ਹੁਣ ਸਿੱਧੀਆਂ ਕਰਕੇ ਛੱਡਾਂਗੇ ਪੂਛਾਂ ਨੂੰ ਰੱਸੀ ਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਸੀ ਵਹਿਮ ਵੈਰੀ ਦੀ ਬੁੱਕਲ ਦਾ ਕਿ ਕਿਹੜਾ ਸਾਨੂੰ ਹਰਾਊਗਾ।
ਇਹ ਮਾਲਕ ਜਾਣੇ ਸੱਜਣਾਂ ਓਏ ਉਹ ਕਿਹੜੀ ਘੜੀ ਦਿਖਾਊਗਾ।
ਜੋ ਘੜਾ ਪਾਪ ਦਾ ਤਿੜਕ ਗਿਆ ਹੋਣਾਂ ਹੌਲੀ ਹੌਲੀ ਖਾਲੀ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਇਹ ਮਹਿਮਾਂ ਕੁਦਰਤ ਕਾਦਰ ਦੀ ਉਹਨੇ ਬਖਸ਼ਿਆ ਕੋਈ ਸਿਕੰਦਰ ਨਹੀਂ।
ਮੂਸੇ ਵੀ ਧੂਹ ਕੇ ਢਾਹ ਲਏ ਨੇ ਉਹਨੇ ਵੜਨ ਦਿੱਤਾ ਕੋਈ ਅੰਦਰ ਨਹੀਂ।
ਅਸੀਂ ਰਹਿਣਾਂ ਯਾਰ ਗਰੀਬਾਂ ਦੇ ਅਸੀਂ ਮੁੱਛ ਅਣਖ ਨਾਲ ਪਾਲੀ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਜਿਹੜੀ ਵਰਤਣੀ ਤਾਕਤ ਵਰਤ ਲਈ ਸ਼ੁਰੂ ਹੋਇਆ ਦੌਰ ਕੜੱਲਾਂ ਦਾ।
ਹੁਣ ਖੱਗਾ ਹੋਇਆ ਪੈਣ ਵਾਲਾ ਖੇਲ਼ੀ ‘ਤੇ ਉੱਗੀਆਂ ਵੱਲਾਂ ਦਾ।
ਸੁੱਟ ਲਾਰ ਬਥੇਰੀ ਮੱਕੜੀ ਨੇ ਪਹਿਲਾਂ ਅੱਖਾਂ ਦੇ ਵਿੱਚ ਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਅਸਮਾਨੀ ਧੂੜਾਂ ਚੜ੍ਹ ਗਈਆਂ ਭੁੱਲ ਗਈਆਂ ਡਿੱਗਣ ਦੀਆਂ ਖਬਰਾਂ ਨੂੰ।
ਮੀਂਹ ਮੋਹਲੇਧਾਰ ਨੇ ਸੁੱਟ ਲਿਆ ਤੇ ਰੋਹੜ ਲੈ ਗਿਆ ਕਬਰਾਂ ਨੂੰ।
ਹੁਣ ਸੁਲਗ ਗਈ ਚੰਗਿਆੜੀ ਵੀ ਹਨੇਰੇ ਵਿੱਚ ਉਮਰ ਟਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਤੂੰ ਖੁਸ਼ੀਆਂ ਖੋਹਕੇ ਰੱਜਿਆ ਨਾਂ ਏਦਾਂ ਢਿੱਡ ਕਈਆਂ ਦੇ ਲੂਸੇ ਨੇ।
ਗਾਟੇ ਵਿੱਚ ਛੁਰਾ ਖੁਭੋ ਕੇ ਤੂੰ ਏਦਾਂ ਖੂਨ ਕਈਆਂ ਦੇ ਚੂਸੇ ਨੇ।
ਹੁਣ ਇਕੱਠੀ ਕਰਕੇ ਪਾਪਾਂ ਦੀ ਤੇਰੀ ਚਾਦਰ ਅਸਾਂ ਹੰਗਾਲੀ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਸ਼ਿਨਾਗ ਸੰਧੂ ਟੁੱਟੇ ਰਾਹਾਂ ਦੇ ਅਸਾਂ ਟੋਏ ਕਰਨੇ ਸਿੱਧੇ ਨੇ।
ਤਿਲਕਾ ਕੇ ਗਿੱਟੇ ਮਰੋੜ ਛੱਡੇ ਹੱਥ ਪੈਰ ਕਈਆਂ ਦੇ ਮਿੱਧੇ ਨੇ।
ਹੁਣ ਨੱਥ ਮੁੰਝ ਦੀ ਪਾ ਦਵਾਂਗੇ ਨਾਸਾਂ ਵਿੱਚ ਮੋਰੀ ਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।