ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱੱਚ ਸਭ ਤੋਂ ਵੱਡੀ ਉਮਰ ਦੇ ਮੰਨੇ ਜਾਣ ਵਾਲੇ ਇੱਕ ਪੰਛੀ ਹੰਸ ਦਾ 30 ਵਾਂ ਜਨਮ ਦਿਨ ਮਨਾਇਆ ਜਾਵੇਗਾ। ਪਿਕਲਜ਼ ਨਾਮ ਦਾ ਇਹ ਹੰਸ ਕੈਂਟ ਦੇ ਲੀਡਜ਼ ਕੈਸਲ ਵਿੱਚ ਰਹਿੰਦਾ ਹੈ ਅਤੇ ਇਹ ਪੰਛੀ ਇਸ ਸਥਾਨ ‘ਤੇ ਸਭ ਤੋਂ ਪੁਰਾਣਾ ਹੋਣ ਦੇ ਨਾਲ ਪੂਰੇ ਦੇਸ਼ ਵਿੱਚ ਸਭ ਤੋਂ ਵੱਡੀ ਉਮਰ ਦਾ ਹੰਸ ਮੰਨਿਆ ਜਾਂਦਾ ਹੈ।
ਇਸ ਸਾਲ ਪਿਕਲਜ਼ ਦਾ ਜਨਮ ਦਿਨ ਪੰਛੀਆਂ ਲਈ ਇੱਕ ਢੁੱਕਵੇਂ ਕੇਕ ਨਾਲ ਜੂਨ ਮਹੀਨੇ ਮਨਾਇਆ ਜਾਵੇਗਾ। ਲੀਡਜ਼ ਕੈਸਲ ਦੇ ਬੁਲਾਰੇ ਅਨੁਸਾਰ ਸੰਸਥਾ ਦਾ ਸਟਾਫ ਹਰ ਸਾਲ ‘ਪਿਕਲਜ਼ ਡੇਅ’ ਮਨਾਉਂਦਾ ਹੈ। ਇਸ ਹੰਸ ਦੀ ਉਮਰ ਜਿਆਦਾ ਹੋਣ ਕਰਕੇ ਉਸ ਨਾਲ ਥੋੜ੍ਹਾ ਵੱਖਰਾ ਵਰਤਾਓ ਕਰਨ ਦੇ ਨਾਲ ਖਾਸ ਧਿਆਨ ਰੱਖਿਆ ਜਾਂਦਾ ਹੈ। ਪਿਕਲਜ਼ 22 ਸਾਲ ਦੀ ਉਮਰ ਵਿੱਚ 2013 ਵਿੱਚ ਲੀਡਜ਼ ਕੈਸਲ ਵਿਖੇ ਪਹੁੰਚਿਆ ਸੀ, ਅਤੇ ਉਸ ਸਮੇਂ ਸੰਸਥਾ ਦੀ ਟੀਮ ਨੇ ਉਸਦਾ ਜਨਮਦਿਨ ਨਿਰਧਾਰਤ ਕਰਨ ਦਾ ਫੈਸਲਾ ਕੀਤਾ ਕਿ 3 ਜੂਨ ਨੂੰ ‘ਪਿਕਲਜ਼ ਡੇਅ’ ਵਜੋਂ ਜਾਣਿਆ ਜਾਵੇਗਾ। ਆਮ ਤੌਰ ‘ਤੇ ਇੱਕ ਹੰਸ ਦੀ ਉਮਰ ਜੰਗਲ ਵਿੱਚ ਲੱਗਭਗ 10 ਸਾਲ ਹੈ ਅਤੇ ਉਹ ਇੱਕ ਸੰਭਾਲ ਵਾਲੀ ਜਗ੍ਹਾ ‘ਚ 20 ਸਾਲਾਂ ਤੱਕ ਉਮਰ ਭੋਗ ਸਕਦੇ ਹਨ। ਜਦਕਿ ਪਿਕਲਜ਼ ਇਸ ਸਾਲ ਆਪਣੀ ਉਮਰ ਦਾ 30ਵਾਂ ਸਾਲ ਵੇਖੇਗਾ। ਲੀਡਜ਼ ਕੈਸਲ ਵਿਖੇ 19 ਨਸਲਾਂ ਦੇ ਹੰਸ ਹਨ, ਜਿਨ੍ਹਾਂ ਵਿੱਚ ਹੂਪਰ ਹੰਸ, ਮੂਕ ਹੰਸ, ਟਰੰਪਟਰ ਹੰਸ ਅਤੇ ਪ੍ਰਸਿੱਧ ਬਲੈਕ ਹੰਸ ਸ਼ਾਮਿਲ ਹਨ।