ਅੰਮ੍ਰਿਤਸਰ – ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿਲੀ ਵਿਖੇ ਧਰਨਾ ਦੇ ਰਹੇ ਕਿਸਾਨਾਂ ਦੇ ਮਾਮਲੇ ਹੱਲ ਕਰਨ ਪ੍ਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੰਜੀਦਗੀ ਦਿਖਾਉਂਦਿਆਂ ਦਖ਼ਲ ਦੇਣ ਅਤੇ ਕਿਸਾਨ ਆਗੂਆਂ ਨਾਲ ਤੁਰੰਤ ਮੀਟਿੰਗਾਂ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ’ਚ ਹਿੱਸਾ ਲੈਣਾ ਤੇ ਰੋਸ ਵਿਖਾਵਾ ਕਰਨਾ ਹਰੇਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੋਰਚੇ ’ਚ ਸ਼ਾਮਿਲ ਹੋਣ ਤੋਂ ਰੋਕ ਕੇ ਹਰਿਆਣਾ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਸਿਖ਼ਰਾਂ ਛੂਹ ਰਹੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਹੋਣ ਤੋਂ ਨਹੀਂ ਰੋਕ ਸਕਦੀ । ਉਨ੍ਹਾਂ ਹਰਿਆਣਾ ਪੁਲੀਸ ਵੱਲੋਂ ਟਿਕਰੀ ਬਾਡਰ ਕੋਲ ਕਿਸਾਨ ਆਗੂ ਅਤੇ ਮਨੁੱਖੀ ਅਧਿਕਾਰ ਕਾਰਕੁਨ ਗੁਰਬਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੋਹਾਲੀ, ਸਾਹਿਬ ਸਿੰਘ ਭੁੱਲਰ, ਜੋਧ ਸਿੰਘ ਮੰਡ ਅਤੇ ਦਿਲਾਵਰ ਸਿੰਘ ਆਦਿ ਨੂੰ ਰੋਕ ਕੇ ਘੰਟੇ ਬਦੀ ਬਿਠਾਉਂਦੀਆਂ ਨਜਾਇਜ਼ ਹਿਰਾਸਤ ਵਿਚ ਲੈਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰਬਿੰਦਰ ਸਿੰਘ ਦਾ ਵੱਡਾ ਭਰਾ ਜਪਿੰਦਰ ਸਿੰਘ ਮੋਹਾਲੀ ਪਹਿਲਾਂ ਹੀ ਪੁਲੀਸ ਤਸ਼ੱਦਦ ਤੋਂ ਤੰਗ ਆ ਕੇ ਅਮਰੀਕਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਲ ਪੂਰਵਕ ਦਬਾ ਕੇ ਵੀ ਸਰਕਾਰ ਕਿਸਾਨੀ ਮੋਰਚੇ ਨੂੰ ਫੇਲ ਨਹੀਂ ਕਰ ਸਕੇਗੀ।