ਨਵੀਂ ਦਿੱਲੀ – ਜਾਗੋ ਪਾਰਟੀ ਨੇ ਸਟਿੰਗ ਅਪਰੇਸ਼ਨ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦਫ਼ਤਰ ਤੋਂ ਕਮੇਟੀ ਨੇ 27 ਮਈ ਨੂੰ ਕੰਸੰਟਰੇਟਰ ਦੀ ਵੱਡੀ ਖੇਪ ਚੰਡੀਗੜ੍ਹ ਅਤੇ ਬਠਿੰਡਾ ਭੇਜੀ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸਬੰਧ ਵਿੱਚ ਅੱਜ ਵੀਡੀਓ ਸਬੂਤ ਜਨਤਕ ਕਰਦੇ ਹੋਏ ਖ਼ੁਲਾਸਾ ਕੀਤਾ ਕਿ ਬਠਿੰਡਾ ਵਿੱਚ ਉਕਤ ਕੰਸੰਟਰੇਟਰ ਬਾਦਲ ਪਰਵਾਰ ਦੀ ਡਬਵਾਲੀ ਟਰਾਂਸਪੋਰਟ ਕੰਪਨੀ ਲਿਮਿਟੇਡ ਦੇ ਬਾਦਲ-ਡੱਬਵਾਲੀ ਰੋੜ ਉੱਤੇ ਸਥਿਤ ਦਫ਼ਤਰ ਵਿੱਚ ਉੱਤਰੇ ਹਨ। ਜੀਕੇ ਨੇ ਦੱਸਿਆ ਕਿ ਕਲ ਦੁਪਹਿਰ 2:30 ਵਜੇ ਤੋਂ ਸਾਡੀ 2 ਟੀਮਾਂ ਨੇ ਕੰਸੰਟਰੇਟਰ ਭਰ ਕੇ ਦਿੱਲੀ ਤੋਂ ਚਲੇ ਟਰੱਕ ਅਤੇ ਇਨੋਵਾ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਸੀ। ਇਨੋਵਾ ਗੱਡੀ ਨੇ ਚੰਡੀਗੜ੍ਹ ਵਿੱਚ ਸੈਕਟਰ 33ਏ ਦੀ ਇੱਕ ਕੋਠੀ, ਜੋ ਕਿ ਸੁਖਮੀਤ ਸਿੰਘ ਦੀ ਦੱਸੀ ਜਾ ਰਹੀ ਹੈ, ਵਿੱਚ ਦੇਰ ਰਾਤ ਨੂੰ ਕੰਸੰਟਰੇਟਰ ਉਤਾਰੇ। ਜਦੋਂ ਕਿ ਟਰੱਕ ਡਰਾਈਵਰ ਨੂੰ ਕੁੰਡਲੀ ਪੁੱਜ ਕਰਕੇ ਅਹਿਸਾਸ ਹੋ ਗਿਆ ਸੀ ਕਿ ਕੋਈ ਗੱਡੀ ਉਸ ਦਾ ਪਿੱਛਾ ਕਰ ਰਹੀ ਹੈ। ਇਸ ਲਈ ਕਈ ਜਗ੍ਹਾ ਰੁਕਦੇ- ਰੁਕਾਉਂਦੇ ਅਤੇ ਵਾਇਆ ਪਟਿਆਲਾ ਹੁੰਦੇ ਹੋਏ ਅੱਜ ਸਵੇਰੇ ਉਸ ਨੇ ਬਠਿੰਡਾ ਟਰੱਕ ਪਹੁੰਚਾਇਆ। ਸਾਡੇ ਕੋਲ ਇਸ ਸਬੰਧੀ ਸਾਰੇ ਵੀਡੀਓ ਸਬੂਤ ਹਨ।
ਜੀਕੇ ਨੇ ਦਾਅਵਾ ਕੀਤਾ ਕਿ ਸੰਗਤਾਂ ਵੱਲੋਂ ਵਿਸ਼ਵਾਸ ਕਰ ਕੇ ਭੇਂਟ ਕੀਤੀ ਗਈ ਵਸਤਾਂ ਦਾ ਇਹ ਸਿਆਸੀ ਵਰਤੋ ਹੈ। ਅਮਿਤਾਭ ਬੱਚਨ ਵੱਲੋਂ ਦਿੱਲੀ ਕਮੇਟੀ ਨੂੰ ਪੋਲੈਂਡ ਤੋਂ 16 ਮਈ ਨੂੰ ਮੰਗਵਾ ਕਰਕੇ ਭੇਜੇ ਗਏ 50 ਕੰਸੰਟਰੇਟਰ ਦੀ ਖੇਪ ਦੇ ਬਠਿੰਡੇ ਭੇਜੇ ਜਾਣ ਦਾ ਖ਼ਦਸ਼ਾ ਜਤਾਉਂਦੇ ਹੋਏ ਜੀਕੇ ਨੇ ਉਕਤ ਸਟਿੰਗ ਅਪਰੇਸ਼ਨ ਨੂੰ 24 ਘੰਟੇ ਤੱਕ ਆਪਣੀ ਗੱਡੀਆਂ ਵਿੱਚ ਯਾਤਰਾ ਕਰ ਕੇ ਅੰਜਾਮ ਦੇਣ ਵਾਲੇ ਪਾਰਟੀ ਦੇ ਨੌਜਵਾਨ ਨੇਤਾਵਾਂ ਦੀ ਤਾਰੀਫ ਵੀ ਕੀਤੀ। ਇਸ ਟੀਮ ਵਿੱਚ ਹਰਜੀਤ ਸਿੰਘ ਬਾਉਂਸ, ਚਰਨਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ ਕੰਦਰਾ, ਬਲਵਿੰਦਰ ਸਿੰਘ ਲੱਕੀ, ਦਲਜੀਤ ਸਿੰਘ ਅਤੇ ਜੱਸਲ ਮੌਜੂਦ ਸਨ। ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਸਿਆਸੀ ਇਸਤੇਮਾਲ ਕਰਨ ਵਾਲੇ ਸਿਰਸਾ ਅਤੇ ਕਾਲਕਾ ਵਿਰੋਧੀ ਪੱਖ ਦੇ ਮੈਂਬਰਾਂ ਨੂੰ ਫ਼ੰਡ ਨਹੀਂ ਦਿੰਦੇ ਹਨ। ਪਰ ਪੁਰੀ ਕਮੇਟੀ ਬਾਦਲਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਜਿਸ ਸੁਖਮੀਤ ਸਿੰਘ ਨੂੰ ਚੰਡੀਗੜ੍ਹ ਕੰਸੰਟਰੇਟਰ ਭੇਜੇ ਗਏ ਹਨ, ਉਹ ਆਪਣੀ ਐਨਜੀਓ ਅਤੇ ਦੋਸਤਾਂ ਦੀ ਮਾਰਫ਼ਤ ‘ਕਰਾਉਡ ਫੰਡਿੰਗ’ ਵਿੱਚ ਮੋਟੀ ਰਕਮ ਲੋਕਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਸੰਟਰੇਟਰ ਭੇਜਣ ਦੇ ਨਾਮ ਉੱਤੇ ਇਕੱਠਾ ਕਰ ਚੁੱਕਿਆ ਹੈ, ਪਰ ਕਮੇਟੀ ਉਸ ਤੋਂ ਕੰਸੰਟਰੇਟਰ ਲੈਣ ਦੀ ਬਜਾਏ ਕੰਸੰਟਰੇਟਰ ਦੇ ਰਹੀ ਹੈ। ਇਹ ਦੁਖਦ ਅਤੇ ਹੈਰਾਨੀ ਭਰੀ ਹਾਲਤ ਹੈ। ਕੌਣ ਕੀ ਕਰ ਰਿਹਾ ਹੈ, ਕੋਈ ਜਵਾਬ ਨਹੀਂ ਦੇ ਰਿਹਾ।