ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਹੈ ਕਿ ਦੱਖਣ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਜੰਮੂ-ਕਸ਼ਮੀਰ ਅਤੇ ਮੱਧਪੂਰਬ ਵਿੱਚ ਫ਼ਲਸਤੀਨ ਦੇ ਮਸਲਿਆਂ ਦਾ ਹਲ ਕਰਨਾ ਜਰੂਰੀ ਹੈ। ਉਨ੍ਹਾਂ ਨੇ ਇਰਾਕ ਦੇ ਵਿਦੇਸ਼ਮੰਤਰੀ ਫ਼ਵਾਦ ਹੁਸੈਨ ਨਾਲ ਮੁਲਾਕਾਤ ਦੇ ਬਾਅਦ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਦੌਰਾਨ ਇਹ ਸ਼ਬਦ ਕਹੇ। ਕੁਰੈਸ਼ੀ ਨੇ ਇਰਾਕੀ ਪ੍ਰਧਾਨਮੰਤਰੀ ਮੁਸਤਫ਼ਾ ਕਾਜ਼ਮੀ ਅਤੇ ਰਾਸ਼ਟਰਪਤੀ ਬਰਹਾਮ ਸਾਲੇਹ ਨਾਲ ਵੀ ਮੁਲਾਕਾਤ ਕੀਤੀ।
ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਚਾਹੁੰਦਾ ਹੈ ਅਤੇ ਇਸ ਖੇਤਰ ਦੇ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਣ ਲਈ ਅਮਨ ਕਾਇਮ ਕਰਨਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ਸਥਿਤੀ ਬੇਹਤਰ ਬਣਾਉਣ ਲਈ ਸ਼ਾਂਤੀ ਪਰਕ੍ਰਿਆ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਕੁਰੈਸ਼ੀ ਨੇ ਹਾਲ ਹੀ ਵਿੱਚ ਵੋਲਕਾਨ ਦੇ ਪਾਕਿਸਤਾਨ ਦੌਰੇ ਦੌਰਾਨ ਵੀ ਇਸ ਮੁੱਦੇ ਤੇ ਕਿਹਾ ਸੀ, ‘ ਜੰਮੂ-ਕਸ਼ਮੀਰ ਅਤੇ ਫ਼ਲਸਤੀਨ ਦੇ ਇਲਾਕੇ ਵਿੱਚ ਸਮਾਨਤਾ ਹੈ। ਦੋਵਾਂ ਸਥਾਨਾਂ ਤੇ ਨਾਗਰਿਕਾਂ ਦੇ ਮਾਨਵ ਅਧਿਕਾਰਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਸਾਡੀ ਮੰਗ ਹੈ ਕਿ ਦੋਵਾਂ ਜਗ੍ਹਾ ਦੇ ਨਾਗਰਿਕਾਂ ਨੂੰ ਆਪਣੇ ਫੈਂਸਲੇ ਲੈਣ ਦਾ ਅਧਿਕਾਰ ਖੁਦ ਮਿਲੇ। ਦੋਵਾਂ ਮਾਮਲਿਆਂ ਵਿੱਚ ਸੰਯੁਕਤ ਰਾਸ਼ਟਰ ਨੂੰ ਵੱਧ-ਚੜ੍ਹ ਕੇ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ।’
ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਵੋਲਕਾਨ ਬੋਜਿ਼ਕਰ ਨੇ ਵੀ ਹਾਲ ਹੀ ਵਿੱਚ ਆਪਣੇ ਪਾਕਿਸਤਾਨੀ ਦੌਰੇ ਸਮੇਂ ਵੀ ਕਿਹਾ ਸੀ ਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦਾ ਸਾਰਾ ਜਿੰਮਾ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਦੀ ਬਹਾਲੀ ਤੇ ਹੈ। ਇਸ ਦੇ ਲਈ ਜਰੂਰੀ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੇ ਅਨੁਸਾਰ ਕਸ਼ਮੀਰ ਦੀ ਸਮੱਸਿਆ ਦਾ ਹਲ ਕੱਢਿਆ ਜਾਵੇ।