ਖਰੀਦੋ-ਫਰੋਖਤ ਵਿਚ ਵੀ ਇਹ ਗੈਰ-ਕਾਨੂੰਨੀ ਸਿਲਸਿਲਾ ਜਾਰੀ ਹੈ । ਇਥੋਂ ਤੱਕ ਗੁਰੂ ਸਾਹਿਬਾਨ ਜੀ ਦੇ ਸਨਮਾਨ ਦੇ ਵਰਤੋਂ ਵਿਚ ਆਉਣ ਵਾਲੇ ਚੰਦੋਆ ਸਾਹਿਬ ਵਿਚ ਵੀ ਵੱਡੇ ਘਪਲੇ ਹੋ ਰਹੇ ਹਨ । ਗੁਰੂਘਰਾਂ ਦੀਆਂ ਸੰਗਤਾਂ ਦੇ ਰਹਿਣ ਲਈ ਬਣੀਆ ਸਰਾਵਾਂ, ਕਮਰਿਆ ਦੀ ਵੀ ਗੈਰ-ਕਾਨੂੰਨੀ ਕੰਮਾਂ ਲਈ ਦੁਰਵਰਤੋਂ ਹੁੰਦੀ ਆ ਰਹੀ ਹੈ ।
ਐਸ.ਜੀ.ਪੀ.ਸੀ. ਵੱਲੋਂ ਗੁਰੂ ਸਾਹਿਬਾਨ ਜੀ ਦੇ 328 ਪਾਵਨ ਸਰੂਪ ਇਕ ਸਾਜ਼ਿਸ ਤਹਿਤ ਅਲੋਪ ਕਰ ਦਿੱਤੇ ਗਏ ਹਨ । ਜਿਨ੍ਹਾਂ ਦੇ ਦੋਸ਼ੀ ਅਧਿਕਾਰੀਆ ਵਿਰੁੱਧ ਇਹ ਬਾਦਲ ਦਲੀਏ ਕੋਈ ਕਾਨੂੰਨੀ ਕਾਰਵਾਈ ਇਸ ਲਈ ਨਹੀਂ ਕਰ ਰਹੇ ਕਿਉਂਕਿ ਅਜਿਹਾ ਇਨ੍ਹਾਂ ਦੀਆਂ ਹਦਾਇਤਾ ਉਤੇ ਹੀ ਹੋ ਰਿਹਾ ਹੈ । ਜਿਸ ਸਿਰਸੇਵਾਲੇ ਕਾਤਲ ਤੇ ਬਲਾਤਕਾਰੀ ਸਾਧ ਨੇ ਬੀਤੇ ਸਮੇਂ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਦੇ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੱਤਰਿਆ ਨੂੰ ਰੂੜੀਆ, ਗਲੀਆ, ਨਾਲੀਆ ਵਿਚ ਸੁੱਟਕੇ ਅਪਮਾਨ ਕਰਵਾਇਆ । ਉਸ ਕਾਤਲ ਤੇ ਬਲਾਤਕਾਰੀ ਸਾਧ ਨੂੰ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਕੋਲੋ ਪਹਿਲੇ ਤਾਂ ਗੈਰ-ਇਖਲਾਕੀ ਢੰਗ ਨਾਲ ਸਿੱਖ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਦੇ ਹੋਏ ਮੁਆਫ਼ ਕਰਵਾਇਆ ਗਿਆ, ਫਿਰ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ 93 ਲੱਖ ਰੁਪਏ ਦੀ ਵੱਡੀ ਰਕਮ ਖਰਚ ਕਰਕੇ ਅਖ਼ਬਾਰਾਂ ਵਿਚ ਇਸਤਿਹਾਰ ਦੇ ਕੇ ਇਸ ਕੀਤੀ ਗਈ ਮੁਆਫ਼ੀ ਨੂੰ ਜਾਇਜ ਠਹਿਰਾਉਣ ਲਈ ਪ੍ਰਚਾਰ ਕੀਤਾ ਗਿਆ । ਇਸ ਲਈ ਇਹ ਕੌਮ ਦੇ ਵੱਡੇ ਦੋਸ਼ੀ ਹਨ, ਦੂਸਰਾ ਇਨ੍ਹਾਂ ਨੇ ਹੁਕਮਰਾਨਾਂ ਬੀਜੇਪੀ-ਆਰ.ਐਸ.ਐਸ. ਆਦਿ ਜਮਾਤਾਂ ਦੀਆਂ ਸਾਜ਼ਿਸਾਂ ਨੂੰ ਨੇਪਰੇ ਚਾੜਦੇ ਹੋਏ ਗੁਰੂਘਰਾਂ ਦੇ ਸੁੰਦਰੀਕਰਨ ਦੇ ਨਾਮ `ਤੇ ਇਤਿਹਾਸਿਕ ਗੁਰੂਘਰਾਂ ਦੇ ਪੁਰਾਤਨ ਇਤਿਹਾਸ ਨੂੰ ਅਲੋਪ ਕਰਕੇ ਸਗਮਰਮਰ ਲਗਾਕੇ ਸਾਡੀਆ ਯਾਦਗਰਾਂ ਨੂੰ ਹੀ ਖ਼ਤਮ ਕਰ ਦਿੱਤਾ ਹੈ । ਤਰਨਤਾਰਨ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਵੱਲੋਂ ਬਹੁਤ ਹੀ ਸਰਧਾਪੂਰਵਕ ਬਣਾਈ ਗਈ ਦਰਸ਼ਨੀ ਡਿਊੜ੍ਹੀ ਨੂੰ ਕਾਰ ਸੇਵਾ ਦੇ ਬਾਬਿਆ ਰਾਹੀ ਢਹਿ-ਢੇਰੀ ਕਰਵਾਉਣ ਦੀ ਸਾਜ਼ਿਸ ਰਚੀ ਗਈ । ਦੀਵਾਨ ਟੋਡਰਮੱਲ ਦੀ ਇਤਿਹਾਸਿਕ ਹਵੇਲੀ ਨੂੰ ਨਹੀਂ ਉਸਾਰਿਆ ਜਾ ਰਿਹਾ । ਇਸੇ ਤਰ੍ਹਾਂ ਹੋਰ ਯਾਦਗਰਾਂ ਵੀ ਖ਼ਤਮ ਕੀਤੀਆ ਜਾ ਰਹੀਆ ਹਨ । ਇਸ ਲਈ ਅਜਿਹੇ ਕਾਬਜ ਹੋਏ ਐਸ.ਜੀ.ਪੀ.ਸੀ. ਉਤੇ ਬਾਦਲ ਦਲੀਆ ਦੇ ਮੈਬਰਾਂ ਉਤੇ ਸਿੱਖ ਕੌਮ ਦਾ ਵਿਸਵਾਸ ਪੂਰਨ ਰੂਪ ਵਿਚ ਖ਼ਤਮ ਹੋ ਚੁੱਕਾ ਹੈ । ਇਹ ਐਸ.ਜੀ.ਪੀ.ਸੀ. ਬੀਤੇ 10 ਸਾਲਾ ਤੋਂ ਜਰਨਲ ਚੋਣਾਂ ਨਾ ਹੋਣ ਦੀ ਬਦੌਲਤ ਗੈਰ-ਕਾਨੂੰਨੀ ਸਾਬਤ ਹੋ ਚੁੱਕੀ ਹੈ । ਇਹ ਬਾਦਲ ਦਲੀਏ ਇਸ ਸੰਸਥਾਂ ਦੀਆਂ ਜਰਨਲ ਚੋਣਾਂ ਨਾ ਕਰਵਾਉ ਲਈ ਵੀ ਸਿੱਖ ਕੌਮ ਦੇ ਮੁੱਖ ਦੋਸ਼ੀ ਹਨ । ਇਸ ਸੰਸਥਾਂ ਸੰਬੰਧੀ ਕੀਤੇ ਜਾਣ ਵਾਲੇ ਅਹਿਮ ਫੈਸਲਿਆ ਨੂੰ ਕਰਨ ਦਾ ਅਧਿਕਾਰ ਕਾਨੂੰਨੀ ਤੇ ਇਖਲਾਕੀ ਤੌਰ ਤੇ ਗੁਆ ਚੁੱਕੀ ਹੈ ।
ਪੰਜਾਬ ਸਰਕਾਰ ਨੇ, ਨਵਾਬ ਸ਼ੇਰ ਮੁਹੰਮਦ ਖਾਨ ਦੇ ਪੁਰਾਤਨ ਸ਼ਹਿਰ ਮਲੇਰਕੋਟਲਾ ਨੂੰ ਇਸ ਲਈ ਜ਼ਿਲ੍ਹਾ ਐਲਾਨਿਆ ਕਿਉਂਕਿ ਉਨ੍ਹਾਂ ਨੇ ਸਾਹਿਬਜ਼ਾਦਿਆ ਨੂੰ ਉਸ ਸਮੇਂ ਦੇ ਹਾਕਮ ਵਜ਼ੀਦ ਖਾ ਵੱਲੋਂ ਸ਼ਹੀਦ ਕਰਨ ਸਮੇਂ ਇਹ ਕਿਹਾ ਸੀ ਕਿ ਇਸਲਾਮ ਮਾਸੂਮ ਬੱਚਿਆਂ ਉਤੇ ਇਸ ਤਰ੍ਹਾਂ ਜੁਲਮ ਕਰਨ ਦੀ ਇਜਾਜਤ ਨਹੀ ਦਿੰਦਾ ਇਸ ਲਈ ਅਜਿਹਾ ਨਹੀਂ ਕਰਨਾ ਚਾਹੀਦਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਇਸ ਲਈ ਹੀ ਸਵਾਗਤ ਕੀਤਾ ਸੀ ਕਿਉਂਕਿ ਇਹ ਜ਼ਿਲ੍ਹਾ ਸ਼ੇਰ ਮੁਹੰਮਦ ਖਾਨ ਦੀ ਇਨਸਾਨੀਅਤ ਪੱਖੀ ਸਖਸ਼ੀਅਤ ਨੂੰ ਸਮਰਪਿਤ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਯੂ.ਪੀ. ਦੇ ਕੱਟੜਵਾਦੀ ਮੁੱਖ ਮੰਤਰੀ ਸ੍ਰੀ ਜੋਗੀ ਨੇ ਫਿਰਕੂ ਸੋਚ ਅਧੀਨ ਇਸਦਾ ਇਸ ਲਈ ਵਿਰੋਧ ਕੀਤਾ ਕਿ ਮਲੇਰਕੋਟਲਾ ਸ਼ਹਿਰ ਮੁਸਲਿਮ ਕੌਮ ਨਾਲ ਸੰਬੰਧਤ ਸ਼ਹਿਰ ਹੈ । ਇਸ ਵਿਸ਼ੇ ਤੇ ਬਾਦਲ ਦਲੀਆ ਵੱਲੋਂ ਕੋਈ ਵਿਰੋਧ ਨਹੀਂ ਆਇਆ, ਬਲਕਿ ਚੁੱਪੀ ਵੱਟੀ ਰੱਖੀ । ਬੇਸ਼ੱਕ ਬਾਦਲ ਦਲੀਆ ਨੇ ਬੀਜੇਪੀ-ਆਰ.ਐਸ.ਐਸ. ਨਾਲੋ ਕਿਸਾਨੀ ਮੁੱਦਿਆ ਨੂੰ ਲੈਕੇ ਅਖਬਰੀ ਤੌਰ ਤੇ ਤੋੜ-ਵਿਛੋੜਾ ਕਰ ਲਿਆ ਹੈ । ਪਰ ਅੱਜ ਵੀ ਬੀਜੇਪੀ-ਬਾਦਲ ਦਲੀਏ ਇਕ ਹਨ । ਇਸ ਲਈ ਹੀ ਇਨ੍ਹਾਂ ਵੱਲੋਂ ਕੋਵਿਡ-19 ਦੀ ਮਹਾਮਾਰੀ ਦੌਰਾਨ ਮੋਦੀ ਹਕੂਮਤ ਵੱਲੋਂ ਆਪਣੇ ਨਿਵਾਸੀਆ ਪ੍ਰਤੀ ਨਿਭਾਈਆ ਜਾ ਰਹੀਆ ਗੈਰ-ਜ਼ਿੰਮੇਵਰਾਨਾ ਕਾਰਵਾਈਆ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ । ਜਦੋਂਕਿ ਸ੍ਰੀ ਮੋਦੀ ਨੇ ਇਥੇ ਤਿਆਰ ਹੋਈਆ ਦਵਾਈਆ ਦੂਸਰੇ ਮੁਲਕਾਂ ਨੂੰ ਵੇਚ ਦਿੱਤੀਆ । ਅੱਜ ਇਥੋਂ ਦੇ ਨਿਵਾਸੀ ਦਵਾਈ, ਵੈਟੀਲੇਟਰ, ਆਕਸੀਜਨ, ਬੈਡ ਆਦਿ ਦੀ ਕਮੀ ਕਾਰਨ ਵੱਡੀ ਗਿਣਤੀ ਵਿਚ ਮੌਤ ਦੇ ਮੂੰਹ ਵਿਚ ਜਾ ਰਹੇ ਹਨ । ਗਰੀਬ ਲੋਕ ਆਪਣੇ ਮਰਨ ਵਾਲਿਆ ਨੂੰ ਜਾ ਤਾ ਨਹਿਰਾਂ-ਦਰਿਆਵਾ ਵਿਚ ਰੋੜ੍ਹ ਰਹੇ ਹਨ ਜਾਂ ਟੋਏ ਪੁੱਟਕੇ ਦਫਨ ਕਰ ਰਹੇ ਹਨ । ਜਿਨ੍ਹਾਂ ਨੂੰ ਜਾਨਵਰ ਖਾ ਰਹੇ ਹਨ । ਅਜਿਹੀ ਸਥਿਤੀ ਬਣਾਉਣ ਵਾਲੇ ਜਿਥੇ ਦਿਸ਼ਾਹੀਣ ਹੁਕਮਰਾਨ ਹਨ, ਉਥੇ ਉਨ੍ਹਾਂ ਦੇ ਗਲਤ ਢੰਗਾਂ ਦੀ ਵਿਰੋਧਤਾ ਨਾ ਕਰਨ ਵਾਲੇ ਬਾਦਲ ਦਲੀਏ ਵੀ ਉਨੇ ਹੀ ਜ਼ਿੰਮੇਵਾਰ ਹਨ ।
ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਬਾਦਲ ਦਲੀਆ ਵੱਲੋਂ ਗੋਲੀ ਚਲਵਾਕੇ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਸਿੱਖਾਂ ਨੂੰ ਸ਼ਹੀਦ ਤੇ ਜਖ਼ਮੀ ਕੀਤਾ ਗਿਆ ਸੀ । ਜਿਸਦਾ ਸੱਚ ਕੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਸਿੱਟ ਨੇ ਸਾਹਮਣੇ ਲਿਆ ਦਿੱਤਾ ਹੈ । ਸੈਂਟਰ ਦੇ ਹੁਕਮਰਾਨ ਅਤੇ ਬਾਦਲ ਦਲੀਆ ਦੀ ਮਿਲੀਭੁਗਤ ਦੀ ਬਦੌਲਤ ਹੀ ਸੀ੍ਰ ਚੋਟਾਲਾ ਦੀ ਹਰਿਆਣਾ ਹਕੂਮਤ ਸਮੇਂ ਰਹਿ ਚੁੱਕੇ ਡਿਪਟੀ ਐਡਵੋਕੇਟ ਜਰਨਲ ਤੋਂ ਬਣੇ ਜੱਜ ਸ੍ਰੀ ਰਾਜਵੀਰ ਸ਼ੇਰਾਵਤ ਰਾਹੀ ਉਸ ਸੱਚ ਨੂੰ ਦਬਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬੀਜੇਪੀ ਤੇ ਬਾਦਲ ਦਲੀਆ ਦੀ ਅਜੋਕੀ ਸਾਂਝ ਵੀ ਪ੍ਰਤੱਖ ਹੋ ਜਾਂਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਪਰੋਕਤ ਸਭ ਕੌਮੀ ਮੁੱਦਿਆ ਨੂੰ ਲੈਕੇ 01 ਜੂਨ 2021 ਨੂੰ ਬਰਗਾੜੀ ਵਿਖੇ ਸਾਹਿਬ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਕੇ ਅਰਦਾਸ ਕਰਨ ਜਾ ਰਿਹਾ ਹੈ । ਜਿਸ ਲਈ ਸਮੁੱਚੇ ਡੇਰਿਆ ਦੇ ਸੰਤ-ਮਹਾਪੁਰਖਾ, ਬੁੱਧੀਜੀਵੀਆ, ਰਾਗੀਆ, ਢਾਡੀਆ, ਟਕਸਾਲਾ, ਸਿੱਖ ਸਟੂਡੈਟ ਫੈਡਰੇਸ਼ਨਾਂ, ਕਿਸਾਨ-ਮਜ਼ਦੂਰ ਜਥੇਬੰਦੀਆ, ਵਿਦਿਆਰਥੀ, ਮੁਲਾਜਮ ਜਥੇਬੰਦੀਆ, ਆੜਤੀਆ, ਵਪਾਰੀਆ, ਟਰਾਸਪੋਰਟਰਾਂ, ਕਵੀਸਰਾਂ ਆਦਿ ਸਭ ਨੂੰ 01 ਜੂਨ ਨੂੰ ਬਰਗਾੜੀ ਵਿਖੇ ਪਹੁੰਚਣ ਦਾ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ । ਤਾਂ ਕਿ ਅਸੀਂ ਇਸ ਅਰਦਾਸ ਉਪਰੰਤ ਆਪਸੀ ਵਿਚਾਰ-ਵਟਾਂਦਰਾ ਕਰਕੇ ਉਪਰੋਕਤ ਕੌਮੀ ਗੰਭੀਰ ਮੁੱਦਿਆ ਉਤੇ ਅਗਲਾ ਪੋ੍ਰਗਰਾਮ ਉਲੀਕ ਸਕੀਏ ਅਤੇ ਉਸਨੂੰ ਲਾਗੂ ਕਰਕੇ ਸੈਂਟਰ, ਪੰਜਾਬ ਦੇ ਹੁਕਮਰਾਨਾਂ ਨੂੰ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਮਜਬੂਰ ਕਰ ਸਕੀਏ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਤੋਂ ਇਹ ਕੌਮ ਦੇ ਬਿਨ੍ਹਾਂ ਤੇ ਸੰਜ਼ੀਦਾ ਮੰਗ ਕਰਦੀ ਹੈ ਕਿ ਜਿਵੇ ਪਾਰਲੀਮੈਂਟ, ਵਿਧਾਨ ਸਭਾਵਾਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਪੰਚਾਇਤਾ, ਜ਼ਿਲ੍ਹਾ ਪ੍ਰੀਸ਼ਦਾਂ ਆਦਿ ਸੰਸਥਾਵਾਂ ਦੀ ਮਿਆਦ ਪੂਰੀ ਹੋਣ ਤੋਂ ਪਹਿਲੇ ਕਾਨੂੰਨੀ ਚੋਣਾਂ ਹੁੰਦੀਆ ਆ ਰਹੀਆ ਹਨ, ਐਸ.ਜੀ.ਪੀ.ਸੀ. ਵੀ ਉਸ ਕਾਨੂੰਨੀ ਚੋਣਾਂ ਦੇ ਨਿਯਮਾਂ ਅਧੀਨ ਆਉਦੀ ਹੈ ਜਿਸਦੀ ਕਾਨੂੰਨੀ ਮਿਆਦ 5 ਸਾਲ ਹੈ । ਦੋ ਟਰਮਾ ਤੋਂ ਇਸਦੀ ਜੋ ਚੋਣ ਨਹੀਂ ਕਰਵਾਈ ਜਾ ਰਹੀ, ਉਸਦਾ ਪ੍ਰਬੰਧ ਕਰਕੇ ਜਲਦੀ ਤੋਂ ਜਲਦੀ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਦੀਆਂ ਜਰਨਲ ਚੋਣਾਂ ਕਰਵਾਉਣ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦੀ ਖੁੱਲ੍ਹ ਦੇ ਕੇ ਇਸਦੇ ਮੈਬਰਾਂ ਦੀ ਨਵੇਂ ਸਿਰੇ ਤੋਂ ਚੋਣ ਕਰਵਾਈ ਜਾਵੇ । ਫਿਰ ਅਜਿਹੇ ਰੂਪ ਵਿਚ ਜਮਹੂਰੀਅਤ ਢੰਗ ਨਾਲ ਚੁਣੇ ਗਏ ਐਸ.ਜੀ.ਪੀ.ਸੀ. ਮੈਬਰ ਹੀ ਐਸ.ਜੀ.ਪੀ.ਸੀ. ਦੀ ਸੰਸਥਾਂ ਦੇ ਅਹਿਮ ਫੈਸਲੇ ਲੈ ਸਕਣਗੇ ਨਾ ਕਿ ਮੌਜੂਦਾ ਗੈਰ-ਕਾਨੂੰਨੀ ਤੌਰ ਤੇ ਕਾਬਜ ਬਾਦਲ ਦਲੀਏ ਲੈ ਸਕਦੇ ਹਨ । ਸ. ਮਾਨ ਨੇ ਡਾਕੂਮੈਟਰੀ ਫ਼ਿਲਮਾਂ ਦੇ ਸੰਬੰਧ ਵਿਚ ਮੌਜੂਦਾ ਐਸ.ਜੀ.ਪੀ.ਸੀ. ਤੇ ਕਾਬਜ ਅਧਿਕਾਰੀਆ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਇਹ ਫੈਸਲੇ ਤੁਰੰਤ ਰੱਦ ਕੀਤੇ ਜਾਣ ਅਤੇ ਇਨ੍ਹਾਂ ਉਤੇ ਕੋਈ ਅਮਲ ਨਾ ਕੀਤਾ ਜਾਵੇ । ਬਲਕਿ ਨਵੀਆ ਜਰਨਲ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਕੇ ਸਿੱਖ ਕੌਮ ਨੂੰ ਆਪਣੇ ਵੋਟ ਹੱਕ ਦੁਆਰਾ ਇਸ ਸੰਸਥਾਂ ਦਾ ਪ੍ਰਬੰਧ ਸੰਭਾਲਣ ਦੀ ਪ੍ਰਕਿਰਿਆ ਸੁਰੂ ਕੀਤੀ ਜਾਵੇ । ਜੇਕਰ ਮੌਜੂਦਾ ਅਧਿਕਾਰੀਆ ਨੇ ਫਿਰ ਵੀ ਅਜਿਹੇ ਫੈਸਲੇ ਕਰਨ ਤੋਂ ਬਾਜ ਨਾ ਆਏ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ ਇਸ ਵਿਰੁੱਧ ਲੋਕ ਰਾਏ ਪੈਦਾ ਕਰੇਗਾ ਅਤੇ ਕਿਸੇ ਵੀ ਗੈਰ-ਕਾਨੂੰਨੀ ਕਾਬਜ ਹੋਏ ਰਵਾਇਤੀ ਅਕਾਲੀਆ ਨੂੰ ਅਜਿਹੇ ਫੈਸਲੇ ਲੈਣ ਦੀ ਇਜਾਜਤ ਨਹੀਂ ਦੇਵੇਗਾ ।